Punjab

ਕੋਟਕਪੂਰਾ ਮਾਮਲੇ ‘ਚ ਨਿਆਮੀਵਾਲਾ ਨੇ ਸਰਕਾਰ ਦੇ ਇਸ ਫੈਸਲੇ ਦੀ ਕੀਤੀ ਸ਼ਲਾਘਾ , ਕਹੀ ਇਹ ਗੱਲ

ਚੰਡੀਗੜ੍ਹ : ਲੰਘੇ ਕੱਲ੍ਹ ਕੋਟਕਪੂਰਾ ਗੋਲੀਕਾਂਡ ਦੇ ਮਾਮਲੇ ਵਿੱਚ ਏ.ਡੀ.ਜੀ.ਪੀ. ਐੱਲ. ਕੇ. ਯਾਦਵ ਦੀ ਅਗਵਾਈ ਵਿੱਚ ਬਣਾਈ ਗਈ ਸਿੱਟ ਵੱਲੋਂ ਫਰੀਦਕੋਟ ਦੀ ਅਦਾਲਤ ਵਿੱਚ 7 ਹਜ਼ਾਰ ਪੰਨਿਆਂ ਦੀ ਚਾਰਜਸ਼ੀਟ ਦਾਖ਼ਲ ਕੀਤੀ ਗਈ ਹੈ। ਇਸੇ ਦੌਰਾਨ ਬਰਗਾੜੀ ਗੋਲੀ ਕਾਂਡ ਵਿੱਚ ਮਾਰੇ ਗਏ ਕ੍ਰਿਸ਼ਨ ਭਗਵਾਨ ਸਿੰਘ ਨਿਆਮੀ ਵਾਲਾ ਦੇ ਬੇਟੇ ਸੁਖਰਾਜ ਸਿੰਘ ਨਿਆਮੀ ਵਾਲਾ ਨੇ ਸਰਕਾਰ ਦੇ ਇਸ ਫੈਸਲੇ ਦੀ ਸ਼ਲਾਘਾ ਕੀਤੀ ਹੈ। ਉਨ੍ਹਾਂ ਨੇ ਇਸ ਫੈਸਲੇ ‘ਤੇ ਅਕਾਲ ਪੁਰਖ ਦਾ ਧੰਨਵਾਦ ਕੀਤਾ ਹੈ।

ਉਨ੍ਹਾਂ ਨੇ ਆਪਣੇ ਫੇਸਬੁੱਕ ਪੇਜ ‘ਤੇ ਇੱਕ ਪੋਸਟ ਸਾਂਝੀ ਕਰਦਿਆਂ ਕਿਹਾ ਕਿ ” ਸ਼ੁਕਰਾਨੇ ਪਾਤਸ਼ਾਹ ਜੀਓ, ਕੋਟਕਪੂਰਾ ਗੋਲੀਕਾਂਡ ਜੇ ਮਾਸਟਰ ਮਾਇੰਡ ਦੇ ਚਲਾਨ ਪੇਸ਼ ਕੀਤੇ ਗਏ ਫਰੀਦਕੋਟ ਅਦਾਲਤ ਵਿੱਚ। ਸੁਖਬੀਰ ਬਾਦਲ ਅਤੇ ਸੁਮੇਧ ਸੈਣੀ ਮਾਸਟਰ ਮਾਇੰਡ”

ਮਿਲੀ ਜਾਣਕਾਰੀ ਦੇ ਮੁਤਾਬਕ ਇਸ ਚਾਰਜਸ਼ੀਟ ਦੇ ਵਿੱਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦਾ ਵੀ ਨਾਮ ਸ਼ਾਮਲ ਹੈ। ਇਸ ਤੋ ਇਲਾਵਾ ਚਲਾਨ ਵਿੱਚ ਪੰਜਾਬ ਦੇ ਸਾਬਕਾ ਡੀ.ਜੀ.ਪੀ. ਸੁਮੇਧ ਸੈਣੀ ਅਤੇ ਤੱਤਕਾਲੀ ਐੱਸ.ਐੱਸ.ਪੀ. ਚਰਨਜੀਤ ਸ਼ਰਮਾ, ਮੁਅੱਤਲ ਆਈ. ਜੀ. ਪਰਮਰਾਜ ਉਮਰਾਨੰਗਲ ਦਾ ਨਾਂ ਵੀ ਸ਼ਾਮਲ ਕੀਤਾ ਗਿਆ ਹੈ। ਚਾਰਜਸ਼ੀਟ ਦੇ ਵਿੱਚ ਸੁਖਬੀਰ ਸਿੰਘ ਬਾਦਲ ਅਤੇ ਸੁਮੇਧ ਸੈਣੀ ਨੂੰ ਮਾਸਟਰਮਾਈਂਡ ਬਣਾਇਆ ਗਿਆ ਹੈ। ਉਨ੍ਹਾਂ ਖ਼ਿਲਾਫ਼ 7000 ਪੰਨਿਆਂ ਦੀ ਇਸ ਚਾਰਜਸ਼ੀਟ ਵਿੱਚ ਧਾਰਾ 307,153,119,109,120 ਸਣੇ ਹੋਰ ਕਈ ਧਾਰਾਵਾਂ ਲਗਾਈਆਂ ਗਈਆਂ ਹਨ।

ਐਲ ਕੇ ਯਾਦਵ ਤੇ ਐਸਐਸਪੀ ਬਠਿੰਡਾ ਗੁਲਨੀਤ ਸਿੰਘ ਖੁਰਾਣਾ ਦੀ ਅਗਵਾਈ ਵਾਲੀ ਦੀ ਅਗਵਾਈ ਵਿੱਚ ਨਵੀਂ ਬਣੀ ਜਾਂਚ ਕਮੇਟੀ ਨੇ ਇਸ ਗੋਲੀਕਾਂਡ ਦੀ ਜਾਂਚ ਕੀਤੀ ਸੀ ਤੇ ਇਸ ਦੌਰਾਨ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਉਸ ਵੇਲੇ ਦੇ ਗ੍ਰਹਿ ਮੰਤਰੀ ਸੁਖਬੀਰ ਸਿੰਘ ਬਾਦਲ ਤੋਂ ਵੀ ਪੁੱਛਗਿੱਛ ਕੀਤੀ ਸੀ।

ਹਾਲਾਂਕਿ ਇਸ ਤੋਂ ਪਹਿਲਾਂ ਆਈਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਅਗਵਾਈ ਵਾਲੀ ਕੋਟਕਪੂਰਾ ਗੋਲੀ ਕਾਂਡ ਦੀ ਜਾਂਚ ਰਿਪੋਰਟ ਅਪ੍ਰੈਲ 2021 ਵਿੱਚ ਰੱਦ ਕਰ ਦਿੱਤੀ ਗਈ ਸੀ। ਇਸ ਤੋਂ ਬਾਅਦ ਸਰਕਾਰ ਨੇ ਨਵੀਂ ਐਸਆਈਟੀ ਗਠਿਤ ਕਰਕੇ ਨਵੇਂ ਸਿਰੇ ਤੋਂ ਜਾਂਚ ਕਰਨ ਦੇ ਹੁਕਮ ਦਿੱਤੇ ਗਏ ਸਨ। ਉਸ ਸਮੇਂ ਤਤਕਾਲੀ ਡੀਜੀਪੀ ਸੈਣੀ, ਆਈਜੀ ਪਰਮਰਾਜ ਉਮਰਾਨੰਗਲ, ਐਸਐਸਪੀ ਚਰਨਜੀਤ ਸ਼ਰਮਾ, ਸਾਬਕਾ ਅਕਾਲੀ ਵਿਧਾਇਕ ਮਨਤਾਰ ਸਿੰਘ ਬਰਾੜ ਸਮੇਤ ਕਰੀਬ 8 ਖ਼ਿਲਾਫ਼ ਚਾਰਜਸ਼ੀਟ ਦਾਖ਼ਲ ਕੀਤੀ ਗਈ ਸੀ।

ਜ਼ਿਕਰਯੋਗ ਹੈ ਕਿ ਸਾਲ 2015 ਵਿੱਚ ਫਰੀਦਕੋਟ ਨੇ ਬੁਰਜ ਜਵਾਹਰ ਸਿੰਘ ਵਾਲਾ ਗੁਰਦੁਆਰੇ ਤੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਚੋਰੀ ਹੋਏ ਸਨ ਅਤੇ ਕਈ ਮਹੀਨਿਆਂ ਬਾਅਦ ਅੰਗ ਨਜ਼ਦੀਕੀ ਪਿੰਡ ਬਰਗਾੜੀ ਤੋਂ ਬਰਾਮਦ ਹੋਏ ਸਨ। ਜਿਸ ਤੋਂ ਬਾਅਦ ਵਿਰੋਧ ਪ੍ਰਦਰਸ਼ਨ ਕਰ ਰਹੇ ਪ੍ਰਦਰਸ਼ਨਕਾਰੀਆਂ ਦੇ ਉੱਪਰ ਪੁਲਿਸ ਵੱਲੋਂ ਪਿੰਡ ਬਹਿਬਲ ਕਲਾਂ ਅਤੇ ਕੋਟਕਪੂਰਾ ਵਿਖੇ ਗੋਲੀ ਚਲਾਈ ਗਈ ਸੀ। ਬਹਿਬਲ ਕਲਾਂ ਗੋਲੀਕਾਂਡ ਦੇ ਵਿੱਚ ਦੋ ਪ੍ਰਦਰਸ਼ਨਕਾਰੀ ਕ੍ਰਿਸ਼ਨ ਭਗਵਾਨ ਸਿੰਘ ਅਤੇ ਗੁਰਜੀਤ ਸਿੰਘ ਦੀ ਮੌਤ ਹੋ ਗਈ ਸੀ। ਕੋਟਕਪੂਰਾ ਵਿਖੇ ਗੋਲੀ ਦੀ ਘਟਨਾ ਲਈ ਏ.ਡੀ.ਜੀ.ਪੀ. ਐੱਲ. ਕੇ. ਯਾਦਵ ਦੀ ਅਗਵਾਈ ਵਿੱਚ ਵਿਸ਼ੇਸ਼ ਜਾਂਚ ਟੀਮ ਬਣਾਈ ਗਈ ਹੈ, ਜਿਸ ਦੇ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਸੰਨ 2015 ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਤੇ ਉਸ ਤੋਂ ਬਾਅਦ ਵਾਪਰੀ ਇਸ ਘਟਨਾ ਨੂੰ ਲੈ ਕੇ ਲਗਾਤਾਰ ਰੋਸ ਪ੍ਰਦਰਸ਼ਨ ਹੁੰਦੇ ਆ ਰਹੇ ਹਨ ਤੇ ਬਹਿਬਲ ਕਲਾਂ ਵਿੱਚ ਇੱਕ ਸਾਲ ਤੋਂ ਤੇ ਪੰਜਾਬ-ਮੁਹਾਲੀ ਦੀ ਸਰਹੱਦ ਤੇ ਪਿਛਲੇ ਡੇਢ ਮਹੀਨੇ ਤੋਂ ਇਸ ਮਾਮਲੇ ਵਿੱਚ ਇਨਸਾਫ਼ ਲਈ ਮੋਰਚਾ ਚੱਲ ਰਿਹਾ ਹੈ। ਪੰਜਾਬ ਦੀ ਮੌਜੂਦਾ ਸਰਕਾਰ ਨੇ ਬਹਿਬਲ ਕਲਾਂ ਇਨਸਾਫ ਮੋਰਚੇ ਨੂੰ 28 ਫਰਵਰੀ ਤੱਕ ਇਸ ਮਾਮਲੇ ਵਿੱਚ ਇਨਸਾਫ ਦੇਣ ਦੀ ਗੱਲ ਕਹੀ ਹੈ।