India Punjab

ਸਿੱਧੂ ਮੂਸੇਵਾਲਾ ਦੇ ਪਿਤਾ ਨੇ ਦੱਸਿਆ ਕਿੱਥੇ ਕਰਵਾਇਆ IVF ! ਨੋਟਿਸ ਦੇਣ ਵਾਲੇ ਅਫ਼ਸਰ ਖਿਲਾਫ ਸਖਤ ਕਾਰਵਾਈ !

ਬਿਉਰੋ ਰਿਪੋਰਟ : ਸਿੱਧੂ ਮੂਸੇਵਾਲਾ ਦੀ ਮਾਂ ਚਰਨ ਕੌਰ ਦਾ IVF ਭਾਰਤ ਵਿੱਚ ਨਹੀਂ ਵਿਦੇਸ਼ ਵਿੱਚ ਹੋਇਆ ਸੀ । ਪਿਤਾ ਬਲਕੌਰ ਸਿੰਘ ਨੇ ਆਪ ਆਕੇ ਇਸ ਦੀ ਪੁਸ਼ਟੀ ਕੀਤੀ ਹੈ । ਪਹਿਲਾਂ ਸਿਰਫ਼ ਕਿਆਸ ਲਗਾਏ ਜਾ ਰਹੇ ਸਨ । ਪਿਤਾ ਨੇ ਦੱਸਿਆ IVF ਦਾ ਪੂਰਾ ਪ੍ਰੋਸੈਸ 3 ਮਹੀਨੇ ਚੱਲਿਆ ਹੈ,ਅਸੀਂ ਵਿਦੇਸ਼ ਤੋਂ ਆਉਣ ਤੋਂ ਬਾਅਦ ਸਰਕਾਰੀ ਹਸਪਤਾਲ ਵਿੱਚ ਰਜਿਸਟ੍ਰੇਸ਼ਨ ਵੀ ਕਰਵਾਇਆ ਸੀ । ਮਾਹਿਰਾ ਮੁਤਾਬਿਕ 2022 ਵਿੱਚ ਲਾਗੂ ਨਵੇਂ ਕਾਨੂੰਨ ਵਿੱਚ ਜੇਕਰ ਕੋਈ ਔਰਤ ਵਿਦੇਸ਼ ਵਿੱਚ IVF ਤਕਨੀਕ ਨਾਲ ਗਰਭਵਤੀ ਹੁੰਦੀ ਹੈ ਤਾਂ ਉਹ ਭਾਰਤ ਵਿੱਚ IVF ਦੀ ਤੈਅ 50 ਸਾਲ ਦੀ ਉਮਰ ਤੋਂ ਜ਼ਿਆਦਾ ਹੋਣ ‘ਤੇ ਵੀ ਡਿਲੀਵਰੀ ਕਰਵਾ ਸਕਦੀ ਹੈ । ਇਸੇ ਵਜ੍ਹਾ ਨਾਲ ਮੂਸੇਵਾਲਾ ਦੇ ਮਾਪਿਆਂ ਨੇ ਇਹ ਤਕਨੀਕ ਵਿਦੇਸ਼ ਵਿੱਚ ਕਰਵਾਈ ਹੈ । ਅਜਿਹੇ ਵਿੱਚ ਉਨ੍ਹਾਂ ‘ਤੇ ਭਾਰਤੀ ਕਾਨੂੰਨ ਲਾਗੂ ਨਹੀਂ ਹੁੰਦਾ ਹੈ । ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਐੱਚਐੱਸ ਫੂਲਕਾ ਨੇ ਵੀ ਪਿਤਾ ਬਲਕੌਰ ਸਿੰਘ ਨੂੰ ਸੋਸ਼ਲ ਮੀਡੀਆ ‘ਤੇ ਡੈਗ ਕਰਦੇ ਹੋ ਲਿਖਿਆ ਹੈ ਕਿ IVF ਦੀ ਉਮਰ ਤੈਅ ਕਰਨ ਦੇ ਲਈ ਬਣਿਆ ਕਾਨੂੰਨ ਸਿਰਫ਼ ਕਲੀਨਿਕਾਂ ‘ਤੇ ਲਾਗੂ ਹੁੰਦਾ ਹੈ ਇਸ ਦੀ ਸੇਵਾ ਲੈਣ ਵਾਲਿਆਂ ‘ਤੇ ਨਹੀਂ ਲਾਗੂ ਹੁੰਦਾ ਹੈ । ਇਸ ਤੋਂ ਇਲਾਵਾ ਜਿਸ ਜਿੰਦਲ ਹਸਪਤਾਲ ਵਿੱਚ ਮੂਸੇਵਾਲਾ ਦੇ ਛੋਟੇ ਭਰਾ ਦੀ ਡਿਲੀਵਰੀ ਹੋਈ ਹੈ ਉਨ੍ਹਾਂ ਦਾ ਬਿਆਨ ਵੀ ਸਾਹਮਣੇ ਆਇਆ ਹੈ । ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਦੇ ਪੱਤਰ ‘ਤੇ ਬਿਨਾਂ ਸਲਾਹ ਲਏ ਕਾਰਵਾਈ ਕਰਨ ‘ਤੇ ਪ੍ਰਿੰਸੀਪਲ ਸਕੱਤਰ ਹੈਲਥ ਅਤੇ ਫੈਮਲੀ ਵਿਭਾਗ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ ।

ਪ੍ਰਿੰਸੀਪਲ ਸਕੱਤਰ ਹੈਲਥ ਖਿਲਾਫ ਕਾਰਵਾਈ

ਪੰਜਾਬ ਸਰਕਾਰ ਦੇ ਸਪੈਸ਼ਲ ਸਕੱਤਰ ਪਰਸਨਲ ਵੱਲੋਂ ਅਜੋਏ ਸ਼ਰਮਾ, ਪ੍ਰਿੰਸੀਪਲ ਸਕੱਤਰ,ਹੈਲਥ ਅਤੇ ਫੈਮਿਲੀ ਵੈਲਫੇਅਰ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ । ਪੁੱਛਿਆ ਗਿਆ ਹੈ ਕਿ ਕੇਂਦਰ ਸਰਕਾਰ ਵੱਲੋਂ 14 ਮਾਰਚ ਨੂੰ ਮਾਤਾ ਚਰਨ ਕੌਰ ਦੇ IVF ਬਾਰੇ ਜਿਹੜੀ ਜਾਣਕਾਰੀ ਪੱਤਰ ਰਾਹੀ ਮੰਗੀ ਗਈ ਸੀ ਇਸ ਬਾਰੇ ਤੁਸੀਂ ਸਿਹਤ ਮੰਤਰੀ ਅਤੇ ਮੁੱਖ ਮੰਤਰੀ ਨੂੰ ਜਾਣਕਾਰੀ ਕਿਉਂ ਨਹੀਂ ਦਿੱਤੀ ਹੈ । ਤੁਸੀਂ ਸਿੱਧੀ ਕੇਂਦਰ ਸਰਕਾਰ ਦੇ ਨੋਟਿਸ ‘ਤੇ ਕਾਰਵਾਈ ਸ਼ੁਰੂ ਕਰ ਦਿੱਤੀ ਤੁਸੀਂ ਉਨ੍ਹਾਂ ਦੇ ਦਿਸ਼ਾ-ਨਿਰਦੇਸ਼ ਲੈਣਾ ਵੀ ਜ਼ਰੂਰੀ ਨਹੀਂ ਸਮਝਿਆ । ਇਹ ਬਹੁਤ ਹੀ ਸੰਜੀਦਾ ਲਾਪਰਵਾਹੀ ਹੈ,ਤੁਸੀਂ ਸਾਨੂੰ 2 ਹਫਤੇ ਦੇ ਅੰਦਰ ਜਵਾਬ ਦਿਉ ਨਹੀਂ ਤਾਂ ਤੁਹਾਡੇ ਖਿਲਾਫ ਆਲ ਇੰਡੀਆ ਸਰਵਿਸ ਨਿਯਮ 1969 ਅਧੀਨ ਕਾਰਵਾਈ ਕੀਤੀ ਜਾਵੇ।

ਭਾਰਤ ਵਿੱਚ Assisted Reproductive Technology (regulation) act 2021 ਦੇ ਸੈਕਸ਼ਨ 21 ਮੁਤਾਬਿਕ 21 ਤੋਂ 50 ਸਾਲ ਦੀਆਂ ਔਰਤਾਂ ਹੀ IVF ਕਰਵਾ ਸਕਦੀਆਂ ਹਨ ਜਦਕਿ ਪੁਰਸ਼ਾ ਦੀ ਉਮਰ 55 ਸਾਲ ਤੱਕ ਹੈ । ਉਧਰ ਬਠਿੰਡਾ ਦੇ ਜ਼ਿੰਦਰ ਹਰਟ ਇੰਸਟੀਟਿਊਟ ਐਂਡ IVF ਸੈਂਟਰ ਦਾ ਬਿਆਨ ਸਾਹਮਣੇ ਆਇਆ ਹੈ,ਜਿੱਥੇ ਮਾਤਾ ਚਰਨ ਕੌਰ ਦੀ ਡਿਲੀਵਰੀ ਹੋਈ ਸੀ । ਡਾਇਰੈਕਟਰ ਰਾਜੇਸ਼ ਜਿੰਦਲ ਨੇ ਕਿਹਾ ਸਾਨੂੰ ਨਹੀਂ ਪਤਾ ਹੈ ਕਿ ਮਾਤਾ ਚਰਨ ਕੌਰ ਨੇ ਕਿੱਥੋਂ IVF ਕਰਵਾਇਆ ਸੀ । ਜਦੋਂ ਉਹ ਸਾਡੇ ਕੋਲ ਆਏ ਸਨ ਉਹ ਗਰਭਵਤੀ ਸਨ,ਉਨ੍ਹਾਂ ਦਾ ਧਿਆਨ ਰੱਖਣਾ ਸਾਡੀ ਜ਼ਿੰਮੇਵਾਰੀ ਸੀ,ਭਾਵੇਂ ਉਹ 50 ਸਾਲ ਤੋਂ ਵੱਧ ਹਨ,ਇਹ ਪੂਰੀ ਤਰ੍ਹਾਂ ਨਾਲ ਕਾਨੂੰਨੀ ਹੈ ।