India

ਸੁੱਖੂ ਹੋਣਗੇ ਹਿਮਾਚਲ ਦੇ ਨਵੇਂ CM, ਡਿਪਟੀ CM ਦਾ ਨਾਂ ਵੀ ਤੈਅ,ਕਾਂਗਰਸ ਨੇ CM ਚੁਣਨ ਲਈ 2004 ਵਾਲੀ ਚਾਲ ਚੱਲੀ

Sukhwinder singh sukhu will be himachal new cm

ਬਿਊਰੋ ਰਿਪੋਰਟ : ਲੰਮੀ ਸਿਆਸੀ ਕਸਰਤ ਤੋਂ ਬਾਅਦ ਤੈਅ ਹੋ ਗਿਆ ਹੈ ਕਿ ਸੁਖਵਿੰਦਰ ਸਿੰਘ ਸੁੱਖੂ ਹਿਮਾਚਲ ਦੇ ਨਵੇਂ ਮੁੱਖ ਮੰਤਰੀ ਹੋਣਗੇ,ਵਿਧਾਇਕ ਦਲ ਦੀ ਮੀਟਿੰਗ ਵਿੱਚ ਉਨ੍ਹਾਂ ਦੇ ਨਾਂ ‘ਤੇ ਮੋਹਰ ਲੱਗੀ ਹੈ। ਇਸ ਤੋਂ ਇਲਾਵਾ ਮੁਕੇਸ਼ ਅਗਨੀਹੋਤਰੀ ਨੂੰ ਉੱਪ ਮੁੱਖ ਮੰਤਰੀ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਸੁੱਖੂ ਰਾਹੁਲ ਗਾਂਧੀ ਦੇ ਸਭ ਤੋਂ ਨਜ਼ਦੀਕੀ ਮੰਨੇ ਜਾਂਦੇ ਸਨ । ਹਾਲਾਂਕਿ ਉਹ ਵੀਰਭਦਰ ਦੇ ਸਭ ਤੋਂ ਵੱਡੇ ਵਿਰੋਧੀ ਸਨ,ਇਸ ਲਈ ਵੀਰਭਦਰ ਦੀ ਪਤਨੀ ਅਤੇ ਹਿਮਾਚਲ ਕਾਂਗਰਸ ਦੀ ਪ੍ਰਧਾਨ ਪ੍ਰਤਿਭਾ ਸਿੰਘ ਉਨ੍ਹਾਂ ਨੂੰ ਮੁੱਖ ਮੰਤਰੀ ਨਹੀਂ ਬਣਨ ਦੇਣਾ ਚਾਉਂਦੀ ਸੀ । ਪਰ ਹਾਈਕਮਾਨ ਦੇ ਸਾਹਮਣੇ ਉਨ੍ਹਾਂ ਦੀ ਨਹੀਂ ਚੱਲੀ ਹੈ ਅਤੇ ਸੁਖਵਿੰਦਰ ਸਿੰਘ ਸੁੱਖੂ ਹੁਣ 11 ਦਸੰਬਰ ਐਤਵਾਰ ਡੇਢ ਵਜੇ ਮੁੱਖ ਮੰਤਰੀ ਦੀ ਸਹੁੰ ਚੁੱਕਣਗੇ । ਉਨ੍ਹਾਂ ਦੇ ਨਾਲ ਮੁਕੇਸ਼ ਅਗਨੀਹੋਤਰੀ ਉੱਪ ਮੁੱਖ ਮੰਤਰੀ ਦੀ ਸਹੁੰ ਚੁੱਕਣਗੇ ਜਦਕਿ ਬਾਕੀ ਕੈਬਨਿਟ ਬਾਅਦ ਵਿੱਚੋਂ ਸਹੁੰ ਚੁੱਕੇਗੀ। ਮੁਕੇਸ਼ ਅਗਨੀਹੋਤਰੀ ਪ੍ਰਤਿਭਾ ਸਿੰਘ ਕੈਂਪ ਤੋਂ ਮੰਨੇ ਜਾਂਦੇ ਹਨ ਇਸੇ ਲਈ ਪਾਰਟੀ ਨੇ ਬਗਾਵਤ ਨੂੰ ਰੋਕਣ ਦੇ ਲਈ ਉਨ੍ਹਾਂ ਨੂੰ ਉੱਪ ਮੁੱਖ ਮੰਤਰੀ ਦਾ ਅਹੁਦਾ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਨੇ 2 ਦਿਨ ਪਹਿਲਾਂ ਹੀ ਹਿਮਾਚਲ ਕਾਂਗਰਸ ਦੇ ਪ੍ਰਭਾਰੀ ਭੁਪੇਸ਼ ਬਘੇਲ ਨੂੰ ਸਾਫ਼ ਕਰ ਦਿੱਤਾ ਸੀ ਕਿ ਉਹ ਸੁੱਖੂ ਦੇ ਨਾਂ ‘ਤੇ ਵਿਧਾਇਕਾਂ ਨੂੰ ਰਾਜ਼ੀ ਕਰਨ । ਉਧਰ ਸੁੱਖੂ ਨੇ ਗਾਂਧੀ ਪਰਿਵਾਰ ਦਾ ਧੰਨਵਾਦ ਕੀਤਾ ਹੈ । ਉਨ੍ਹਾਂ ਨੇ ਕਿਹਾ ਰਾਹੁਲ ਗਾਂਧੀ ਨੇ ਹੀ ਉਨ੍ਹਾਂ ਨੂੰ ਸੂਬੇ ਦਾ ਪ੍ਰਧਾਨ ਬਣਾਇਆ ਸੀ ਅਤੇ ਮੁੱਖ ਮੰਤਰੀ ਦਾ ਅਹੁਦਾ ਵੀ ਉਨ੍ਹਾਂ ਦੀ ਵਜ੍ਹਾ ਕਰਕੇ ਮਿਲਿਆ ਹੈ । ਦੱਸਿਆ ਜਾ ਰਿਹਾ ਹੈ ਕਿ ਹਿਮਾਚਲ ਦਾ ਸੀਐੱਮ ਚੁਣਨ ਦੇ ਲਈ ਕਾਂਗਰਸ ਨੇ 2004 ਦਾ ਹਰਿਆਣਾ ਦੇ ਫਾਰਮੂਲੇ ਨੂੰ ਅਪਨਾਇਆ ਹੈ ।

2004 ਵਿੱਚ ਚੋਣਾਂ ਜਿੱਤਣ ਦੇ ਲਈ ਕਾਂਗਰਸ ਨੇ ਭਜਨ ਲਾਲ ਦੇ ਪਰਿਵਾਰ ਦੀ ਸਿਆਸਤ ਨੂੰ ਅੱਗੇ ਕੀਤਾ ਅਤੇ ਉਨ੍ਹਾਂ ਨੂੰ ਪ੍ਰਧਾਨ ਦੀ ਜ਼ਿੰਮੇਵਾਰੀ ਦਿੱਤੀ। ਭਜਨ ਲਾਲ ਦੀ ਅਗਵਾਈ ਵਿੱਚ ਹੀ ਕਾਂਗਰਸ ਨੇ ਚੋਣ ਜਿੱਤੀ ਸੀ ਬਾਅਦ ਵਿੱਚੋਂ ਭੁਪਿੰਦਰ ਸਿੰਘ ਹੁੱਡਾ ਨੂੰ ਅੱਗੇ ਕਰ ਦਿੱਤਾ ਅਤੇ ਮੁੱਖ ਮੰਤਰੀ ਦਾ ਅਹੁਦਾ ਭੁਪਿੰਦਰ ਸਿੰਘ ਹੁੱਡਾ ਦੇ ਖਾਤੇ ਵਿੱਚ ਗਿਆ । ਇਸੇ ਤਰ੍ਹਾਂ ਹਿਮਾਚਲ ਦੀਆਂ ਚੋਣਾਂ ਤੋਂ ਠੀਕ ਪਹਿਲਾਂ ਕਾਂਗਰਸ ਨੇ ਵੀਰਭਦਰ ਸਿੰਘ ਦੀ ਪਤਨੀ ਪ੍ਰਤਿਭਾ ਸਿੰਘ ਨੂੰ ਸੂਬੇ ਦਾ ਪ੍ਰਧਾਨ ਬਣਾਕੇ ਅੱਗੇ ਕੀਤਾ ਅਤੇ ਮੁੱਖ ਮੰਤਰੀ ਦਾ ਅਹੁਦਾ ਗਾਂਧੀ ਪਰਿਵਾਰ ਦੇ ਸਭ ਤੋਂ ਨਜ਼ਦੀਕੀ ਸੁਖਵਿੰਦਰ ਸਿੰਘ ਸੁੱਖੂ ਨੂੰ ਦੇ ਦਿੱਤਾ ਹੈ । ਭਾਵੇਂ ਪਾਰਟੀ ਨੇ ਸੁੱਖੂ ਨੂੰ ਮੁੱਖ ਮੰਤਰੀ ਲਈ ਚੁਣਿਆ ਹੈ ਪਰ ਪ੍ਰਤਿਭਾ ਸਿੰਘ ਦੇ ਜਿਸ ਤਰ੍ਹਾਂ ਦੇ ਤਿੱਖੇ ਤੇਵਰ ਹਨ ਉਹ ਸ਼ਾਂਤ ਨਹੀਂ ਬੈਠਨ ਵਾਲੇ ਹਨ । ਅਗਲੇ ਪੰਜ ਸਾਲ ਸੁਖਵਿੰਦਰ ਸਿੰਘ ਸੁੱਖੂ ਦੇ ਲਈ ਚੁਣੌਤੀਆਂ ਖੜੀਆਂ ਹੁੰਦੀਆਂ ਰਹਿਣਗੀਆਂ । ਕਾਂਗਰਸ ਕੋਲ ਬਹੁਮਤ ਤੋਂ ਸਿਰਫ਼ 5 ਸੀਟਾਂ ਵੱਧ ਹਨ ਅਜਿਹੇ ਵਿੱਚ ਬੀਜੇਪੀ ਕਦੇ ਵੀ ਸਿਆਸੀ ਬਾਜ਼ੀ ਆਪਣੇ ਹੱਥ ਕਰ ਸਕਦੀ ਹੈ। ਚੋਣਾਂ ਵਿੱਚ ਜਿੱਤੇ 3 ਆਜ਼ਾਦ ਉਮੀਦਵਾਰ ਬੀਜੇਪੀ ਦੇ ਬਾਗ਼ੀ ਹਨ । ਬੀਜੇਪੀ ਕੋਲ 25 ਸੀਟਾਂ ਹਨ ਬਹੁਮਤ ਦੇ ਲਈ 35 ਦੀ ਜ਼ਰੂਰਤ ਹੁੰਦੀ ਹੈ ।