Punjab

ਵਾਟਰ ਸੈੱਸ ਮਾਮਲੇ ‘ਚ ਹਿਮਾਚਲ ਦੇ CM ਸੁੱਖੂ ਨੇ ਕੱਢੇ ਭਰਮ ਭੁਲੇਖ, CM ਮਾਨ ਦੀ ਰਿਹਾਇਸ਼ ‘ਤੇ ਬਣੀ ਇਹ ਸਹਿਮਤੀ..

Sukhwinder Sukhu, hydro power project, Water Cess , CM MANN

ਚੰਡੀਗੜ੍ਹ : ਵਾਟਰ ਸੈੱਸ(Water Cess)  ਸਿਰਫ਼ ਹਿਮਾਚਲ ਦੇ ਪਣ-ਬਿਜਲੀ ਪਲਾਂਟਾਂ( Hydropower plants) ‘ਤੇ ਹੀ ਲਗਾਇਆ ਜਾਵੇਗਾ ਅਤੇ ਇਹ ਪੰਜਾਬ ਵਿੱਚ ਲਾਗੂ ਨਹੀਂ ਹੋਵੇਗਾ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ( CM Bhagwant Mann) ਨਾਲ ਸਰਕਾਰੀ ਰਿਹਾਇਸ਼ ‘ਤੇ ਮੁਲਾਕਾਤ ਤੋਂ ਬਾਅਦ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਮੰਤਰੀ ਸੁਖਵਿੰਦਰ ਸਿੰਘ ਸੁੱਖੂ(CM Sukhwinder Sukhu) ਨੇ ਮੀਡੀਆ ਸਾਹਮਣੇ ਇਸ ਗੱਲ ਦਾ ਪ੍ਰਗਟਾਵਾ ਕੀਤਾ।

ਦੱਸ ਦਈਏ ਕਿ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਹਿਮਾਚਲ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਵਿਚਕਾਰ ਚੰਡੀਗੜ੍ਹ ਸਥਿਤ ਸੀਐੱਮ ਦੀ ਰਿਹਾਇਸ਼ ਉੱਤੇ ਅਹਿਮ ਮੀੀਟਿੰਗ ਹੋਈ। ਇਸ ਤੋਂ ਬਾਅਦ ਦੋਵਾਂ ਮੁੱਖ ਮੰਤਰੀਆਂ ਨੇ ਸਾਂਝੀ ਪ੍ਰੈੱਸ ਕਾਨਫਰੰਸ ਕਰਕੇ ਮੀਟਿੰਗ ਬਾਰੇ ਜਾਣਕਾਰੀ ਦਿੱਤੀ।

ਇਸ ਮੌਕੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਕਿ ਵਾਟਰ ਸੈੱਸ ਸਿਰਫ਼ ਉਨ੍ਹਾਂ ਦੇ ਆਪਣੇ ਸੂਬੇ ਦੇ ਪਣ-ਬਿਜਲੀ ਪਲਾਂਟਾਂ ‘ਤੇ ਲਗਾਇਆ ਜਾਣਾ ਹੈ ਅਤੇ ਇਹ ਪੰਜਾਬ ਵਿੱਚ ਲਾਗੂ ਨਹੀਂ ਹੋਵੇਗਾ। ਸੁੱਖੂ ਨੇ ਕਿਹਾ ਕਿ ਵਾਟਰ ਸੈੱਸ ਸਿਰਫ਼ ਤੇ ਸਿਰਫ਼ ਹਿਮਾਚਲ ਦੀਆਂ 172 ਹਾਈਡ੍ਰੋ ਪ੍ਰੋਜੈਕਟਾਂ ‘ਤੇ ਹੀ ਲਾਇਆ ਗਿਆ ਹੈ। ਇਸ ਸਬੰਧੀ ਫੈਲੀ ਗਲਤਫਮੀ ਨੂੰ ਮੀਟਿੰਗ ਵਿੱਚ ਦੂਰ ਕੀਤਾ ਗਿਆ ਹੈ।

ਉਨ੍ਹਾਂ ਦੱਸਿਆ ਕਿ ਮੀਟਿੰਗ ਵਿੱਚ ਮਸਲੇ ਦੇ ਹੱਲ ਲਈ ਇਸ ਗੱਲ ‘ਤੇ ਸਹਿਮਤੀ ਪ੍ਰਗਟਾਈ ਕਿ ਰਾਜਾਂ ਦੇ ਮੁੱਖ ਸਕੱਤਰ ਅਤੇ ਬਿਜਲੀ ਸਕੱਤਰ ਹਰ ਪੰਦਰਵਾੜੇ ਬਾਅਦ ਮੀਟਿੰਗ ਕਰਨਗੇ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਰਾਜਾਂ ਵਿਚਕਾਰ ਕੋਈ ਵਿਵਾਦ ਨਾ ਹੋਵੇ।

ਸ਼ਰਧਾਲੂਆਂ ਦੀ ਯਾਤਰਾ ਨੂੰ ਸੁਖਾਲਾ ਲਈ ਬਣੀ ਇਹ ਸਹਿਮਤੀ

ਮੀਡੀਆ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਹਿਮਾਚਲ ਨਾਲ ਸਾਡੀ ਸਾਂਝ ਇਕੱਲੀ ਸੈਰ ਸਪਾਟੇ ਦੀ ਨਹੀਂ ਬਲਕਿ ਨਾਲ ਨਾਲ ਧਾਰਮਿਕ ਸੈਰ ਸਪਾਟੇ ਦੀ ਵੀ ਸਾਂਝ ਹੈ। ਪੰਜਾਬ ਵਿੱਚੋਂ ਲੋਕ ਮਨੀਕਰਨ ਸਾਹਿਬ , ਨੈਣਾ ਦੇਵੀ ਅਤੇ ਸਥਾਨਾਂ ਉੱਤੇ ਮੱਥਾ ਟੇਕਣ ਜਾਂਦੇ ਹਨ। ਟੂਰਿਜ਼ਮ ਨਾਲ ਸਬੰਧਤ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਅਤੇ ਹਿਮਾਚਲ ਮਿਲ ਕੇ ਕੰਮ ਕਰ ਸਕਦੇ ਹਨ। ਮੁੱਖ ਮੰਤਰੀ ਨੇ ਸ੍ਰੀ ਆਨੰਦਪੁਰ ਸਾਹਿਬ ਅਤੇ ਨੈਣਾ ਦੇਵੀ ਵਿਚਕਾਰ ਰੋਪਵੇਅ ਦੀ ਵਕਾਲਤ ਕੀਤੀ ਤਾਂ ਜੋ ਦੋਵਾਂ ਰਾਜਾਂ ਨੂੰ ਆਪਸੀ ਲਾਭ ਹੋ ਸਕੇ। ਉਨ੍ਹਾਂ ਕਿਹਾ ਕਿ ਰੋਪਵੇਅ ਨਾਲ ਇਨ੍ਹਾਂ ਦੋਵਾਂ ਇਤਿਹਾਸਕ ਅਤੇ ਧਾਰਮਿਕ ਸਥਾਨਾਂ ਦੇ ਦਰਸ਼ਨਾਂ ਲਈ ਲੱਖਾਂ ਸ਼ਰਧਾਲੂਆਂ ਨੂੰ ਸਹੂਲਤ ਮਿਲੇਗੀ।

ਦੋਵੇਂ ਮੁੱਖ ਮੰਤਰੀਆਂ ਨੇ ਇਸ ਗੱਲ ‘ਤੇ ਸਹਿਮਤੀ ਪ੍ਰਗਟਾਈ ਕਿ ਇਹ ਪ੍ਰਾਜੈਕਟ ਦੋਵਾਂ ਧਾਰਮਿਕ ਅਸਥਾਨਾਂ ਦੇ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂਆਂ ਦੀ ਯਾਤਰਾ ਨੂੰ ਸੁਖਾਲਾ ਬਣਾਵੇਗਾ, ਜੋ ਇਕ ਦੂਜੇ ਤੋਂ ਕਾਫ਼ੀ ਦੂਰ ਸਥਿਤ ਹਨ ਅਤੇ ਪਹਾੜੀ ਖੇਤਰ ਉਨ੍ਹਾਂ ਦੀਆਂ ਸਮੱਸਿਆਵਾਂ ਵਿੱਚ ਵਾਧਾ ਕਰਦਾ ਹੈ। ਇਸ ਗੱਲ ਉੱਤੇ ਵੀ ਦੋਹੇ ਸੀਐੱਮ ਸਹਿਮਤ ਸਨ ਕਿ ਸੈਰ ਸਪਾਟੇ ਦਾ ਵਿਕਸਤ ਹੋਣਾ ਦੋਹਾਂ ਰਾਜਾਂ ਲਈ ਲਾਹੇਵੰਦ ਹੋਵੇਗਾ।

ਝੋਨਾ ਸੀਜ਼ਨ ਦੌਰਾਨ ਬਿਜਲੀ ਦੀ ਮੰਗ ਦੀ ਪੂਰਤੀ

ਝੋਨੇ ਦੇ ਸੀਜ਼ਮ ਦੌਰਾਨ ਪੰਜਾਬ ਵਿੱਚ ਬਿਜਲੀ ਦੀ ਮੰਗ ਵੱਧ ਜਾਂਦੀ ਹੈ। ਇਸਦੀ ਪੂਰਤੀ ਲਈ ਪੰਜਾਬ ਨੂੰ ਦੂਰ-ਦੁਰਾਡੇ ਰਾਜਾਂ ਤੋਂ ਮਹਿੰਗੀ ਬਿਜਲੀ ਖਰੀਦਣੀ ਪੈਂਦੀ ਹੈ। ਜੇਕਰ ਸੀਜ਼ਨ ਦੌਰਾਨ ਹਿਮਾਚਲ ਤੋਂ ਇਸਦੀ ਪੂਰਤੀ ਹੋ ਜਾਵੇ ਤਾਂ ਇਹ ਪੰਜਾਬ ਲਈ ਸਸਤੀ ਹੋਵੇਗੀ। ਮੁੱਖ ਮੰਤਰੀ ਭਗਵੰਤ ਮਾਨ ਨੇ ਹਿਮਾਚਲ ਦੇ ਮੁੱਖ ਮੰਤਰੀ ਨੂੰ ਸੀਜ਼ਨ ਦੌਰਾਨ ਬਿਜਲੀ ਮੁੱਹਈਆ ਕਰਵਾਉਣ ਦੀ ਗੱਲ ਕੀਤੀ। ਜਿਸ ਨਾਲ ਦੋਹਾਂ ਸੂਬਿਆਂ ਨੂੰ ਫਾਇਦਾ ਮਿਲੇਗਾ। ਇਸ ਮੌਕੇ ਸੀਐਮ ਸੁੱਖੂ ਨੇ ਦੱਸਿਆ ਕਿ ਸੀਐਮ ਭਗਵੰਤ ਮਾਨ ਨਾਸ਼ਤੇ ਦੇ ਸੱਦੇ ‘ਤੇ ਆਏ ਹਨ। ਉਨ੍ਹਾਂ ਪੰਜਾਬ ਦੀ ਆਰਥਿਕ ਹਾਲਤ ਨੂੰ ਮਜ਼ਬੂਤ ​​ਦੱਸਦਿਆਂ ਮੁੱਖ ਮੰਤਰੀ ਮਾਨ ਨੂੰ ਹਿਮਾਚਲ ਪ੍ਰਦੇਸ਼ ਵਿੱਚ ਨਿਵੇਸ਼ ਕਰਨ ਦੀ ਅਪੀਲ ਕੀਤੀ।