Punjab

CM ਮਾਨ ਵੱਲੋਂ Z+ ਸੁਰੱਖਿਆ ਨੂੰ ਨਾ ! ਰੰਧਾਵਾ ਨੇ ਪੁੱਛੇ ਮਾਨ ਨੂੰ 2 ਸਵਾਲ !

ਬਿਉਰੋ ਰਿਪੋਰਟ : ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੇਂਦਰ ਸਰਕਾਰ ਵੱਲੋਂ Z+ ਸੁਰੱਖਿਆ ਲੈਣ ਤੋਂ ਇਨਕਾਰ ਕਰਨ ਦੇ ਬਾਵਜ਼ੂਦ ਵਿਰੋਧੀ ਧਿਰਾਂ ਨੇ ਮੌਜੂਦਾ ਸੁਰੱਖਿਆ ਨੂੰ ਲੈਕੇ ਮਾਨ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਹੈ। ਚੰਨੀ ਸਰਕਾਰ ਵਿੱਚ ਸਾਬਕਾ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਮਾਨ ‘ਤੇ ਤੰਜ ਕੱਸਦੇ ਹੋਏ ਮੌਜੂਦਾ ਸੁਰੱਖਿਆ ਘੇਰੇ ਨੂੰ ਲੈਕੇ ਕੁਝ ਸਵਾਲ ਕੀਤੇ ਹਨ ਅਤੇ ਉਸ ਦਾ ਜਵਾਬ ਮੰਗਿਆ ਹੈ ।

ਰੰਧਾਵਾ ਦਾ ਮੁੱਖ ਮੰਤਰੀ ਮਾਨ ਨੂੰ ਸਵਾਲ

ਕਾਂਗਰਸ ਦੇ ਮੌਜੂਦਾ ਵਿਧਾਇਕ ਅਤੇ ਸੀਨੀਅਰ ਆਗੂ ਸੁਖਜਿੰਦਰ ਸਿੰਘ ਰੰਧਾਵਾ ਨੇ ਟਵੀਟ ਕਰਕੇ ਲਿਖਿਆ ‘ਮਾਨ ਸਾਹਿਬ ਚੀਚੀ ਤੇ ਲਹੂ ਲਾਕੇ ਸ਼ਹੀਦ ਨਾਂ ਬਣੋ! ਤੁਸੀਂ ਕਹਿੰਦੇ ਹੋ ਕੇ ਮੈਂ ਕੇਂਦਰ ਦੀ ਸਕਿਓਰਟੀ ਨਹੀਂ ਲੈਣੀ ਪਰ ਜ਼ਰਾ ਕਿਰਪਾ ਕਰਕੇ ਪੰਜਾਬ ਸਰਕਾਰ ਦੀ ਸਕਿਓਰਟੀ ਤੇ ਗੰਨਮੈਨਾਂ ਦੀ ਗਿਣਤੀ ਬਾਰੇ ਲੋਕਾਂ ਨੂੰ ਚਾਨਣਾ ਪਾਓ ਕਿ ਤੁਹਾਡੇ ਤੇ ਤੁਹਾਡੇ ਪਰਿਵਾਰ ਕੋਲ ਕਿੰਨੀ ਗਿਣਤੀ ਵਿੱਚ ਸਕਿਓਰਟੀ ਹੈ’? ਰੰਧਾਵਾ ਨੇ ਅਗਲੇ ਟਵੀਟ ਵਿੱਚ ਲਿਖਿਆ ਕਿ ‘ਮਾਨ ਸਾਹਿਬ ਖੰਡ-ਖੰਡ ਕਹਿਣ ਨਾਲ ਮੂੰਹ ਮਿੱਠਾ ਨਹੀਂ ਹੁੰਦਾ, ਜਿੰਨਾਂ ਚਿਰ ਖੰਡ ਮੂੰਹ ਵਿੱਚ ਨਾਂ ਪਵੇ, ਇਹ ਤੁਹਾਡੀਆਂ ਸ਼ੋਸ਼ੇਬਾਜੀਆਂ ਨਾਲ ਲੋਕਾਂ ਦਾ ਢਿੱਡ ਨਹੀਂ ਭਰਨਾ। ਆਪਣੀ ਕਹਿਣੀ ਤੇ ਕਥਨੀ ਵਿਚਲਾ ਅੰਤਰ ਦੂਰ ਕਰੋ’।

 

ਮੁੱਖ ਮੰਤਰੀ ਮਾਨ ਦਾ ਕੇਂਦਰ ਨੂੰ ਜਵਾਬ

CM ਮਾਨ ਦੀ ਸੁਰੱਖਿਆ ਟੀਮ ਨੇ ਵੀਰਵਾਰ ਨੂੰ ਕੇਂਦਰ ਨੂੰ ਚਿੱਠੀ ਲਿੱਖ ਕੇ ਜਵਾਬ ਭੇਜਿਆ ਅਤੇ ਕਿਹਾ ਕਿ ਪੰਜਾਬ ਅਤੇ ਦਿੱਲੀ ਵਿੱਚ Z+ ਸੁਰੱਖਿਆ ਦੀ ਜ਼ਰੂਰਤ ਨਹੀਂ ਹੈ। ਉਨ੍ਹਾਂ ਦੇ ਲਈ ਪੰਜਾਬ ਪੁਲਿਸ ਅਤੇ CM ਸੁਰੱਖਿਆ ਦੀ ਸਪੈਸ਼ਲ ਟੀਮ ਹੀ ਕਾਫੀ ਹੈ। ਸੁਰੱਖਿਆ ਟੀਮ ਨੇ ਤਰਕ ਦਿੱਤਾ ਕਿ ਪੰਜਾਬ ਅਤੇ ਦਿੱਲੀ ਵਿੱਚ 2-2 ਸੁਰੱਖਿਆ ਘੇਰੇ ਹਨ ( ਪੰਜਾਬ ਪੁਲਿਸ ਅਤੇ CRPF) ਹੋਣ ਦੀ ਵਜ੍ਹਾ ਕਰਕੇ ਕੋਈ ਪਰੇਸ਼ਾਨੀ ਨਹੀਂ ਹੈ। ਉਨ੍ਹਾਂ ਨੇ ਕਿਹਾ 2 ਕਮਾਂਡ ਹੋਣ ਦੀ ਵਜ੍ਹਾ ਕਰਕੇ ਸੁਰੱਖਿਆ ਘੇਰੇ ਨੂੰ ਨੁਕਸਾਨ ਹੋ ਸਕਦਾ ਹੈ ।

55 CRPF ਕਮਾਂਡੋ ਦੇਣਾ ਚਾਹੁੰਦਾ ਸੀ ਕੇਂਦਰ

25 ਮਈ ਨੂੰ ਕੇਂਦਰ ਸਰਕਾਰ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ Z+ ਸੁਰੱਖਿਆ ਦੇਣ ਦਾ ਐਲਾਨ ਕੀਤਾ ਸੀ । ਖੁਫ਼ੀਆ ਵਿਭਾਗ ਦੀ ਰਿਪੋਰਟ ਤੋਂ ਬਾਅਦ ਇਹ ਫ਼ੈਸਲਾ ਲਿਆ ਗਿਆ ਸੀ । ਇਸ ਦੇ ਤਹਿਤ 55 ਕਮਾਂਡੋ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਮਿਲਣੇ ਸਨ। ਜਿਸ ਵਿੱਚ 10 NSG ਕਮਾਂਡੋ ਨੂੰ ਵੀ ਜੋੜਿਆ ਜਾਣਾ ਸੀ, ਜ਼ਿਆਦਾਤਰ ਇਹ ਕਮਾਂਡੋ CRPF ਦੇ ਹੁੰਦੇ ਹਨ।

ਅੰਮ੍ਰਿਤਪਾਲ ਸਿੰਘ ਦੇ ਮਾਮਲੇ ਤੋਂ ਬਾਅਦ ਸੁਰੱਖਿਆ ਵਧਾਉਣ ਦਾ ਫ਼ੈਸਲਾ

ਖੁਫ਼ੀਆ ਵਿਭਾਗ ਨੇ ਅੰਮ੍ਰਿਤਪਾਲ ਸਿੰਘ ਦੇ ਮਾਮਲੇ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸੁਰੱਖਿਆ ਵਧਾਉਣ ਦਾ ਫ਼ੈਸਲਾ ਲਿਆ ਸੀ। ਇਸ ਤੋਂ ਇਲਾਵਾ ਅੰਮ੍ਰਿਤਸਰ ਦਰਬਾਰ ਸਾਹਿਬ ਦੇ ਨਜ਼ਦੀਕ ਹੋਏ ਬੰਬ ਧਮਾਕਿਆਂ ਤੋਂ ਬਾਅਦ ਵੀ ਖੁਫ਼ੀਆ ਵਿਭਾਗ ਅਲਰਟ ਹੋ ਗਿਆ ਸੀ। ਇਨ੍ਹਾਂ ਸਾਰੀਆਂ ਗੱਲਾਂ ਨੂੰ ਵੇਖ ਦੇ ਹੋਏ ਮਾਨ ਦੀ ਸੁਰੱਖਿਆ ਵਧਾਉਣ ਦਾ ਫ਼ੈਸਲਾ ਲਿਆ ਗਿਆ ਸੀ। ਜਦਕਿ ਮੁੱਖ ਮੰਤਰੀ ਮਾਨ ਦਾ ਕਹਿਣਾ ਹੈ ਕਿ ਪੰਜਾਬ ਪੁਲਿਸ ਉਨ੍ਹਾਂ ਦੀ ਸੁਰੱਖਿਆ ਦੇ ਲਈ ਤਿਆਰ ਹੈ,ਬੀਤੇ ਸਮੇਂ ਵਿੱਚ ਪੰਜਾਬ ਪੁਲਿਸ ਦੇ ਕਮਾਂਡੋ ਨੂੰ ਮੁੱਖ ਮੰਤਰੀ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਸੁਰੱਖਿਆ ਦੇਣ ਲਈ ਤਿਆਰ ਕੀਤਾ ਗਿਆ ਹੈ। ਕੁਝ ਮਹੀਨੇ ਪਹਿਲਾਂ ਉਨ੍ਹਾਂ ਦੀ ਪਤਨੀ ਗੁਰਪ੍ਰੀਤ ਕੌਰ ਦੀ ਸੁਰੱਖਿਆ ਵਿੱਚ ਵੀ ਵਾਧਾ ਕੀਤਾ ਗਿਆ ਸੀ ।