Punjab

CM ਚੰਨੀ ਨਹੀਂ ਕੁੱਝ ਛੱਡਦੇ, ਹੁਣ ਹੱਥ ਵਿੱਚ ਫੜ ਲਈ ਹਾਕੀ ਸਟਿੱਕ ਤੇ ਕਰ ਦਿੱਤੀ ਕਮਾਲ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਆਏ ਦਿਨ ਕੋਈ ਨਾ ਕੋਈ ਨਵੀਂ ਭੂਮਿਕਾ ਨਿਭਾਈ ਜਾਂਦੀ ਹੈ। ਕਪੂਰਥਲਾ ਦੇ ਇੱਕ ਯੂਨੀਵਰਸਿਟੀ ਵਿੱਚ ਵਿਦਿਆਰਥੀਆਂ ਦੇ ਨਾਲ ਭੰਗੜਾ ਪਾਉਣ ਤੋਂ ਬਾਅਦ ਚੰਨੀ ਵੱਲੋਂ ਹੁਣ ਹਾਕੀ ਦੇ ਮੈਚ ਵਿੱਚ ਗੋਲਕੀਪਰ ਦੀ ਭੂਮਿਕਾ ਨਿਭਾਈ ਗਈ ਹੈ। ਚੰਨੀ ਮੁਹਾਲੀ ਦੇ ਹਾਕੀ ਸਟੇਡੀਅਮ ਵਿੱਚ ਹਾਕੀ ਮੈਚ ਵਿੱਚ ਗੋਲਕੀਪਰ ਬਣ ਕੇ 45 ਮਿੰਟ ਤੱਕ ਖੇਡ ਦਾ ਹਿੱਸਾ ਬਣੇ ਰਹੇ। ਚੰਨੀ ਨੇ ਗੋਲਕੀਪਰ ਦੀ ਕਿੱਟ ਪਾ ਕੇ ਕਈ ਗੋਲ ਰੋਕੇ, ਜਿਹਨਾਂ ਵਿੱਚ ਪੈਨਲਟੀ ਕਾਰਨਰ ਵੀ ਸ਼ਾਮਲ ਸਨ।

ਤੁਹਾਨੂੰ ਦੱਸ ਦਈਏ ਕਿ ਪਿਛਲੇ ਦਿਨੀਂ ਚੰਨੀ ਨੇ ਕਪੂਰਥਲਾ ਦੇ ਆਈ.ਕੇ. ਗੁਜਰਾਲ ਪੰਜਾਬ ਤਕਨੀਕੀ ਯੂਨੀਵਰਸਿਟੀ ਵਿਖੇ ਡਾ. ਬੀ ਆਰ ਅੰਬੇਦਕਰ ਅਜਾਇਬ ਘਰ ਦੇ ਨੀਂਹ ਪੱਥਰ ਸਮਾਗਮ ਅਤੇ ਸੂਬਾ ਪੱਧਰੀ ਮੈਗਾ ਰੋਜ਼ਗਾਰ ਮੇਲੇ ਦੀ ਸਮਾਪਤੀ ਸਮਾਰੋਹ ਦੌਰਾਨ ਲੋਕ ਨਾਚ ਭੰਗੜੇ ਵਿੱਚ ਵਿਦਿਆਰਥੀਆਂ ਦੇ ਨਾਲ ਭੰਗੜਾ ਪਾਇਆ ਸੀ।ਮੁੱਖ ਮੰਤਰੀ ਚੰਨੀ ਵੱਲੋਂ ਵਿਦਿਆਰਥੀਆਂ ਨਾਲ ਰਲ ਕੇ ਪਾਏ ਇਸ ਭੰਗੜੇ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਤੇਜੀ ਨਾਲ ਵਾਇਰਲ ਹੋਈ।