ਪੰਜਾਬ ਦੀਆਂ ਸੜ੍ਹਕਾਂ ਹੁਣ ਖੂਨੀ ਸੜ੍ਹਕਾਂ ਬਣਦੀਆਂ ਜਾ ਰਹੀਆਂ ਹਨ। ਆਏ ਦਿਨ ਸੜਕ ਹਾਦਸਿਆਂ ਕਾਰਨ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਜਿਸ ਕਾਰਨ ਹੁਣ ਤੱਕ ਕਈ ਲੋਕ ਆਪਣੀਆਂ ਜਾ ਨਾਂ ਗਵਾ ਚੁੱਕੇ ਹਨ। ਇਸੇ ਦੌਰਾਨ ਤਰਨਤਾਰਨ ਜਿਲ੍ਹੇ ਤੋਂ ਇੱਕ ਦੁਖਦਾਈ ਖ਼ਬਰ ਸਾਹਮਣੇ ਆਈ ਹੈ ਜਿੱਥੇ ਸੰਘਣੀ ਧੁੰਦ ਕਾਰਨ ਇੱਕ ਭਿਆਨਕ ਸੜਕ ਹਾਦਸੇ ਵਿੱਚ 2 ਜਣਿਆਂ ਦੀ ਮੌਤ ਹੋ ਗਈ ਹੈ।
ਸਕੂਲੀ ਬੱਸ ਅਤੇ ਟਰੱਕ ਦੀ ਟੱਕਰ ਵਿੱਚ ਸਕੂਲੀ ਵਿਦਿਆਰਥੀ ਅਤੇ ਬੱਸ ਚਾਲਕ ਦੀ ਮੌਤ ਹੋ ਗਈ ਹੈ। ਕਈ ਬੱਚਿਆਂ ਨੂੰ ਸੱਟਾਂ ਲੱਗੀਆਂ ਹਨ, ਜਿਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਜਾਣਕਾਰੀ ਅਨੁਸਾਰ ਹਾਦਸਾ ਪਿੰਡ ਓਸਮਾ ਵਿਖੇ ਵਾਪਰਿਆ, ਜਿਥੇ ਧੁੰਦ ਕਾਰਨ ਟਰੱਕ ਦੀ ਟੱਕਰ ਕਾਰਨ ਸਕੂਲੀ ਬੱਸ ਪਲਟ ਗਈ।
ਟੱਕਰ ਵਿੱਚ 8 ਸਾਲਾ ਮਾਸੂਮ ਬੱਚੀ ਅਤੇ ਡਰਾਈਵਰ ਦੀ ਮੌਤ ਹੋ ਗਈ ਹੈ। ਇਹ ਭਿਆਨਕ ਹਾਦਸਾ ਸਵੇਰ ਸਮੇਂ ਵਾਪਰਿਆ, ਜਦੋਂ ਧੁੰਦ ਛਾਈ ਹੋਈ ਸੀ। ਟੱਕਰ ਕਾਰਨ ਸਕੂਲੀ ਬੱਸ ਪਲਟ ਗਈ, ਜਿਸ ਕਾਰਨ ਸਾਰੇ ਸ਼ੀਸ਼ੇ ਭੰਨੇ ਗਏ। ਬੱਚਿਆਂ ਵਿੱਚ ਡਰ ਦਾ ਮਾਹੌਲ ਪਾਇਆ ਜਾ ਰਿਹਾ ਹੈ। ਕਈ ਬੱਚਿਆਂ ਦੇ ਡੂੰਘੀਆਂ ਸੱਟਾਂ ਵੀ ਵੱਜੀਆਂ, ਜਿਨ੍ਹਾਂ ਨੂੰ ਲੋਕਾਂ ਨੇ 3 ਐਂਬੂਲੈਂਸਾਂ ਰਾਹੀ ਨਿੱਜੀ ਹਸਪਤਾਲ ਦਾਖਲ ਕਰਵਾਇਆ।
ਪੁਲਿਸ ਨੇ ਮੌਕੇ ‘ਤੇ ਪੁੱਜ ਕੇ ਕਾਰਵਾਈ ਅਰੰਭ ਦਿੱਤੀ ਹੈ, ਪਰੰਤੂ ਜਿਸ ਵਾਹਨ ਕਾਰਨ ਇਹ ਹਾਦਸਾ ਵਾਪਰਿਆ ,ਉਸ ਦਾ ਡਰਾਈਵਰ ਹਾਦਸੇ ਨੂੰ ਅੰਜਾਮ ਦੇਣ ਤੋਂ ਬਾਅਦ ਫਰਾਰ ਹੋ ਗਿਆ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਛੇਤੀ ਹੀ ਕਥਿਤ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।