Punjab

ਅਗਲੇ 5 ਦਿਨਾਂ ’ਚ ਹੋਵੇਗਾ AAP ਪੰਜਾਬ ਦੇ ਬਾਕੀ ਉਮੀਦਵਾਰਾਂ ਦਾ ਐਲਾਨ, CM ਮਾਨ ਨੇ ਦਿੱਤੀ ਜਾਣਕਾਰੀ

the-announcement-of-the-rest-of-the-aap-punjab-candidates-will-be-made-in-the-next-5-days-cm-mann-informed

ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਜਲਦ ਹੀ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਵਿੱਚੋਂ 5 ਸੀਟਾਂ ਦਾ ਐਲਾਨ ਕਰਨ ਜਾ ਰਹੀ ਹੈ। ਪੰਜਾਬ ਲਈ ‘ਆਪ’ ਦੀ ਇਹ ਦੂਜੀ ਅਤੇ ਅੰਤਿਮ ਸੂਚੀ ਹੋਵੇਗੀ। ਇਸ ਤੋਂ ਪਹਿਲਾਂ ‘ਆਪ’ ਨੇ 8 ਸੀਟਾਂ ‘ਤੇ ਉਮੀਦਵਾਰਾਂ ਦਾ ਐਲਾਨ ਕੀਤਾ ਸੀ, ਜਿਨ੍ਹਾਂ ‘ਚੋਂ 5 ਪੰਜਾਬ ਸਰਕਾਰ ਦੇ ਮੌਜੂਦਾ ਮੰਤਰੀ ਅਤੇ ਸਾਬਕਾ ਵਿਧਾਇਕ ਕਾਂਗਰਸ ਛੱਡ ਕੇ ‘ਆਪ’ ‘ਚ ਸ਼ਾਮਲ ਹੋਏ ਸਨ। ਮੁੱਖ ਮੰਤਰੀ ਭਗਵੰਤ ਮਾਨ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਪੋਸਟ ਕਰਕੇ ਇਹ ਜਾਣਕਾਰੀ ਦਿੱਤੀ ਹੈ।

ਟਵੀਟ ਕਰਦਿਆਂ ਮਾਨ ਨੇ ਕਿਹਾ ਕਿ ਅਗਲੇ ਪੰਜ ਦਿਨਾਂ ‘ਚ ਆਮ ਆਦਮੀ ਪਾਰਟੀ ਵੱਲੋਂ ਬਾਕੀ ਪੰਜ ਲੋਕ ਸਭਾ ਦੀਆਂ ਟਿਕਟਾਂ ਦੇ ਉਮੀਦਵਾਰਾਂ ਦਾ ਐਲਾਨ ਕਰ ਦਿਤਾ ਜਾਵੇਗਾ।”

ਪੰਜਾਬ ਵਿੱਚ ਪਹਿਲੀ ਸੂਚੀ ਜਾਰੀ ਕਰਦਿਆਂ ਆਮ ਆਦਮੀ ਪਾਰਟੀ (ਆਪ) ਨੇ 13 ਲੋਕ ਸਭਾ ਸੀਟਾਂ ਲਈ 8 ਉਮੀਦਵਾਰਾਂ ਦਾ ਐਲਾਨ ਕੀਤਾ ਸੀ। ਪਹਿਲੀ ਸੂਚੀ ਵਿੱਚ 5 ਮੰਤਰੀਆਂ ਨੂੰ ਲੋਕ ਸਭਾ ਉਮੀਦਵਾਰ ਬਣਾਇਆ ਗਿਆ ਸੀ। ਇਨ੍ਹਾਂ ਵਿੱਚ ਅੰਮ੍ਰਿਤਸਰ ਤੋਂ ਮੰਤਰੀ ਕੁਲਦੀਪ ਧਾਲੀਵਾਲ, ਖਡੂਰ ਸਾਹਿਬ ਤੋਂ ਮੰਤਰੀ ਲਾਲਜੀਤ ਭੁੱਲਰ, ਬਠਿੰਡਾ ਤੋਂ ਮੰਤਰੀ ਗੁਰਮੀਤ ਸਿੰਘ ਖੁੱਡੀਆਂ, ਸੰਗਰੂਰ ਤੋਂ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਅਤੇ ਪਟਿਆਲਾ ਤੋਂ ਮੰਤਰੀ ਡਾ: ਬਲਬੀਰ ਸਿੰਘ ਸ਼ਾਮਲ ਹਨ।

‘ਆਪ’ ਨੇ ਜਲੰਧਰ (ਰਿਜ਼ਰਵ) ਤੋਂ ਮੌਜੂਦਾ ਸੰਸਦ ਮੈਂਬਰ ਸੁਸ਼ੀਲ ਰਿੰਕੂ ‘ਤੇ ਮੁੜ ਭਰੋਸਾ ਪ੍ਰਗਟਾਇਆ ਹੈ। ਉਹ ਜਲੰਧਰ ਤੋਂ ‘ਆਪ’ ਦੇ ਸੰਸਦ ਮੈਂਬਰ ਹਨ। ਜਲੰਧਰ ਤੋਂ ਕਾਂਗਰਸ ਦੇ ਸਾਂਸਦ ਰਹੇ ਸੰਤੋਖ ਚੌਧਰੀ ਦੀ ਮੌਤ ਤੋਂ ਬਾਅਦ ਰਿੰਕੂ ਨੇ ਕਾਂਗਰਸ ਛੱਡ ਕੇ ‘ਆਪ’ ਤੋਂ ਜ਼ਿਮਨੀ ਚੋਣ ਲੜੀ ਸੀ ਅਤੇ ਜਿੱਤੇ ਸਨ। 5 ਦਿਨ ਪਹਿਲਾਂ ਕਾਂਗਰਸ ਛੱਡ ਕੇ ‘ਆਪ’ ‘ਚ ਸ਼ਾਮਲ ਹੋਏ ਗੁਰਪ੍ਰੀਤ ਸਿੰਘ ਜੀਪੀ ਨੂੰ ਫਤਿਹਗੜ੍ਹ ਸਾਹਿਬ (ਰਿਜ਼ਰਵ) ਤੋਂ ਟਿਕਟ ਦਿੱਤੀ ਗਈ ਹੈ। ਉਨ੍ਹਾਂ ਨੇ ਕਾਂਗਰਸ ‘ਚ ਅਨੁਸ਼ਾਸਨ ਦੀ ਕਮੀ ਦਾ ਦੋਸ਼ ਲਗਾਉਂਦੇ ਹੋਏ ਪਾਰਟੀ ਬਦਲ ਲਈ ਸੀ।

ਫਰੀਦਕੋਟ (ਰਿਜ਼ਰਵ) ਤੋਂ ਸਭ ਤੋਂ ਦਿਲਚਸਪ ਉਮੀਦਵਾਰ ਕਰਮਜੀਤ ਅਨਮੋਲ ਹਨ। ਅਨਮੋਲ ਇੱਕ ਪੰਜਾਬੀ ਅਭਿਨੇਤਾ ਹੈ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਬਹੁਤ ਕਰੀਬੀ ਮੰਨੇ ਜਾਂਦੇ ਹਨ। ਪਹਿਲਾਂ ਚਰਚਾ ਸੀ ਕਿ ਉਨ੍ਹਾਂ ਨੂੰ ਸੀਐਮ ਭਗਵੰਤ ਮਾਨ ਦੀ ਪੁਰਾਣੀ ਲੋਕ ਸਭਾ ਸੀਟ ਸੰਗਰੂਰ ਤੋਂ ਉਮੀਦਵਾਰ ਬਣਾਇਆ ਜਾਵੇਗਾ। ਅਜਿਹਾ ਇਸ ਲਈ ਕਿਉਂਕਿ ਇਹ ਸੀਟ ‘ਆਪ’ ਲਈ ਸੁਰੱਖਿਅਤ ਮੰਨੀ ਜਾਂਦੀ ਸੀ। ਹਾਲਾਂਕਿ ਉਨ੍ਹਾਂ ਨੂੰ ਕਿਸੇ ਹੋਰ ਖੇਤਰ ਤੋਂ ਟਿਕਟ ਦਿੱਤੀ ਗਈ ਸੀ।