ਦਿੱਲੀ : ਕਈ ਵਾਰ ਖ਼ਬਰਾਂ ਵਿੱਚ ਰਹਿਣ ਵਾਲੀ ਏਅਰ ਇੰਡੀਆ ਨਾਲ ਸੰਬੰਧਿਤ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ। ਏਅਰ ਇੰਡੀਆ ਦੀ ਦਿੱਲੀ ਤੋਂ ਲੰਡਨ ਜਾਣ ਵਾਲੀ ਫਲਾਈਟ AI-111 ਹਵਾਈ ਅੱਡੇ ਤੋਂ ਉਡਾਣ ਭਰਨ ਤੋਂ ਤੁਰੰਤ ਬਾਅਦ ਵਾਪਸ ਪਰਤਣਾ ਪਿਆ ਹੈ।
ਏਅਰ ਇੰਡੀਆ ਨੇ ਸਾਰੇ ਮਾਮਲੇ ਦੀ ਪੁਸ਼ਟੀ ਕਰਦਿਆਂ ਦੱਸਿਆ ਹੈ ਕਿ ਇਕ ਯਾਤਰੀ ਦਾ ਫਲਾਈਟ ਦੇ ਕਰੂ ਮੈਂਬਰਾਂ ਨਾਲ ਝਗੜਾ ਹੋਇਆ ਸੀ, ਜਿਸ ਤੋਂ ਬਾਅਦ ਇਹ ਕਦਮ ਚੁੱਕਣਾ ਪਿਆ ਤੇ ਜਹਾਜ਼ ਨੂੰ ਵਾਪਸ ਦਿੱਲੀ ਹਵਾਈ ਅੱਡੇ ਤੇ ਲਿਆਂਦਾ ਗਿਆ ਤੇ ਉਸ ਯਾਤਰੀ ਨੂੰ ਫਲਾਈਟ ਚੋਂ ਉਤਾਰੇ ਜਾਣ ਤੋਂ ਬਾਅਦ ਉਡਾਨ ਦੁਬਾਰਾ ਲੰਡਨ ਲਈ ਰਵਾਨਾ ਹੋਈ।
ਏਅਰਲਾਈਨ ਨੇ ਇਸ ਘਟਨਾ ਨੂੰ ਲੈ ਕੇ ਦਿੱਲੀ ਏਅਰਪੋਰਟ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਜਿਸ ਤੋਂ ਬਾਅਦ ਯਾਤਰੀ ਫਿਲਹਾਲ ਦਿੱਲੀ ਏਅਰਪੋਰਟ ‘ਤੇ ਸਥਿਤ ਪੁਲਸ ਸਟੇਸ਼ਨ ‘ਚ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਏਅਰ ਇੰਡੀਆ ਦੇ ਜਹਾਜ਼ਾਂ ‘ਚ ਹੋਈਆਂ ਕੁੱਝ ਘਟਨਾਵਾਂ ਕਾਰਨ ਕਾਫੀ ਹੰਗਾਮਾ ਹੋਇਆ ਸੀ। ਇਨ੍ਹਾਂ ਵਿੱਚੋਂ ਇੱਕ ਘਟਨਾ ਏਅਰ ਇੰਡੀਆ ਦੀ ਨਿਊਯਾਰਕ-ਨਵੀਂ ਦਿੱਲੀ ਫਲਾਈਟ ਵਿੱਚ ਵਾਪਰੀ। ਜਿਸ ਦੌਰਾਨ ਸ਼ਰਾਬੀ ਵਿਅਕਤੀ ਨੇ ਕਥਿਤ ਤੌਰ ‘ਤੇ 70 ਸਾਲਾ ਮਹਿਲਾ ਸਹਿ-ਯਾਤਰੀ ‘ਤੇ ਪਿਸ਼ਾਬ ਕਰ ਦਿੱਤਾ ਸੀ। ਇਹ ਮਾਮਲਾ ਹੁਣ ਸੁਪਰੀਮ ਕੋਰਟ ਤੱਕ ਪਹੁੰਚ ਗਿਆ ਹੈ।