‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਕਾਂਗਰਸ ਵਿੱਚ ਤਾਂ ਜਿਵੇਂ ਕਲੇਸ਼ ਖਤਮ ਹੋਣ ਦਾ ਨਾਂ ਹੀ ਨਹੀਂ ਲੈ ਰਿਹਾ। ਅਗਰ ਇੱਕ ਮਸਲੇ ਦਾ ਹੱਲ ਨਿਕਲਦਾ ਹੈ ਤਾਂ ਦੂਜਾ ਕੋਈ ਹੋਰ ਮਸਲਾ ਕਾਂਗਰਸ ਪਾਰਟੀ ਅੱਗੇ ਖੜਾ ਹੋ ਜਾਂਦਾ ਹੈ। ਹੁਣ ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਲੈ ਕੇ ਆਪਣੀ ਹੀ ਪਾਰਟੀ ‘ਤੇ ਨਿਸ਼ਾਨਾ ਕੱਸਿਆ ਹੈ। ਸੁਨੀਲ ਜਾਖੜ ਨੇ ਇੰਦਰਾ ਗਾਂਧੀ ਦੀ ਬਰਸੀ ਨਾ ਮਨਾਉਣ ’ਤੇ ਚੰਨੀ ਸਰਕਾਰ ’ਤੇ ਵੱਡਾ ਹਮ ਲਾ ਕੀਤਾ ਹੈ।
ਸੁਨੀਲ ਜਾਖੜ ਨੇ ਅੱਜ ਦੋ ਟਵੀਟ ਕਰਕੇ ਪੰਜਾਬ ਸਰਕਾਰ ਨੂੰ ਘੇਰਿਆ ਹੈ। ਜਾਖੜ ਨੇ ਪਹਿਲਾ ਟਵੀਟ ਕਰਕੇ ਪੰਜਾਬ ਸਰਕਾਰ ਨੂੰ ਸਿੱਧੇ ਹੱਥੀਂ ਲੈਂਦਿਆਂ ਕਿਹਾ ਕਿ “ਉਹ ਸਮਝ ਸਕਦੇ ਹਨ ਕਿ ਭਾਜਪਾ “ਆਇਰਨ ਲੇਡੀ” ਦਾ ਨਾਂ ਇਤਿਹਾਸ ਵਿੱਚੋਂ ਮਿਟਾਉਣਾ ਚਾਹੁੰਦੀ ਹੈ ਪਰ ਕੀ ਪੰਜਾਬ ਵਿੱਚ ਹਾਲੇ ਤੱਕ ਕਾਂਗਰਸ ਸਰਕਾਰ ਨਹੀਂ ਹੈ? ਮੈਂ ਜਾਣਦਾ ਹਾਂ ਕਿ ਕੈਪਟਨ ਸਾਬ੍ਹ ਨੂੰ ਮੇਰੇ ਵੱਲੋਂ ਪਿਛਲੇ ਸਾਲ ਦੇ ਪੰਜਾਬ ਸਰਕਾਰ ਵੱਲੋਂ ਦਿੱਤੇ ਵਿਗਿਆਪਨ (ਇਸ਼ਤਿਹਾਰ) ਨੂੰ ਸ਼ੇਅਰ ਕਰਨ ‘ਤੇ ਕੋਈ ਇਤਰਾਜ਼ ਨਹੀਂ ਹੋਵੇਗਾ ਕਿਉਂਕਿ ਅੱਜ ਕੋਈ ਵਿਗਿਆਪਨ ਨਹੀਂ ਆਇਆ ਹੈ। “
ਜਾਖੜ ਨੇ ਇੱਕ ਹੋਰ ਟਵੀਟ ਕਰਕੇ ਜਗਦੀਸ਼ ਟਾਈਟਲਰ ਦਾ ਨਾਂ ਲਏ ਬਗੈਰ ਕਿਹਾ ਕਿ “ਕੀ ਅਜਿਹਾ ਦੋ ਦਿਨ ਪਹਿਲਾਂ ਹੋਈ ਨਿਯੁਕਤੀ ਦੇ ਖੜ੍ਹੇ ਹੋਏ ਵਿਵਾਦ ਦਾ ਨਤੀਜਾ ਹੈ। ” ਤੁਹਾਨੂੰ ਦੱਸ ਦਈਏ ਕਿ ਟਾਈਟਲਰ ਦੀ ਦਿੱਲੀ ਕਾਂਗਰਸ ਕਮੇਟੀ ਵਿੱਚ ਪਰਮਾਨੈਂਟ ਇਨਵਾਇਟੀ ਵਜੋਂ ਨਿਯੁਕਤੀ ਕਾਰਨ ਵੱਡਾ ਵਿਵਾਦ ਖੜ੍ਹਾ ਹੋ ਗਿਆ ਹੈ।