India

ਰਾਹੁਲ ਗਾਂਧੀ ਦਾ ਕਿਸਾਨਾ ਨੂੰ ਕਰਜ਼ਾ ਮੁਆਫੀ ਦਾ ਭਰੋਸਾ, ਜਾਤੀ ਜਨਗਣਨਾ ਦਾ ਕੀਤਾ ਐਲਾਨ

ਕਾਂਗਰਸੀ ਆਗੂ ਰਾਹੁਲ ਗਾਂਧੀ ( Rahul Gandhi) ਨੇ ਕਿਹਾ ਕਿ ਜੇਕਰ ਕਾਂਗਰਸ ( Congress) ਸੱਤਾ ਵਿੱਚ ਆਉਂਦੀ ਹੈ ਤਾਂ ਕਿਸਾਨਾ ਦੇ ਕਰਜ਼ੇ ਮੁਆਫ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਦੇਸ਼ ਵਿਚ ਫੌਰੀ ਜਾਤੀ ਜਨਗਣਨਾ ਵੀ ਕਰਵਾਈ ਜਾਵੇਗੀ। ਛੱਤੀਸਗੜ੍ਹ ਦੇ ਬਸਤਰ ਜ਼ਿਲ੍ਹੇ ਅਤੇ ਮਹਾਰਾਸ਼ਟਰ ਦੇ ਭੰਡਾਰਾ ਜ਼ਿਲ੍ਹੇ ਦੇ ਸਕੋਲੀ ਵਿੱਚ ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਕਾਂਗਰਸ ਦੇ ਸੱਤਾ ਵਿੱਚ ਆਉਣ ਮਗਰੋਂ ਕਿਸਾਨਾਂ ਦੇ ਕਰਜ਼ਿਆਂ ’ਤੇ ਲੀਕ ਮਾਰੀ ਜਾਵੇਗੀ।

ਰਾਹੁਲ ਗਾਂਧੀ ਨੇ ਕਿਹਾ ਕਿ ਦੇਸ਼ ਵਿੱਚ ਬੇਰੁਜ਼ਗਾਰੀ ਅਤੇ ਮਹਿੰਗਾਈ ਮੁੱਖ ਮੁੱਦੇ ਹਨ। ਜਿੰਨਾ ਨੂੰ ਦੇਸ਼ ਦਾ ਮੀਡੀਆ ਨਜ਼ਰਅੰਦਾਜ਼ ਕਰਕੇ ਪ੍ਰਧਾਨ ਮੰਤਰੀ ਤੇ ਹੋਰ ਸਿਲੈਬਰਿਟੀਜ਼ ਦੇ ਪ੍ਰੋਗਰਾਮਾਂ ਵੱਲ ਧਿਆਨ ਕੇਂਦਰਤ ਕਰ ਰਿਹਾ ਹੈ। ਗਾਂਧੀ ਨੇ ਕਿਹਾ ਕਿ ਕੇਂਦਰ ਵਿਚ ‘ਇੰਡੀਆ’ ਗੱਠਜੋੜ ਦੀ ਸਰਕਾਰ ਬਣਨ ’ਤੇ ਐੱਮਐੱਸਪੀ ਦੀ ਕਾਨੂੰਨੀ ਗਾਰੰਟੀ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕਾਂਗਰਸ  ਆਜ਼ਾਦੀ ਤੋਂ ਬਾਅਦ ਹਰੀ ਕ੍ਰਾਂਤੀ, ਸਫ਼ੈਦ ਕ੍ਰਾਂਤੀ, ਆਈਟੀ ਕ੍ਰਾਂਤੀ ਤੇ ਬੈਂਕਾਂ ਦੇ ਰਾਸ਼ਟਰੀਕਰਨ ਲਈ ਕੰਮ ਕਰ ਰਹੀ ਹੈ ਅਤੇ ਸੱਤਾ ਵਿਚ ਆਉਣ ਮਗਰੋਂ ਅਜਿਹੇ ਹੋਰ ਕਈ ਕਦਮ ਚੁੱਕੇ ਜਾਣਗੇ। ਉਨ੍ਹਾਂ ਕੇਂਦਰ ਦੀ ਅਗਨੀਪਥ ਸਕੀਮ ਨੂੰ ਗਲਤ ਕਰਾਰ ਦਿੱਤਾ।

ਰਾਹੁਲ ਗਾਂਧੀ ਨੇ ਲੋਕ ਸਭਾ ਚੋਣਾਂ ਨੂੰ ਦੋ ਵਿਚਾਰਧਾਰਾਵਾਂ ਦੀ ਲੜਾਈ ਦੱਸਦਿਆਂ ਕਿਹਾ ਕਿ ਇੱਕ ਵਿਚਾਰਧਾਰਾ ਜਮਹੂਰੀਅਤ ਨੂੰ ਬਚਾਉਣ ਵਾਲੀ ਅਤੇ ਦੂਜੇ ਪਾਸੇ ਇਸ ਨੂੰ ਤਬਾਹ ਕਰਨ ਵਾਲੀ ਹੈ। ਗਾਂਧੀ ਨੇ ਕਿਹਾ ਕਿ ਰਾਸ਼ਟਰਪਤੀ ਦਰੋਪਦੀ ਮੁਰਮੂ ਨੂੰ ਅਯੁੱਧਿਆ ਵਿੱਚ ਰਾਮ ਮੰਦਿਰ ’ਚ ਪ੍ਰਾਣ ਪ੍ਰਤਿਸ਼ਠਾ (ਮੂਰਤੀ ਸਥਾਪਨਾ) ਵਿੱਚ ਇਸ ਲਈ ਸ਼ਾਮਲ ਨਾਂ ਹੋਣ ਦਿੱਤਾ ਗਿਆ ਕਿਉਂਕਿ ਉਹ ਆਦਿਵਾਸੀ ਸਨ।

ਉਨ੍ਹਾਂ ਕਿਹਾ ਕਿ ਇਹ ਭਾਰਤੀ ਜਨਤਾ ਪਾਰਟੀ ਦੀ ਮਾਨਸਿਕਤਾ ਹੈ। ਗਾਂਧੀ ਨੇ ਕਿਹਾ ਕਿ ‘‘ਮੋਦੀ ਜੀ ‘ਆਦਿਵਾਸੀ’ ਸ਼ਬਦ ਨੂੰ ਬਦਲਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ। ਅਸੀਂ ਤੁਹਾਨੂੰ (ਕਬਾਇਲੀਆਂ) ਆਦਿਵਾਸੀ ਕਹਿੰਦੇ ਹਾਂ, ਪਰ ਉਹ ਤੁਹਾਡੇ ਲਈ ‘ਵਨਵਾਸੀ’ ਸ਼ਬਦ ਵਰਤਦੇ ਹਨ। ਵਨਵਾਸੀ ਤੇ ਆਦਿਵਾਸੀ ਸ਼ਬਦਾਂ ਵਿੱਚ ਵੱਡਾ ਫ਼ਰਕ ਹੈ। ‘ਆਦਿਵਾਸੀ’ ਸ਼ਬਦ ਦਾ ਡੂੰਘਾ ਅਰਥ ਹੈ। ਇਹ ਸ਼ਬਦ ਜਲ, ਜੰਗਲ ਤੇ ਜ਼ਮੀਨ ’ਤੇ ਤੁਹਾਡੇ ਅਧਿਕਾਰ ਨੂੰ ਦਰਸਾਉਂਦਾ ਹੈ ਜਦੋਂਕਿ ਵਨਵਾਸੀ ਦਾ ਮਤਲਬ ਹੈ ਜਿਹੜੇ ਲੋਕ ਜੰਗਲ ਵਿਚ ਰਹਿੰਦੇ ਹਨ।