India

“ਸਾਨੂੰ ਅਤੀਤ ਨੂੰ ਲੈਕੇ ਛੋਟੀ ਸੋਚ ਹਟਾਉਣੀ ਹੋਵੇਗੀ” ਵੀਰ ਬਾਲ ਦਿਵਸ ‘ਤੇ ਬੋਲੇ PM ਮੋਦੀ, ਕਿਹਾ ਕਿ ਔਰੰਗਜੇਬ ਦੇ ਸਾਹਮਣੇ ਪਹਾੜ ਵਾਂਗ ਡੱਟੇ ਰਹੇ ਸ੍ਰੀ ਗੁਰੂ ਗੋਬਿੰਦ ਸਿੰਘ

ਨਵੀਂ ਦਿੱਲੀ : ਕੇਂਦਰ ਸਰਕਾਰ ਵਲੋਂ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਹਿ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ 26 ਦਸੰਬਰ ਨੂੰ “ਵੀਰ ਬਾਲ ਦਿਵਸ” ਦੇ ਰੂਪ ਵਿੱਚ ਮਨਾਇਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ 26 ਦਸੰਬਰ 2022 ਨੂੰ ਦਿੱਲੀ ਦੇ ਮੇਜਰ ਧਿਆਨਚੰਦ ਨੈਸ਼ਨਲ ਸਟੇਡੀਅਮ ਵਿੱਚ ‘ਵੀਰ ਬਾਲ ਦਿਵਸ’ ਦੇ ਮੌਕੇ ‘ਤੇ ਆਯੋਜਿਤ ਇੱਕ ਵਿਸ਼ੇਸ਼ ਪ੍ਰੋਗਰਾਮ ਵਿੱਚ ਸ਼ਾਮਲ ਹੋਏ। ਇਸ ਮੌਕੇ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਹਾਜ਼ਰ ਸਨ।

ਇਸ ਮੌਕੇ ਪੀਐੱਮ ਮੋਦੀ ਨੇ ਕਿਹਾ ਕਿ ਮੈਂ ਵੀਰ ਸਾਹਿਬਜ਼ਾਦਿਆਂ ਦੇ ਚਰਨਾਂ ਵਿੱਚ ਸੀਸ ਝੁਕਾਉਂਦਾ ਹਾਂ ਅਤੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰਦਾ ਹਾਂ। ਮੈਂ ਇਸ ਨੂੰ ਆਪਣੀ ਸਰਕਾਰ ਲਈ ਮਾਣ ਵਾਲੀ ਗੱਲ ਸਮਝਦਾ ਹਾਂ ਕਿ ਅੱਜ 26 ਦਸੰਬਰ ਦੇ ਦਿਨ ਨੂੰ ‘ਵੀਰ ਬਾਲ ਦਿਵਸ’ ਵਜੋਂ ਘੋਸ਼ਿਤ ਕਰਨ ਦਾ ਮੌਕਾ ਮਿਲਿਆ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਇੱਕ ਪਾਸੇ, ਧਾਰਮਿਕ ਕੱਟੜਤਾ ਵਿੱਚ ਅੰਨ੍ਹੀ ਹੋਈ ਇੰਨੀ ਵੱਡੀ ਮੁਗਲ ਸਲਤਨਤ, ਦੂਜੇ ਪਾਸੇ ਗਿਆਨ ਅਤੇ ਤਪੱਸਿਆ ਵਿੱਚ ਮਗਨ ਸਾਡੇ ਗੁਰੂ, ਭਾਰਤ ਦੀਆਂ ਪੁਰਾਤਨ ਮਨੁੱਖੀ ਕਦਰਾਂ-ਕੀਮਤਾਂ ਨੂੰ ਜਿਊਣ ਵਾਲੀ ਪਰੰਪਰਾ! ਇੱਕ ਪਾਸੇ ਦਹਿਸ਼ਤ ਦਾ ਸਿਖ਼ਰ ਤੇ ਦੂਜੇ ਪਾਸੇ ਰੂਹਾਨੀਅਤ ਦਾ ਸਿਖਰ !

ਇਸ ਸਭ ਦੇ ਵਿਚਕਾਰ ਇੱਕ ਪਾਸੇ ਲੱਖਾਂ ਦੀ ਫੌਜ ਅਤੇ ਦੂਜੇ ਪਾਸੇ ਗੁਰੂ ਜੀ ਦੇ ਬਹਾਦਰ ਸਾਹਿਬਜ਼ਾਦੇ ਇਕੱਲੇ ਹੁੰਦੇ ਹੋਏ ਵੀ ਨਿਡਰ ਹੋ ਕੇ ਖੜੇ ਸਨ! ਇਹ ਵੀਰ ਸਾਹਿਬਜ਼ਾਦੇ ਕਿਸੇ ਧਮਕੀ ਤੋਂ ਡਰੇ ਨਹੀਂ, ਕਿਸੇ ਅੱਗੇ ਝੁਕੇ ਨਹੀਂ।

ਵੀਰ ਬਾਲ ਦਿਵਸ ਦੇ ਮੌਕੇ ‘ਤੇ ਪੀਐੱਮ ਮੋਦੀ ਨੇ ਕਿਹਾ ਕਿ ਜੇਕਰ ਅਸੀਂ ਭਾਰਤ ਨੂੰ ਭਵਿੱਖ ਵਿੱਚ ਸਫਲਤਾ ਦੀਆਂ ਬੁਲੰਦੀਆਂ ‘ਤੇ ਲੈ ਕੇ ਜਾਣਾ ਹੈ, ਤਾਂ ਸਾਨੂੰ ਅਤੀਤ ਦੇ ਤੰਗ ਵਿਚਾਰਾਂ ਤੋਂ ਮੁਕਤ ਹੋਣਾ ਪਵੇਗਾ। ਇਸ ਲਈ ਆਜ਼ਾਦੀ ਦੇ ‘ਅੰਮ੍ਰਿਤ ਕਾਲ’ ਵਿੱਚ ਦੇਸ਼ ਨੇ ‘ਗੁਲਾਮੀ ਦੀ ਮਾਨਸਿਕਤਾ ਤੋਂ ਅਜ਼ਾਦੀ’ ਦਾ ਸਾਹ ਲਿਆ ਹੈ।

ਉਨ੍ਹਾਂ ਕਿਹਾ ਕਿ ਉਸ ਦੌਰ ਦੀ ਕਲਪਨਾ ਕਰੋ ! ਔਰੰਗਜ਼ੇਬ ਦੇ ਆਤੰਕ ਦੇ ਵਿਰੁੱਧ, ਭਾਰਤ ਨੂੰ ਬਦਲਣ ਦੀਆਂ ਯੋਜਨਾਵਾਂ ਦੇ ਵਿਰੁੱਧ, ਗੁਰੂ ਗੋਬਿੰਦ ਸਿੰਘ ਜੀ ਪਹਾੜ ਵਾਂਗ ਖੜ੍ਹੇ ਸਨ। ਪਰ ਔਰੰਗਜ਼ੇਬ ਅਤੇ ਉਸਦੀ ਸਲਤਨਤ ਦੀ ਜੋਰਾਵਰ ਸਿੰਘ ਸਹਿਬ ਅਤੇ ਫਤਿਹ ਸਿੰਘ ਸਹਿਬ ਵਰਗੇ ਛੋਟੇ ਬੱਚਿਆਂ ਨਾਲ ਕੀ ਦੁਸ਼ਮਣੀ ਹੋ ਸਕਦੀ ਸੀ?

ਦੋ ਮਾਸੂਮ ਬੱਚਿਆਂ ਨੂੰ ਜਿੰਦਾ ਕੰਧ ਨਾਲ ਚਿਣਵਾਉਣ ਵਰਗੀ ਦਰਿੰਦਗੀ ਕਿਉਂ ਕੀਤੀ ਗਈ? ਉਹ ਇਸ ਲਈ ਕਿਉਂਕਿ ਔਰੰਗਜ਼ੇਬ ਅਤੇ ਉਸਦੇ ਲੋਕ ਤਲਵਾਰ ਦੇ ਜ਼ੋਰ ‘ਤੇ ਗੁਰੂ ਗੋਬਿੰਦ ਸਿੰਘ ਜੀ ਦੇ ਬੱਚਿਆਂ ਦਾ ਧਰਮ ਬਦਲਣਾ ਚਾਹੁੰਦੇ ਸਨ। ਪਰ, ਭਾਰਤ ਦੇ ਉਹ ਪੁੱਤਰ, ਉਹ ਬਹਾਦਰ ਬੱਚੇ, ਮੌਤ ਤੋਂ ਵੀ ਨਹੀਂ ਘਬਰਾਏ।

ਸਮਾਗਮ ‘ਚ 300 ਬੱਚਿਆਂ ਦਾ ਗਰੁੱਪ ਸ਼ਬਦ ਕੀਰਤਨ ਕੀਤਾ ਗਿਆ ਅਤੇ 3 ਹਜ਼ਾਰ ਬੱਚਿਆਂ ਦੇ ਮਾਰਚ ਪਾਸਟ ਨੂੰ ਪ੍ਰਧਾਨਮੰਤਰੀ ਮੋਦੀ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ।

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਸ ਮੌਕੇ ‘ਤੇ ਕਿਹਾ ਕਿ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਦੀ ਮਿਸਾਲ ਕਦੇ ਕਿਤੇ ਨਹੀਂ ਮਿਲਦੀ। ਸਾਡੇ ਗੁਰੂਆਂ ਨੇ ਸਾਡੇ ਦਿਲਾਂ ਚ ਅਟੱਲ ਛਾਪ ਛੱਡੀ ਹੋਈ ਹੈ। ਮਾਨ ਨੇ ਕਿਹਾ ਕਿ ਅਸੀਂ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਹਿੰਮਤ, ਸਾਹਸ ਨੂੰ ਯਾਦ ਕਰਦੇ ਹਾਂ ਅਤੇ ਉਨ੍ਹਾਂ ਦੀਆਂ ਕੁਰਬਾਨੀਆਂ ਨੂੰ ਕਦੇ ਭੁੱਲ ਨਹੀਂ ਸਕਦੇ। ਮਾਨ ਨੇ ਕਿਹਾ ਕਿ ਕਿ ਸਾਹਿਬਜ਼ਾਦੇ ਪਾਪੀ ਵਜ਼ੀਰਖਾਨ ਅੱਗੇ ਝੁਕੇ ਸਗੋਂ ਉਸਦੇ ਅੱਗੇ ਖਲੋ ਕੇ ਬੋਲੇ ਸੋ ਨਿਹਾਲ ਦੇ ਜ਼ੈਕਾਰੇ ਛੱਡੇ।

ਮਾਨ ਨੇ ਕਿਹਾ ਕਿ ਸਾਹਿਬਜ਼ਾਦਿਆਂ ਨੂੰ ਵਜ਼ੀਰ ਖਾਨ ਦੁਆਰਾ ਲਾਲਚ ਦਿੱਤਾ ਗਿਆ, ਜਾਨੋ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਗਈ ਪਰ ਸਾਹਿਬਜ਼ਾਦਿਆਂ ਨੇ ਉਸਦੇ ਜ਼ੁਲਮਾਂ ਅੱਗੇ ਈਨ ਨਹੀਂ ਮੰਨੀ।