India

ਸੁਖਵਿੰਦਰ ਸਿੰਘ ਸੁੱਖੂ ਨੇ ਹਿਮਾਚਲ ਦੇ CM ਦੀ ਸਹੁੰ ਚੁੱਕੀ,ਪਰ ਸਮਾਗਮ ‘ਚ ਪ੍ਰਿਯੰਕਾ ਤੇ ਰਾਹੁਲ ਨੇ ਇਸ ਤਰ੍ਹਾਂ ਦਿਲ ਜਿੱਤਿਆ

sukhwinder singh sukhu,oath,himachal cm,priyanka,rahul gandhi

ਬਿਊਰੋ ਰਿਪੋਰਟ : ਸੁਖਵਿੰਦਰ ਸਿੰਘ ਸੁੱਖੂ ਨੇ ਸ਼ਿਮਲਾ ਦੇ ਰਿਜ ਮੈਦਾਨ ਵਿੱਚ ਹਿਮਾਚਲ ਦੇ 15ਵੇਂ ਮੁੱਖ ਮੰਤਰੀ ਦੀ ਸਹੁੰ ਚੁੱਕੀ ਉਨ੍ਹਾਂ ਦੇ ਨਾਲ ਮੁਕੇਸ਼ ਅਗਨੀਹੋਤਰੀ ਵੀ ਉੱਪ ਮੁੱਖ ਮੰਤਰੀ ਬਣ ਗਏ ਹਨ। ਇਸ ਮੌਕੇ ਰਾਹੁਲ ਗਾਂਧੀ,ਪ੍ਰਿਅੰਕਾ ਵਾਡਰਾ ਅਤੇ ਕਾਂਗਰਸ ਦੇ ਕੌਮੀ ਪ੍ਰਧਾਨ ਮਲਿਕਾਅਰਜੁਨ ਖੜਕੇ ਵੀ ਸਹੁੰ ਚੁੱਕ ਸਮਾਗਮ ਵਿੱਚ ਪਹੁੰਚੇ। ਇਸ ਤੋਂ ਪਹਿਲਾਂ ਸੁੱਖੂ ਆਪ ਪਾਰਟੀ ਵਿੱਚ ਆਪਣੀ ਵਿਰੋਧੀ ਪ੍ਰਤਿਭਾ ਸਿੰਘ ਨੂੰ ਸਹੁੰ ਚੁੱਕ ਸਮਾਗਮ ਦਾ ਸੱਦਾ ਦੇਣ ਉਨ੍ਹਾਂ ਦੇ ਘਰ ਪਹੁੰਚੇ ਸਨ । ਉਧਰ ਸਹੁੰ ਚੁੱਕ ਸਮਾਗਮ ਵਿੱਚ ਰਾਹੁਲ ਅਤੇ ਪ੍ਰਿਅੰਕਾ ਨੇ ਆਪਣੇ ਵਤੀਰੇ ਨਾਲ ਨਾ ਸਿਰਫ਼ ਪਾਰਟੀ ਦੇ 2 ਖੇਮਿਆਂ ਨੂੰ ਖੁਸ਼ ਕਰਨ ਦੀ ਕੋਸ਼ਿਸ ਕੀਤੀ ਬਲਕਿ ਕਾਂਗਰਸੀਆਂ ਦਾ ਦਿਲ ਵੀ ਜਿੱਤ ਲਿਆ ।

ਹਿਮਾਚਲ ਪ੍ਰਦੇਸ਼ ਦੇ ਨਵੇਂ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਦੀ ਮਾਂ ਸੰਸਾਰ ਦੇਵੀ ਵੀ ਸਹੁੰ ਚੁੱਕ ਸਮਾਗਮ ਵਿੱਚ ਪਹੁੰਚੀ ਸੀ । ਰਾਹੁਲ ਨੂੰ ਜਦੋਂ ਪਤਾ ਚੱਲਿਆ ਤਾਂ ਉਨ੍ਹਾਂ ਨੇ ਸੰਸਾਰ ਦੇਵੀ ਨੂੰ ਮੰਚ ‘ਤੇ ਬੁਲਾਇਆ ਉਨ੍ਹਾਂ ਦੇ ਨਾਲ ਮਿਲੇ। ਪ੍ਰਿਯੰਕਾ ਗਾਂਧੀ ਨੇ ਸੁੱਖੂ ਦੀ ਮਾਂ ਨੂੰ ਗਲੇ ਲਾਇਆ ਅਤੇ ਆਪਣੇ ਨਾਲ ਮੰਚ ‘ਤੇ ਬਿਠਾਇਆ । ਉਧਰ ਪ੍ਰਿਅੰਕਾ ਗਾਂਧੀ ਨੇ ਨਰਾਜ਼ ਹਿਮਾਚਲ ਕਾਂਗਰਸ ਦੀ ਪ੍ਰਧਾਨ ਪ੍ਰਤਿਭਾ ਸਿੰਘ ਨੂੰ ਗਲੇ ਲਗਾਇਆ ਅਤੇ ਜਿੱਤ ਦੀ ਵਧਾਈ ਦਿੱਤੀ। ਹਿਮਾਚਲ ਚੋਣਾਂ ਦੌਰਾਨ ਪ੍ਰਿਅੰਕਾ ਗਾਂਧੀ ਨੇ ਸੂਬੇ ਵਿੱਚ ਕਈ ਰੈਲੀਆਂ ਕੀਤੀਆਂ ਸਨ ਜਦਕਿ ਰਾਹੁਲ ਗਾਂਧੀ ਭਾਰਤ ਜੋੜੋ ਯਾਤਰਾ ਵਿੱਚ ਹੀ ਰਹੇ ਸਨ ।

ਹਿਮਾਚਲ ਕਾਂਗਰਸ ਦੀ ਸੂਬਾ ਪ੍ਰਧਾਨ ਪ੍ਰਤਿਭਾ ਸਿੰਘ ਨੇ ਕਿਹਾ ਹਿਮਾਚਲ ਵਿੱਚ ਸਥਿਰ ਸਰਕਾਰ ਰਹੇਗੀ । ਉਹ ਸੂਬੇ ਵਿੱਚ ਮੁੱਖ ਮੰਤਰੀ ਅਹੁਦੇ ਦੀ ਦਾਅਵੇਦਾਰ ਸਨ। ਸੁੱਖੂ ਨਾਲ ਮੁਲਾਕਾਤ ਤੋਂ ਬਾਅਦ ਪ੍ਰਤਿਭਾ ਸਿੰਘ ਨੇ ਕਿਹਾ ਕਿ ਉਨ੍ਹਾਂ ਦਾ ਪੁੱਤਰ ਵਿਕਰਮਾਦਿੱਤਿਆ ਦਾ ਮੰਤਰੀ ਬਣਨਾ ਤੈਅ ਹੈ । ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਚੌਥੀ ਵਾਰ ਅਤੇ ਉੱਪ ਮੁੱਖ ਮੰਤਰੀ ਅਗਨੀਹੋਤਰੀ ਪੰਜਵੀਂ ਵਾਰ ਵਿਧਾਨਸਭਾ ਪਹੁੰਚੇ ਹਨ। ਇਸ ਤੋਂ ਪਹਿਲਾਂ ਸੁੱਖੂ ਕਾਂਗਰਸ ਦੇ ਸੂਬਾ ਪ੍ਰਧਾਨ ਵੀ ਰਹਿ ਚੁੱਕੇ ਹਨ। 2022 ਦੀਆਂ ਚੋਣਾਂ ਵਿੱਚ ਉਨ੍ਹਾਂ ਨੂੰ ਕਾਂਗਰਸ ਨੇ ਪ੍ਰਚਾਰ ਕਮੇਟੀ ਦਾ ਪ੍ਰਧਾਨ ਬਣਾਇਆ ਸੀ । ਵੀਰਭਦਰ ਦੇ ਰਹਿੰਦੇ ਹੋਏ ਸੁਖਵਿੰਦਰ ਸਿੰਘ ਸੁੱਖੂ ਕਦੇ ਵੀ ਮੰਤਰੀ ਨਹੀਂ ਬਣ ਸਕੇ ਸਨ । ਦੋਵਾਂ ਨੂੰ ਇੱਕ ਦੂਜੇ ਦਾ ਵੱਡਾ ਸਿਆਸੀ ਵਿਰੋਧੀ ਕਿਹਾ ਜਾਂਦਾ ਸੀ । ਸੁੱਖੂ ਨੂੰ ਹਮੇਸ਼ਾ ਤੋਂ ਰਾਹੁਲ ਗਾਂਧੀ ਦਾ ਕਰੀਬੀ ਮੰਨਿਆ ਜਾਂਦਾ ਸੀ। ਉਨ੍ਹਾਂ ਨੇ ਹੀ ਸੁਖਵਿੰਦਰ ਸਿੰਘ ਸੁੱਖੂ ਨੂੰ ਲੰਮੇ ਵਕਤ ਤੱਕ ਸੂਬਾ ਕਾਂਗਰਸ ਦੇ ਪ੍ਰਧਾਨ ਦੀ ਕਮਾਨ ਸੌਂਪੀ ਸੀ । ਮੌਜੂਦਾ ਵਿਧਾਨਸਭਾ ਵਿੱਚ ਤਕਰੀਬਨ 18 ਅਜਿਹੇ ਵਿਧਾਇਕ ਹਨ ਜੋ ਸੁੱਖੂ ਦੇ ਸੂਬਾ ਪ੍ਰਧਾਨ ਰਹਿੰਦੇ ਹੋਏ ਹੀ ਪਾਰਟੀ ਵਿੱਚ ਸ਼ਾਮਲ ਹੋਏ ਸਨ ਇਸੇ ਲਈ ਉਨ੍ਹਾਂ ਦੀ ਮੁੱਖ ਮੰਤਰੀ ਦੀ ਦਾਅਵੇਦਾਰੀ ਕਾਫੀ ਮਜਬੂਤ ਸੀ ।