Punjab

ਚੰਨੀ ਸਾਹਬ ! ਐਡੀ ਦਰਿਆਦਿਲੀ… ਤੁਹਾਡੇ ਇਸ MLA ਦਾ ਪੰਜਾਬ ਨੇ ਕੋਈ ਕਰਜ਼ਾ ਦੇਣਾ

‘ਦ ਖ਼ਾਲਸ ਟੀਵੀ ਬਿਊਰੋ:- ਜਨਤਾ ਬਿਜਲੀ ਦਾ ਬਿਲ ਇਕ ਦਿਨ ਵੀ ਲੇਟ ਭਰੇ ਜਾਂ ਭਰਨ ਤੋਂ ਰਹਿ ਜਾਵੇ ਤਾਂ ਬਿਜਲੀ ਮਹਿਕਮੇ ਵਾਲੇ ਬਿਨਾਂ ਪੁੱਛੇ ਤਾਰਾਂ ਕੱਟ ਕੇ ਅਹੁ ਜਾਂਦੇ ਨੇ ਤੇ ਤੁਸੀਂ ਮਾਰਦੇ ਰਹੋ ਗੇੜੇ ਬਿਜਲੀ ਵਾਲਿਆਂ ਦੇ ਦਫਤਰਾਂ ਵਿੱਚ। ਪਰ…ਜੇ ਸਰਕਾਰੇ-ਦਰਬਾਰੇ ਰਸੂਖ ਹੋਵੇ ਤੇ ਜਾਂ ਕਿਤੇ ਬੰਦਾ ਆਪ ਹੀ ਮੰਤਰੀ ਸੰਤਰੀ ਹੋਵੇ ਤਾਂ ਫਿਰ ਤਾਂ ਕਿਆ ਕਹਿਣੇ। ਤਾਜਾ ਖਬਰ ਅਨੁਸਾਰ ਕਾਂਗਰਸ ਪਾਰਟੀ ਦੇ ਹਲਕਾ ਪੱਟੀ ਤੋਂ ਵਿਧਾਇਕ ਹਰਮਿੰਦਰ ਸਿੰਘ ਗਿੱਲ ਉੱਤੇ ਬਿਜਲੀ ਮਹਿਕਮੇ ਨੇ ਹਾਈ ਲੈਵਲ ਦੀ ਦਰਿਆਦਿਲੀ ਦਿਖਾਈ ਹੈ ਤੇ ਚੰਨੀ ਸਾਹਿਬ ਦੇ ਇਸ ਲੀਡਰ ਦਾ ਬਿਜਲੀ ਬਿੱਲਾਂ ਦੀ ਮੁਆਫੀ ਸਕੀਮ ’ਚ ਕਰੀਬ 19 ਲੱਖ 85 ਹਜ਼ਾਰ ਰੁਪਏ ਦਾ ਕਰਜਾ ਮੁਆਫ ਹੋ ਗਿਆ ਹੈ। ਇਸਨੂੰ ਕਹਿੰਦੇ ਨੇ, ਵਗਦੀ ਗੰਗਾ ਵਿੱਚ ਹੱਥ ਧੋਣਾ।

ਇਹ ਦੱਸ ਦਈਏ ਕਿ ਵਿਧਾਇਕ ਗਿੱਲ ਸਾਹਿਬ ਦਾ ਕਈ ਸਾਲਾਂ ਤੋਂ ਲੱਖਾਂ ਰੁਪਏ ਦਾ ਬਿਜਲੀ ਬਕਾਇਆ ਖੜ੍ਹਾ ਸੀ। ਉਂਝ ਵੀ ਪੰਜਾਬ ਸਰਕਾਰ ਦੀ ਬਿਜਲੀ ਬਿੱਲਾਂ ਦੀ ਮੁਆਫੀ ਦਾ ਲਾਹਾ ਲੈਣ ਵਿਚ ਹਲਕਾ ਪੱਟੀ ਨੇ ਹਮੇਸ਼ਾ ਬਦਾਮ ਖਾਧੇ ਹਨ ਤੇ ਉਪਰੋਂ ਬਿਜਲੀ ਚੋਰੀ ’ਚ ਵੀ ਸਬ ਡਿਵੀਜ਼ਨ ਪੱਟੀ ਪਹਿਲੇ ਨੰਬਰਾਂ ਉੱਤੇ ਰਹਿੰਦਾ ਹੈ।

ਜ਼ਿਕਰਯੋਗ ਹੈ ਕਿ ਵਿਧਾਇਕ ਹਰਮਿੰਦਰ ਸਿੰਘ ਗਿੱਲ ਦੀ ਅੰਮ੍ਰਿਤਸਰ ਦੇ ਰਣਜੀਤ ਐਵੇਨਿਊ ਵਾਲੀ ਕੋਠੀ ਨੰਬਰ ਈ-32 ‘ਚ ਬਿਜਲੀ ਦਾ ਮੀਟਰ (ਖਾਤਾ ਨੰਬਰ 3002263840) ਜਸਵਿੰਦਰ ਸਿੰਘ ਦੇ ਨਾਂ ’ਤੇ ਜੜਿਆ ਹੋਇਆ ਹੈ। ਇਸ ਮੀਟਰ ਦਾ ਬਿਜਲੀ ਲੋਡ ਇੱਕ ਕਿਲੋਵਾਟ ਹੈ। ਵਿਧਾਇਕ ਗਿੱਲ ਨੇ 30 ਸਤੰਬਰ 2010 ਨੂੰ ਪਾਵਰਕੌਮ ਨੂੰ ਬੇਨਤੀ ਕਰਕੇ ਇਹ ਮੀਟਰ ਜਸਵਿੰਦਰ ਸਿੰਘ ਦੇ ਨਾਂ ਤੋਂ ਆਪਣੇ ਨਾਂ ਉੱਤੇ ਕਰਵਾਉਣ ਲਈ ਫੀਸ ਦੇ ਰੂਪ ਵਿੱਚ 17 ਹਜ਼ਾਰ 130 ਰੁਪਏ ਭਰੇ ਸੀ। ਇਸ ਨਾਲ ਇਸ ਮੀਟਰ ਦਾ ਬਿਜਲੀ ਲੋਡ ਇੱਕ ਕਿਲੋਵਾਟ ਤੋਂ 11 ਕਿਲੋਵਾਟ ਕਰਾਉਣ ਲਈ ਵੀ ਬੇਨਤੀ ਕੀਤੀ ਗਈ ਸੀ।

ਜਦੋਂ ਪਾਵਰਕੌਮ ਨੂੰ ਪਤਾ ਲੱਗਿਆ ਕਿ ਮੰਤਰੀ ਸਾਹਿਬ ਦੇ ਪੁਰਾਣੇ ਬਕਾਏ ਹੀ ਨਹੀਂ ਉਤਰੇ ਹੋਏ ਤਾਂ ਉਨ੍ਹਾਂ ਨੇ ਬਿਜਲੀ ਮੀਟਰ ਦੇ ਨਾਂ ਵਿਚ ਤਬਦੀਲੀ ਕਰਨ ਤੋਂ ਕੋਰੀ ਨਾਂਹ ਕਰ ਦਿੱਤੀ। ਪਾਵਰਕੌਮ ਨੇ 12 ਅਕਤੂਬਰ 2021 ਨੂੰ ਜੋ ਬਿੱਲ ਜਾਰੀ ਕੀਤਾ ਹੈ, ਉਸ ਮੁਤਾਬਿਕ ਵਿਧਾਇਕ ਗਿੱਲ ਨੇ ਹੁਣ 15 ਨਵੰਬਰ ਤੱਕ 1 ਲੱਖ 60 ਹਜ਼ਾਰ ਰੁਪਏ ਦਾ ਬਿੱਲ ਤਾਰਨਾ ਹੈ ਜਦੋਂਕਿ ਇੱਕ ਕਿਲੋਵਾਟ ਲੋਡ ਹੋਣ ਕਰਕੇ ਉਨ੍ਹਾਂ ਦਾ 19 ਲੱਖ 85 ਹਜ਼ਾਰ ਰੁਪਏ ਦਾ ਬਕਾਇਆ ਬਿੱਲ ਮੁਆਫ ਹੋ ਗਿਆ ਹੈ।

ਬੜੀ ਹੈਰਾਨੀ ਦੀ ਗੱਲ ਹੈ ਕਿ ਹਲਕਾ ਪੱਟੀ ਵਿੱਚ 50 ਹਜ਼ਾਰ ਪਰਿਵਾਰਾਂ ਦੇ 80 ਕਰੋੜ ਦੇ ਬਿਜਲੀ ਬਿੱਲ ਮੁਆਫ ਹੋਣੇ ਹਨ। ਥੋੜਾ ਪਿੱਛੇ ਝਾਕੀਏ ਤਾਂ ਪੰਜਾਬ ਕੈਬਨਿਟ ਨੇ 28 ਜਨਵਰੀ 2019 ਨੂੰ ਫੈਸਲਾ ਲਿਆ ਸੀ ਕਿ ਜਿਹੜੇ ਲੋਕ ਇਨਕਮ ਟੈਕਸ ਭਰਦੇ ਹਨ, ਉਹ 200 ਯੂਨਿਟ ਮੁਫਤ ਬਿਜਲੀ ਦੀ ਸਹੂਲਤ ਨਹੀਂ ਲੈ ਸਕਦੇ। ਪਰ ਹੁਣ ਜਦੋਂ ਚੰਨੀ ਸਰਕਾਰ ਨੇ ਬਿਜਲੀ ਬਿੱਲਾਂ ਦੇ ਬਕਾਏ ਮੁਆਫ਼ ਕਰਨ ਦੀ ਗੱਲ ਕੀਤੀ ਹੈ, ਇਸ ਦੌਰਾਨ ਉਨ੍ਹਾਂ ਨੇ ਆਮਦਨ ਕਰ ਵਾਲੇ ਖਪਤਕਾਰਾਂ ਦਾ ਕੋਈ ਜ਼ਿਕਰ ਨਹੀਂ ਕੀਤਾ ਹੈ।

ਪਾਵਰਕੌਮ ਦੀ ਰਿਪੋਰਟ ਦੇ ਅਨੁਸਰ ਅੰਮ੍ਰਿਤਸਰ ਜ਼ੋਨ ‘ਚ 28 ਫੀਸਦੀ ਬਿਜਲੀ ਚੋਰੀ ਹੁੰਦੀ ਹੈ ਅਤੇ ਤਰਨ ਤਾਰਨ ਸਰਕਲ ਵਿੱਚ 51 ਫੀਸਦੀ ਬਿਜਲੀ ਚੋਰੀ ਦੇ ਮਾਮਲੇ ਸਾਹਮਣੇ ਆਏ ਹਨ। ਇਵੇਂ ਡਿਵੀਜ਼ਨ ਭਿਖੀਵਿੰਡ ਵਿਚ 77.23 ਫੀਸਦੀ ਬਿਜਲੀ ਚੋਰੀ ਦੇ ਕੇਸ ਫੜੇ ਗਏ ਹਨ।

ਵੰਡ ਮੰਡਲ ਪੱਟੀ ਨੇ ਜੋ 25 ਅਕਤੂਬਰ 2021 ਨੂੰ ਪੱਤਰ ਲਿਖਿਆ ਹੈ ਉਸ ਅਨੁਸਾਰ ਪੰਜਾਬ ’ਚੋਂ ਸਭ ਤੋਂ ਜ਼ਿਆਦਾ ਸਬ ਡਿਵੀਜ਼ਨ ਪੱਟੀ ਵਿਚ 87.97 ਫੀਸਦੀ ਬਿਜਲੀ ਚੋਰੀ ਹੁੰਦੀ ਹੈ। ਜਿਹੜੇ 12 ਫੀਸਦੀ ਖਪਤਕਾਰ ਬਿਜਲੀ ਚੋਰੀ ਨਹੀਂ ਕਰਦੇ, ਉਨ੍ਹਾਂ ’ਚੋਂ ਵੀ ਸਿਰਫ ਸੱਤ ਫੀਸਦੀ ਹੀ ਬਿਜਲੀ ਬਿੱਲ ਭਰਦੇ ਹਨ। ਮਤਲਬ ਕਿ ਇਸ ਸਬ ਡਿਵੀਜ਼ਨ ਵਿਚ 95 ਫੀਸਦੀ ਖਪਤਕਾਰਾਂ ਤੋਂ ਪਾਵਰਕੌਮ ਨੂੰ ਕੋਈ ਪੈਸਾ ਨਹੀਂ ਮਿਲ ਰਿਹਾ। ਹਾਲਾਤ ਇਹ ਹਨ ਕਿ ਪੱਟੀ ਵਿਚ ਬੀਤੇ ਤਿੰਨ ਵਰ੍ਹਿਆਂ ‘ਚ ਛੇ ਐਕਸੀਅਨ ਦੀ ਬਦਲੀ ਹੋਈ ਹੈ ਜਦੋਂ ਕਿ ਚਾਰ ਐੱਸਡੀਓਜ਼ ਇਕ ਥਾਂ ਤੋਂ ਦੂਜੀ ਥਾਂ ਭੇਜੇ ਗਏ ਹਨ।

ਜਿਹੜੇ ਵਿਧਾਇਕ ਦੀ ਅਸੀਂ ਗੱਲ ਕਰ ਰਹੇ ਹਾਂ ਉਨ੍ਹਾਂ ਦੀ ਸੋਸ਼ਲ ਮੀਡੀਆ ’ਤੇ ਪੱਟੀ ਦੇ ਐੱਸਡੀਓ ਸੁਸ਼ੀਲ ਨਾਲ ਖੜਵੀਂ ਭਾਸ਼ਾ ਵਿੱਚ ਤਲਖੀਆਂ ਵਾਲੀ ਆਡਿਓ ਵੀ ਵਾਇਰਲ ਹੋਈ ਹੈ। ਐੱਸਡੀਓ ਨੇ ਪੱਟੀ ਦੇ ਪਿੰਡ ਤੁੰਗ ਵਿਚ ਦੋ ਬਿਜਲੀ ਚੋਰੀ ਦੇ ਕੇਸ ਫੜ੍ਹੇ ਸਨ, ਜਿਸ ਤੋਂ ਨਾਰਾਜ ਹੋ ਕੇ ਵਿਧਾਇਕ ਗਿੱਲ ਐੱਸਡੀਓ ਨੂੰ ਬਦਲੀ ਕਰਾਉਣ ਅਤੇ ਸਬਕ ਸਿਖਾਉਣ ਦੀ ਧਮਕੀ ਦਿੰਦੇ ਦੱਸੇ ਜਾ ਰਹੇ ਹਨ।

ਪੀਐੱਸਈਬੀ ਇੰਜਨੀਅਰਜ਼ ਐਸੋਸੀਏਸ਼ਨ ਦੇ ਪ੍ਰਧਾਨ ਜਸਬੀਰ ਸਿੰਘ ਧੀਮਾਨ ਦਾ ਕਹਿਣਾ ਹੈ ਕਿ ਪੰਜਾਬ ‘ਚ ਸਿਆਸੀ ਸਰਪ੍ਰਸਤੀ ਹੇਠ ਹੀ ਬਿਜਲੀ ਚੋਰੀ ਹੁੰਦੀ ਹੈ। ਤੇ ਇਹ ਆਡੀਓ ਕਿਸੇ ਸਬੂਤ ਤੋਂ ਘੱਟ ਨਹੀ। ਉਨ੍ਹਾਂ ਇਹ ਵੀ ਕਿਹਾ ਕਿ ਇਸ ਮਾਮਲੇ ਵਿਚ ਦੁੱਧ ਪਾਣੀ ਛਾਨਣ ਲਈ ਮੁੱਖ ਮੰਤਰੀ ਤੋਂ ਵੀ ਟਾਇਮ ਲਿਆ ਗਿਆ ਹੈ।

ਹਾਲਾਂਕਿ ਮੁਕਦੀ ਗੱਲ ਤੇ ਆਈਏ ਤਾਂ ਵਿਧਾਇਕ ਹਰਮਿੰਦਰ ਸਿੰਘ ਗਿੱਲ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਅੰਮ੍ਰਿਤਸਰ ਰਿਹਾਇਸ਼ ’ਤੇ ਜਸਵਿੰਦਰ ਸਿੰਘ ਦੇ ਨਾਂ ਲੱਗੇ ਮੀਟਰ ਦਾ ਨਾਂ ਤਬਦੀਲ ਕਰਨ ਲਈ ਪਾਵਰਕੌਮ ਨੂੰ ਬੇਨਤੀ ਤਾਂ ਕੀਤੀ ਹੈ, ਪਰ ਪਾਵਰਕੌਮ ਨੇ ਇਹ ਤਬਦੀਲੀ ਹਾਲੇ ਕੀਤੀ ਨਹੀਂ ਹੈ। ਬਿੱਲ ਮੁਆਫੀ ਬਾਰੇ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਹਾਲੇ ਇਸ ਬਾਰੇ ਕੋਈ ਇਲਮ ਨਹੀਂ।

ਇਸ ਤੋਂ ਵੀ ਅੱਗੇ ਐੱਸਡੀਓ ਨਾਲ ਹੋਈ ਤਲਖੀ ਬਾਰੇ ਗਿੱਲ ਦਾ ਕਹਿਣਾ ਹੈ ਕਿ ਸਰਕਾਰ ਤਾਂ ਬਕਾਏ ਮੁਆਫ ਕਰ ਰਹੀ ਹੈ ਅਤੇ ਐੱਸਡੀਓ ਖਪਤਕਾਰਾਂ ’ਤੇ ਪਰਚੇ ਦਰਜ ਕਰਾ ਰਿਹਾ ਹੈ। ਉਹ ਐੱਸਡੀਓ ਖ਼ਿਲਾਫ਼ ਵਿਧਾਨ ਸਭਾ ਦੀ ਵਿਸ਼ੇਸ਼ ਅਧਿਕਾਰ ਕਮੇਟੀ ਕੋਲ ਜਾਣਗੇ। ਗਿੱਲ ਨੇ ਬਿਜਲੀ ਚੋਰੀ ਬਾਰੇ ਕਿਹਾ ਕਿ ਗੱਠਜੋੜ ਸਰਕਾਰ ਨੇ ਖਪਤਕਾਰਾਂ ਨੂੰ ਗਲਤ ਆਦਤਾਂ ਪਾਈਆਂ ਹੋਈਆਂ ਸਨ।