India International Punjab Religion

ਘਰੇਲੂ ਉਡਾਣਾਂ ‘ਚ ਕਿਰਪਾਨ ‘ਤੇ ਰੋਕ ਲਗਾਉਣ ਦੀ ਪਟੀਸ਼ਨ ‘ਤੇ ਸੁਪਰੀਮ ਕੋਰਟ ਦਾ ਵੱਡਾ ਫੈਸਲਾ

ਹਿੰਦੂ ਸੈਨਾ ਵੱਲੋਂ ਪਾਈ ਗਈ ਸੀ ਪਟੀਸ਼ਨ

ਬਿਊਰੋ ਰਿਪੋਰਟ (ਖੁਸ਼ਵੰਤ ਸਿੰਘ) : ਸੁਪਰੀਮ ਕੋਰਟ ਨੇ ਸਿੱਖ ਭਾਈਚਾਰੇ ਨੂੰ ਵੱਡੀ ਰਾਹਤ ਦਿੱਤੀ ਹੈ। ਘਰੇਲੂ ਹਵਾਈ ਉਡਾਣਾਂ ਵਿੱਚ ਕਿਰਪਾਨ ਨਾ ਲਿਜਾਉਣ ਦੇ ਲਈ ਸੁਪਰੀਮ ਕੋਰਟ ਵਿੱਚ ਪਟੀਸ਼ਨ ਪਾਈ ਗਈ ਸੀ, ਜਿਸ ਨੂੰ ਖਾਰਜ ਕਰਦੇ ਹੋਏ ਸੁਪਰੀਮ ਕੋਰਟ ਨੇ ਸੁਣਵਾਈ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਇਹ ਪਟੀਸ਼ਨ ਹਿੰਦੂ ਸੈਨਾ ਵੱਲੋਂ ਪਾਈ ਗਈ ਸੀ।

ਅਦਾਲਤ ਨੇ ਪਟੀਸ਼ਨਕਰਤਾ ਨੂੰ ਹਾਈਕੋਰਟ ਜਾਣ ਲਈ ਕਿਹਾ ਹੈ। ਘਰੇਲੂ ਉਡਾਣਾਂ ਵਿੱਚ ਕਿਰਪਾਨ ਲਿਜਾਉਣ ਦੀ ਇਜਾਜ਼ਤ ਪਹਿਲਾਂ ਤੋਂ ਹੀ ਸੀ ਪਰ ਕੌਮਾਂਤਰੀ ਉਡਾਣਾਂ ਵਿੱਚ ਸਫਰ ਦੌਰਾਨ ਕਿਰਪਾਨ ਨਾਲ ਲਿਜਾਉਣ ਦੀ ਇਜਾਜ਼ਤ ਨਹੀਂ ਹੁੰਦੀ ਹੈ। ਸਮਾਨ ਦੇ ਨਾਲ ਹੀ ਕਿਰਪਾਨ ਨੂੰ ਲਿਜਾਇਆ ਜਾ ਸਕਦਾ ਹੈ। ਇਸ ਤੋਂ ਪਹਿਲਾਂ ਕੌਮੀ ਘੱਟ ਗਿਣਤੀ ਕਮਿਸ਼ਨ ਨੇ ਕਿਰਪਾਨ ਨੂੰ ਲੈ ਕੇ ਕੇਂਦਰੀ ਹਵਾਬਾਜ਼ੀ ਮੰਤਰਾਲੇ ਨੂੰ ਇੱਕ ਚਿੱਠੀ ਲਿੱਖੀ ਸੀ।

ਘੱਟ ਗਿਣਤੀ ਕਮਿਸ਼ਨ ਵੱਲੋਂ ਕੀਤੀ ਗਈ ਮੰਗ

ਸਿੱਖ ਯਾਤਰੀਆਂ ਦੀਆਂ ਸ਼ਿਕਾਇਤਾਂ ਸੀ ਕਿ ਵਿਦੇਸ਼ ਤੋਂ ਆਉਣ ਵਾਲੀ ਕੌਮਾਂਤਰੀ ਉਡਾਣਾਂ ਜਦੋਂ ਦਿੱਲੀ ਏਅਰਪੋਰਟ ਤੋਂ ਮੁੜ ਅੰਮ੍ਰਿਤਸਰ ਜਾਂ ਫਿਰ ਚੰਡੀਗੜ੍ਹ ਦੇ ਲਈ ਜਾਂਦੀਆਂ ਹਨ ਤਾਂ ਦਿੱਲੀ ਤੋਂ ਚੜਨ ਵਾਲੇ ਸਿੱਖ ਯਾਤਰੀਆਂ ਨੂੰ ਕਿਰਪਾਨ ਨਹੀਂ ਲਿਜਾਣ ਦਿੱਤੀ ਜਾਂਦੀ ਹੈ। ਇਸ ਦੇ ਪਿੱਛੇ ਕੌਮਾਂਤਰੀ ਨਿਯਮ ਲਾਗੂ ਹੋਣ ਦਾ ਹਵਾਲਾ ਦਿੱਤਾ ਜਾਂਦਾ ਹੈ।

ਸਿੱਖ ਭਾਈਚਾਰੇ ਦੀ ਇਹ ਸ਼ਿਕਾਇਤ ਘੱਟ ਗਿਣਤੀ ਕਮਿਸ਼ਨ ਕੋਲ ਪਹੁੰਚੀ ਸੀ, ਜਿਸ ਤੋਂ ਬਾਅਦ ਕਮਿਸ਼ਨ ਨੇ ਕੇਂਦਰੀ ਹਵਾਬਾਜੀ ਮੰਤਰਾਲੇ ਨੂੰ ਚਿੱਠੀ ਲਿੱਖ ਕੇ ਦਿੱਲੀ ਤੋਂ ਚੜਨ ਵਾਲੇ ਯਾਤਰੀਆਂ ਨੂੰ ਕਿਰਪਾਨ ਲਿਜਾਉਣ ਦੀ ਇਜਾਜ਼ਤ ਦੇਣ ਲਈ ਕਿਹਾ ਸੀ। NMC ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਨੇ 23 ਮਈ ਨੂੰ ਸਿੰਧੀਆ ਨੂੰ ਪੱਤਰ ਲਿਖਿਆ ਸੀ।

ਉਨ੍ਹਾਂ ਨੇ ਪੱਤਰ ‘ਚ ਲਿਖਿਆ ਸੀ ਕਿ ਕਿਰਪਾਨ ਸਿੱਖ ਧਰਮ ਦੇ ਪੰਜ ਪਵਿੱਤਰ ਕਕਾਰਾਂ ਦਾ ਹਿੱਸਾ ਹੈ, ਇਸ ਲਈ ਘਰੇਲੂ ਸਫਰ ਦੌਰਾਨ ਇਸ ਨੂੰ ਲਿਜਾਣ ਦੀ ਇਜਾਜ਼ਤ ਦਿੱਤੀ ਜਾਵੇ।