Punjab

ਸੁਖਰਾਜ ਸਿੰਘ ਨਿਆਮੀਵਾਲਾ ਨੇ ਕੀਤਾ ਐਲਾਨ,ਨਹੀਂ ਖ਼ਤਮ ਹੋਵੇਗਾ ਬਹਿਬਲ ਕਲਾਂ ਇਨਸਾਫ਼ ਮੋਰਚਾ,

ਫਰੀਦਕੋਟ : ਬਹਿਬਲ ਕਲਾਂ ਵਿੱਖ ਚੱਲ ਰਿਹਾ ਬੇਅਦਬੀ ਇਨਸਾਫ਼ ਮੋਰਚਾ ਹਾਲੇ ਨਹੀਂ ਖ਼ਤਮ ਹੋਵੇਗਾ । ਇਹ ਐਲਾਨ ਅੱਜ ਮੋਰਚੇ ਦੇ ਮੋਢੀ ਸੁਖਰਾਜ ਸਿੰਘ ਨਿਆਮੀਵਾਲਾ ਨੇ ਸ਼ੁਕਰਾਨਾ ਸਮਾਗਮ ਦੇ ਦੌਰਾਨਕੀਤਾ ਹੈ। ਸੰਗਤ ਨਾਲ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਉਹਨਾਂ ਸਾਫ਼ ਕੀਤਾ ਹੈ ਕਿ ਹਾਲ ਦੀ ਘੜੀ ਮੋਰਚਾ ਇਸੇ ਤਰਾਂ ਚਲਦਾ ਰਹੇਗਾ। ਬਹਿਬਲ ਕਲਾਂ ਵਾਲਾ ਚਲਾਨ ਅਦਾਲਤ ਵਿੱਚ ਜਾਣ ਤੋਂ ਬਾਅਦ ਸੰਗਤ ਦੇ ਸਹਿਯੋਗ ਨਾਲ ਸੰਪੂਰਨਤਾ ਦੀ ਅਰਦਾਸ ਕੀਤੀ ਜਾਵੇਗੀ।

ਨਿਆਮੀ ਵਾਲਾ ਨੇ ਕਿਹਾ ਕਿ 16 ਦਸੰਬਰ 2021 ਵਿੱਚ ਸ਼ੁਰੂ ਹੋਏ ਇਸ ਮੋਰਚੇ ਦੌਰਾਨ ਸੰਗਤ ਦਾ ਭਰਪੂਰ ਸਹਿਯੋਗ ਮਿਲਿਆ ਹੈ ਤੇ ਇਸ ਲਈ ਉਹ ਸਾਰੀ ਸੰਗਤ ਤੇ ਹੋਰ ਨੌਜਵਾਨਾਂ ਦੇ ਧੰਨਵਾਦੀ ਹਨ।  ਇਸ ਮੋਰਚੇ ਵਿੱਚ ਬੇਅਦਬੀ ਤੇ ਗੋਲੀਕਾਂਡ ਦੋ ਮੁੱਖ ਮੰਗਾਂ ਰਖੀਆਂ ਗਈਆਂ ਸੀ। ਗੁਰੂ ਦੀ ਮਿਹਰ ਹੋਈ ਹੈ ਤੇ ਪੰਜ ਮਹੀਨੇ ਪਹਿਲਾਂ ਡੇਰਾ ਸਾਧ ਤੇ ਹੁਣ ਬਾਦਲਾਂ ਦਾ ਨਾਮ ਇਹਨਾਂ ਕੇਸਾਂ ਵਿੱਚ ਨਾਮਜ਼ਦ ਹੋਇਆ ਹੈ।

ਨਿਆਮੀਵਾਲਾ ਨੇ ਇਹ ਵੀ ਕਿਹਾ ਹੈ ਕਿ ਬਹਿਬਲ ਕਲਾਂ ਦਾ ਚਲਾਨ ਅਦਾਲਤ ਵਿੱਚ ਜਾਣ ‘ਤੇ ਹੀ ਸੰਪੂਰਨਤਾ ਦੀ ਅਰਦਾਸ ਹੋਵੇਗੀ। ਬਹਿਬਲ ਕਲਾਂ ਵਿੱਚ ਵੀ ਉਹੀ ਦੋਸ਼ੀ ਹਨ ,ਜਿਹੜੇ ਕੋਟਕਪੂਰੇ ਵਾਲੇ ਹਨ। ਇਸ ਤੋਂ ਇਲਾਵਾ ਕੱਲ ਨੂੰ ਜਥਾ ਸ਼੍ਰੀ ਹਰਮਿੰਦਰ ਸਾਹਿਬ ਨਤਮਸਤਕ ਹੋਣ ਲਈ ਜਾਵੇਗਾ।

ਉਹਨਾਂ ਪੰਜਾਬ ਸਰਕਾਰ ਨੂੰ ਵੀ ਇਹਨਾਂ ਮਾਮਲਿਆਂ ਵਿੱਚ ਸਖ਼ਤ ਰੁਖ ਅਪਨਾਉਣ ਲਈ ਕਿਹਾ ਹੈ ਤੇ ਤਾੜਨਾ ਕੀਤੀ ਹੈ ਕਿ ਐਸਆਈਟੀ ਨੇ ਆਪਣਾ ਕੰਮ ਕਰ ਦਿੱਤਾ ਹੈ ਪਰ ਜੇਕਰ ਹੁਣ ਵੀ ਇਨਸਾਫ਼ ਨਾ ਮਿਲਿਆ ਤਾਂ ਸਰਕਾਰ ਪਿਛਲੀਆਂ ਸਰਕਾਰਾਂ ਦਾ ਹਸ਼ਰ ਦੇਖ ਲਵੇ,ਕੀ ਹੋਇਆ ਹੈ?