Punjab

ਇਸ ਭਰਤੀ ‘ਚ ਘੁਟਾਲੇ ‘ਚ ਵਿਜੀਲੈਂਸ ਨੇ ਸਿੱਖਿਆ ਵਿਭਾਗ ਦੇ 8 ਕਲਰਕ ਕੀਤੇ ਤਲਬ

In this recruitment scam, vigilance summoned 8 clerks of the education department

ਚੰਡੀਗੜ੍ਹ : ਸਿੱਖਿਆ ਵਿਭਾਗ ਵਿੱਚ 2008 ਵਿੱਚ ਭਰਤੀ ਕੀਤੇ ਗਏ ‘ਟੀਚਿੰਗ ਫ਼ੈਲੋਜ਼ ‘ ( Scam in the recruitment of teaching fellows )  ਵੀ ਭਰਤੀ ਵਿਚ ਹੋਏ ਭ੍ਰਿਸ਼ਟਾਚਾਰ ਦੇ ਦਰਜ ਮਾਮਲੇ ਵਿੱਚ ਵਿਜੀਲੈਂਸ ਵਿਭਾਗ ਪੰਜਾਬ ਵੱਲੋਂ ਜ਼ਿਲ੍ਹਾ ਗੁਰਦਾਸਪੁਰ ਦੇ ਸਿੱਖਿਆ ਵਿਭਾਗ ਦੇ 8 ਕਰਮਚਾਰੀਆਂ ਨੂੰ ਮੋਹਾਲੀ ਦਫ਼ਤਰ ਵਿਖੇ ਪੇਸ਼ ਹੋਣ ਲਈ ਤਲਬ ਕੀਤਾ ਗਿਆ ਹੈ। ਵਿਜੀਲੈਂਸ ਵਿਭਾਗ ਮੋਹਾਲੀ ਦੇ ਡੀ ਐਸ ਪੀ ਤੇਜਿੰਦਰਪਾਲ ਸਿੰਘ ਵੱਲੋਂ ਜ਼ਿਲਾ ਸਿੱਖਿਆ ਅਫਸਰ ਨੂੰ ਇਨ੍ਹਾਂ 8 ਕਰਮਚਾਰੀਆਂ ਸਮੇਤ ਮੌਜੂਦਾ ਸਹਾਇਕ ਭਰਤੀ ਸੀਟ ਦਾ 12 ਅਪ੍ਰੈਲ ਨੂੰ ਵਿਜੀਲੈਂਸ ਪੰਜਾਬ ਦੇ ਮੋਹਾਲੀ ਦਫ਼ਤਰ ਵਿਖੇ ਪੇਸ਼ ਹੋਣਾ ਯਕੀਨੀ ਬਣਾਉਣ ਲਈ ਪੱਤਰ ਲਿਖਿਆ ਗਿਆ ਹੈ।

ਇਸ ਪੱਤਰ ਦੇ ਨਾਲ ਸਬੰਧਤ 8 ਕਰਮਚਾਰੀਆਂ ਦੀ ਲਿਸਟ ਵੀ ਵਿਜੀਲੈਂਸ ਵੱਲੋਂ ਸਿੱਖਿਆ ਅਧਿਕਾਰੀ ਨੂੰ ਭੇਜੀ ਗਈ ਹੈ ਜਿਨ੍ਹਾਂ ਵਿੱਚ ਤਿੰਨ ਜੂਨੀਅਰ ਸਹਾਇਕ ਅਤੇ ਪੰਜ ਸੀਨੀਅਰ ਸਹਾਇਕ ਸ਼ਾਮਲ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਸਾਰੇ ਪੰਜ ਦੇ ਪੰਜ ਸੀਨੀਅਰ ਸਹਾਇਕ ਸੇਵਾ ਮੁਕਤ ਵੀ ਹੋ ਚੁੱਕੇ ਹਨ।

ਸਿੱਖਿਆ ਵਿਭਾਗ ਦੇ ਭਰੋਸੇ ਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਵਿਭਾਗ ਵੱਲੋਂ 2007_ 2008 ਵਿਚ ‘ਟੀਚਿੰਗ ਫ਼ੈਲੋਜ਼’ ਦੀ ਭਰਤੀ ਵਿਚ ਹੋਈ ਘਪਲੇਬਾਜ਼ੀ ਨਾਲ ਸਬੰਧਤ ਮਾਮਲਾ ਹਾਈ ਕੋਰਟ ਵਿੱਚ ਪਹੁੰਚਣ ਤੋਂ ਬਾਅਦ ਹਾਈ ਕੋਰਟ ਦੇ ਨਿਰਦੇਸ਼ਾਂ ਤੇ 14 ਜਨਵਰੀ 2019 ਨੂੰ ਉਦੋਂ ਦੇ ਸਿੱਖਿਆ ਸਕੱਤਰ ਵੱਲੋਂ ਦਰਜ ਕਰਵਾਇਆ ਗਿਆ ਸੀ।

ਸਿੱਖਿਆ ਵਿਭਾਗ ਵੱਲੋਂ 2007 ਵਿਚ 9998 ਟੀਚਿੰਗ ਫ਼ੈਲੋ ਭਰਤੀ ਕਰਨ ਸਬੰਧੀ ਕਾਰਵਾਈ ਸ਼ੁਰੂ ਕੀਤੀ ਗਈ ਸੀ। ਸਿਰਫ 5000 ਰੁਪਏ ਮਹੀਨਾ ਤੇ ਰੱਖੇ ਗਏ ਟੀਚਿੰਗ ਫ਼ੈਲੋਜ਼ ਦੀ ਭਰਤੀ ਜ਼ਿਲ੍ਹਾ ਸਿਖਿਆ ਅਫ਼ਸਰ ਦੇ ਪੱਧਰ ‘ਤੇ ਬਣੀਆਂ ਕਮੇਟੀਆਂ ਵਲੋਂ ਹੀ ਕੀਤੀ ਗਈ ਸੀ। ਕਰੀਬ ਦੋ ਸਾਲ ਤਕ ਚੱਲੀ ਇਸ ਭਰਤੀ ਤਹਿਤ ਸੂਬੇ ਭਰ ਵਿਚ 8813 ਅਧਿਆਪਕ ਭਰਤੀ ਕੀਤੇ ਗਏ ਸਨ।

ਸੂਤਰਾਂ ਅਨੁਸਾਰ ਪ੍ਰਭਾਵਸ਼ਾਲੀ ਪਹੁੰਚ ਰੱਖਣ ਵਾਲੇ ਕੁੱਝ ਅਧਿਅਪਾਕਾਂ ਨੇ ਅਧਿਆਪਕ ਬਣਨ ਲਈ ਰਾਤੋ-ਰਾਤ ਪ੍ਰਾਈਵੇਟ ਸਕੂਲਾਂ ਤੋਂ ਜਾਅਲੀ ਤਜ਼ਰਬਾ ਸਰਟੀਫ਼ਿਕੇਟ ਹਾਸਲ ਕਰ ਕੇ ਨੌਕਰੀਆਂ ਹਾਸਲ ਕਰ ਲਈਆਂ ਸਨ। ਹਾਲਾਂਕਿ ਬਾਅਦ ਵਿਚ ਇਸ ਘਪਲੇ ਦੀ ਪਰਤ ਖੁਲ੍ਹ ਜਾਣ ‘ਤੇ ਸਿਖਿਆ ਵਿਭਾਗ ਵਲੋਂ ਅਪਣੇ ਪੱਧਰ ‘ਤੇ ਮਾਮਲੇ ਦੀ ਪੜਤਾਲ ਕਰਵਾਈ ਗਈ ਸੀ। ਇਸ ਪੜਤਾਲ ‘ਚ ਕਥਿਤ ਤੋਰ ‘ਤੇ ਦੋਸ਼ੀ ਪਾਏ ਜਾਣ ਵਾਲੇ ਸੈਂਕੜੇ ਅਧਿਆਪਕਾਂ ਨੂੰ ਸਾਲ 2010 ਵਿਚ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ ਸੀ‌।

ਸਿੱਖਿਆ ਵਿਭਾਗ ਦੇ ਭਰੋਸੇਯੋਗ ਸੂਤਰਾਂ ਅਨੁਸਾਰ ਇਸ ਦੇ ਬਾਵਜੂਦ ਸਬੰਧਤ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਮਿਲੀ ਭੁਗਤ ਨਾਲ ‌ਕੁਝ ਜਾਲੀ ਤਜ਼ਰਬਾ ਸਰਟੀਫਿਕੇਟ ਹਾਸਲ ਕਰਨ ਵਾਲੇ ਅਧਿਆਪਕ ਅਹੁਦੇ ਤੇ ਕੰਮ ਕਰਦੇ ਰਹੇ ਸਨ।

ਬਾਅਦ ਵਿੱਚ ਮਾਮਲਾ ਅਦਾਲਤ ਦੇ ਧਿਆਨ ਵਿੱਚ ਆਉਣ ਤੋਂ ਬਾਅਦ ਅਦਾਲਤ ਨੇ ਇਸ ਮਾਮਲੇ ਦੀ ਸੁਣਵਾਈ ਦੌਰਾਨ ਗੰਭੀਰਤਾ ਨੂੰ ਦੇਖਦੇ ਹੋਏ ਤਜਰਬਾ ਸਰਟੀਫ਼ਿਕੇਟਾਂ ਦੇ ਆਧਾਰ ‘ਤੇ ਅਧਿਆਪਕ ਬਣਨ ਵਾਲੇ ਸਮੂਹ ਪ੍ਰਾਰਥੀਆਂ ਦੇ ਤਜਰਬਾ ਸਰਟੀਫ਼ਿਕੇਟ ਦੀ ਪੜਤਾਲ ਦੇ ਵਿਜੀਲੈਂਸ ਨੂੰ ਹੁਕਮ ਦਿੱਤੇ ਸਨ।

ਹੁਣ ਇਸੇ ਮਾਮਲੇ ਦੀ ਜਾਂਚ ਦੇ ਸਿਲਸਿਲੇ ਵਿਚ ਸਿੱਖਿਆ ਵਿਭਾਗ ਦੇ ਜ਼ਿਲ੍ਹਾ ਗੁਰਦਾਸਪੁਰ ਨਾਲ ਸਬੰਧਤ 8 ਕਰਮਚਾਰੀਆਂ ਅਤੇ ਮੌਜੂਦਾ ਸਹਾਇਕ ਭਰਤੀ ਸੀਟ ਨੂੰ ਵਿਜੀਲੈਂਸ ਵੱਲੋਂ 12 ਅਪ੍ਰੈਲ ਨੂੰ ਤਲਬ ਕੀਤਾ ਗਿਆ ਹੈ।

ਪਹਿਲਾਂ ਜਦੋਂ ਇਸ ਸਬੰਧ ਵਿਚ ਜ਼ਿਲ੍ਹਾ ਸਿੱਖਿਆ ਅਧਿਕਾਰੀ ਅਮਰਜੀਤ ਸਿੰਘ ਭਾਟੀਆ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਪੱਤਰ ਮਿਲਣ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਵਿਜੀਲੈਂਸ ਵੱਲੋਂ ਭੇਜੀ ਗਈ ਕਰਮਚਾਰੀਆਂ ਦੀ ਲਿਸਟ ਅਨੁਸਾਰ ਸਬੰਧਤ 8 ਕਰਮਚਾਰੀਆਂ ਅਤੇ ਮੌਜੂਦਾ ਭਰਤੀ ਸਹਾਇਕ ਨੂੰ ਵਿਜੀਲੈਂਸ ਦਫ਼ਤਰ ਵਿਖੇ 12 ਅਪ੍ਰੈਲ ਨੂੰ ਪੇਸ਼ ਹੋਣ ਦੀ ਸੂਚਨਾ ਦੇ ਦਿੱਤੀ ਗਈ ਹੈ।