Punjab

6 ਸਾਲ ਦੇ ਉਦੇਵੀਰ ਦੇ ਮਾਮਲੇ ਵਿੱਚ ਵੱਡੀ ਕਾਰਵਾਈ !

ਬਿਊਰੋ ਰਿਪੋਰਟ : ਮਾਨਸਾ ਪੁਲਿਸ ਨੇ 6 ਸਾਲ ਦੇ ਉਦੇਵੀਰ ਦੇ ਕਾਤਲਾਂ ਨੂੰ ਫੜਨ ਦਾ ਦਾਅਵਾ ਕੀਤਾ ਹੈ। SSP ਨਾਨਕ ਸਿੰਘ ਨੇ ਦੱਸਿਆ ਹੈ ਕਿ ਗੋਲੀਕਾਂਡ ਵਿੱਚ ਸ਼ਾਮਲ ਤਿੰਨੋ ਮੁਲਜ਼ਮਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ । ਉਦੇਵੀਰ ਦਾ ਜਿਸ ਦੇਸੀ ਬੰਦੂਕ ਨਾਲ ਕਤਲ ਕੀਤਾ ਗਿਆ ਸੀ ਉਹ ਵੀ ਬਰਾਮਦ ਕਰ ਲਈ ਗਈ ਹੈ ਅਤੇ ਜਿਸ ਮੋਟਰ ਸਾਈਕਲ ਦੇ ਜ਼ਰੀਏ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਉਹ ਵੀ ਫੜੀ ਗਈ ਹੈ । ਜਿੰਨਾਂ ਤਿੰਨ ਮੁਲਜ਼ਮਾਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਉਨ੍ਹਾਂ ਦੇ ਨਾਂ ਹਨ ਸੇਵਕ ਸਿੰਘ,ਅੰਮ੍ਰਿਤ ਸਿੰਘ ਅਤੇ ਅਕਾਸ਼ਦੀਪ। ਸੇਵਕ ਸਿੰਘ ਇਸ ਵਿੱਚ ਮੁਖ ਮੁਲਜ਼ਮ ਹੈ ਜਿਸ ਨੇ ਕਤਲ ਦੀ ਪਲਾਨਿੰਗ ਤਿਆਰ ਕੀਤੀ ਸੀ । ਮਾਨਸਾ ਪੁਲਿਸ ਮੁਤਾਬਿਕ ਸੇਵਕ ਸਿੰਘ ਦੀ ਉਦੇਵੀਰ ਦੇ ਪਿਤਾ ਜਸਪ੍ਰੀਤ ਸਿੰਘ ਨਾਲ ਰੰਜਿਸ਼ ਸੀ ਜਿਸ ਦਾ ਉਹ ਬਦਲਾ ਲੈਣਾ ਚਾਉਂਦਾ ਸੀ । ਉਸ ਨੇ ਗੋਲੀ ਪਿਤਾ ਜਸਪ੍ਰੀਤ ਨੂੰ ਮਾਰਨੀ ਸੀ ਪਰ ਗਲਤੀ ਦੇ ਨਾਲ ਉਹ ਉਦੇਵੀਰ ਨੂੰ ਲੱਗ ਗਈ । ਪੁਲਿਸ ਨੇ ਇਸ ਪੂਰੇ ਕਤਲਕਾਂਡ ਵਿੱਚ ਅਸ਼ਲੀਲ ਹਰਕਤਾਂ ਬਾਰੇ ਵੀ ਵੱਡਾ ਖੁਲਾਸਾ ਕੀਤਾ ਹੈ ।

ਇਸ ਵਜ੍ਹਾ ਨਾਲ ਸੇਵਕ ਉਦੇਵੀਰ ਦੇ ਪਿਤਾ ਦਾ ਕਤਲ ਕਰਨਾ ਚਾਉਂਦਾ ਸੀ

ਸੇਵਕ ਸਿੰਘ ਉਦੇਵੀਰ ਦੇ ਪਿਤਾ ਜਸਪ੍ਰੀਤ ਸਿੰਘ ਦੇ ਰਿਸ਼ਤੇਦਾਰ ਬਲਬੀਰ ਸਿੰਘ ਦੇ ਘਰ ਸੀਰੀ ਦਾ ਕੰਮ ਕਰਦਾ ਸੀ । ਪੁਲਿਸ ਮੁਤਾਬਿਕ ਬਲਬੀਰ ਸਿੰਘ ਦੀ 11 ਸਾਲ ਦੀ ਧੀ ਦੇ ਨਾਲ ਸੇਵਕ ਸਿੰਘ ਅਸ਼ਲੀਲ ਹਰਕਤਾਂ ਕਰਦਾ ਸੀ । ਜਸਪ੍ਰੀਤ ਨੇ ਉਸ ਨੂੰ ਕਈ ਵਾਰ ਰੋਕਣ ਦੀ ਕੋਸ਼ਿਸ਼ ਕੀਤੀ। ਇਸ ਦੀ ਵਜ੍ਹਾ ਕਰਕੇ ਸੇਵਕ ਸਿੰਘ ਉਦੇਵੀਰ ਦੇ ਪਿਤਾ ਜਸਪ੍ਰੀਤ ਸਿੰਘ ਤੋਂ ਬਦਲਾ ਲੈਣਾ ਚਾਉਂਦਾ ਸੀ । ਉਸ ਨੇ ਆਪਣੇ 2 ਸਾਥੀਆਂ ਅੰਮ੍ਰਿਤ ਸਿੰਘ ਅਤੇ ਅਕਾਸ਼ਦੀਪ ਨਾਲ ਮਿਲਕੇ ਜਸਪ੍ਰੀਤ ਦੇ ਕਤਲ ਦਾ ਪਲਾਨ ਬਣਾਇਆ। ਵੀਰਵਾਰ ਰਾਤ ਨੂੰ ਜਦੋਂ ਜਸਪ੍ਰੀਤ ਆਪਣੀ ਧੀ ਅਤੇ ਪੁੱਤਰ ਉਦੇਵੀਰ ਨਾਲ ਗਲੀ ਵਿੱਚ ਸ਼ਾਮ 7 : 45 ‘ਤੇ ਜਾ ਰਿਹਾ ਸੀ ਤਾਂ ਸੇਵਕ ਸਿੰਘ ਆਪਣੇ ਸਾਥੀਆਂ ਦੇ ਨਾਲ ਮੋਟਰ ਸਾਇਕਲ ‘ਤੇ ਆਇਆ ਅਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ । ਇਸ ਦੌਰਾਨ ਉਦੇਵੀਰ ਨੂੰ ਗੋਲੀ ਲੱਗ ਗਈ ਅਤੇ ਉਸ ਦੀ ਮੌਤ ਹੋ ਗਈ ਜਦਕਿ ਉਸ ਦੀ ਭੈਣ ਨੂੰ ਗੋਲੀਆਂ ‘ਤੇ ਛਰੇ ਲੱਗੇ ਅਤੇ ਉਹ ਵੀ ਜ਼ਖ਼ਮੀ ਹੋ ਗਈ ਹੈ ਉਸ ਦਾ ਇਲਾਜ ਹਸਪਤਾਲ ਵਿੱਚ ਚੱਲ ਰਿਹਾ ਹੈ । ਪੁਲਿਸ ਨੂੰ ਜਦੋਂ ਪੁੱਛਿਆ ਗਿਆ ਕਿ ਜਸਪ੍ਰੀਤ ਨੇ ਸੇਵਕ ਸਿੰਘ ਵਲੋਂ ਮਿਲੀ ਧਮਕੀਆਂ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਸੀ ਤਾਂ SSP ਨਾਨਕ ਸਿੰਘ ਨੇ ਅਜਿਹੀ ਕੋਈ ਵੀ ਸ਼ਿਕਾਇਤ ਮਿਲਣ ਤੋਂ ਇਨਕਾਰ ਕਰ ਦਿੱਤਾ । ਪਰ ਉਨ੍ਹਾਂ ਨੇ ਕਿਹਾ ਕਿ ਉਹ ਇਸ ਚੀਜ਼ ਦੀ ਜਾਂਚ ਕਰਨਗੇ ਜੇਕਰ ਅਹਿਹੀ ਲਾਪਰਵਾਈ ਸਾਹਮਣੇ ਆਈ ਤਾਂ ਕਾਰਵਾਈ ਜ਼ਰੂਰ ਹੋਵੇਗੀ ।

ਸੇਵਕ ਸਿੰਘ ਦਾ ਸਾਥ ਦੇਣ ਆਏ ਅੰਮ੍ਰਿਤ ਸਿੰਘ ‘ਤੇ ਪਹਿਲਾਂ ਤੋਂ ਅਪਰਾਧਿਕ ਮੁਕਦਮੇ ਹਨ । ਐੱਸਐੱਸਪੀ ਨਾਨਕ ਸਿੰਘ ਮੁਤਾਬਿਕ ਅੰਮ੍ਰਿਤ ਸਿੰਘ ਦੇ ਖਿਲਾਫ 4 ਕੇਸ ਦਰਜ ਸਨ ਜਿੰਨਾਂ ਵਿੱਚੋਂ 2 ਵਿੱਚ ਉਸ ਨੂੰ ਸਜ਼ਾ ਮਿਲ ਚੁੱਕੀ ਹੈ । 1 ਵਿੱਚ ਉਹ ਬਰੀ ਹੋ ਗਿਆ ਸੀ ਜਦਕਿ 1 ਵਿੱਚ ਸੁਣਵਾਈ ਚੱਲ ਰਹੀ ਹੈ। ਪੁਲਿਸ ਨੇ ਸਾਰੇ ਮੁਲਜ਼ਮਾਂ ਦੇ ਖਿਲਾਫ਼ 302,307 ਅਤੇ ਹੋਰ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ ।