Punjab

ਸ਼ਾਮਲਾਟ ਜ਼ਮੀਨ ਘਪਲਾ: ਵਿਜੀਲੈਂਸ ਦੇ ਸ਼ਿਕੰਜੇ ‘ਚ ਫਸੇ ਨਾਇਬ ਤਹਿਸੀਲਦਾਰ ਅਤੇ ਪਟਵਾਰੀ

Shamlat land scam: Naib Tehsildar and Patwari caught in vigilance

ਚੰਡੀਗੜ੍ਹ : ਵਿਜੀਲੈਂਸ ਬਿਉੁਰੋ ਦੀ ਟੀਮ ਵੱਲੋਂ ਸਰਦੂਲਗੜ ਦੇ ਨਾਇਬਾ ਤਹਿਸੀਲਦਾਰ ਬਲਵਿੰਦਰ ਸਿੰਘ ਅਤੇ ਰਿਟਾਰਇਡ ਪਟਵਾਰੀ ਜਗਜੀਤ ਸਿੰਘ ਜੱਗਾ ਨੂੰ ਗ੍ਰਿਫ਼ਤਾਰ ਕੀਤਾ। ਪੰਜਾਬ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਵਿਰੁੱਧ ਅਪਣਾਈ ਜੀਰੋ ਟਾਲਰੈਂਸ ਦੀ ਨੀਤੀ ਅਤੇ ਚੀਫ ਵਿਜੀਲੈਂਸ ਬਿਉਰੋ ਪੰਜਾਬ ਵੱਲੋਂ ਰਿਸ਼ਵਤਖੋਰੀ ਵਿਰੁੱਧ ਵਿੱਢੀ ਮੁਹਿੰਮ ਤਹਿਤ ਇਹ ਕਾਰਵਾਈ ਕੀਤੀ ਗਈ ਹੈ।

ਜਾਣਕਾਰੀ ਦਿੰਦੇ ਹੋਏ ਵਿਜੀਲੈਂਸ ਬਿਉਰੋ ਦੇ ਬੁਲਾਰੇ ਨੇ ਦੱਸਿਆ ਕਿ ਬਲਵਿੰਦਰ ਸਿੰਘ ਨਾਇਬ ਤਹਿਸੀਲਦਾਰ ਸਰਦੂਲਗੜ (ਉਸ ਸਮੇਂ ਕਾਨੂੰਗੋ) ਅਤੇ ਜਗਜੀਤ ਸਿੰਘ ਰਿਟਾਰਇਡ ਪਟਵਾਰੀ ਮਾਲ ਹਲਕਾ ਸੇਮਾਂ ਵੱਲੋ ਮਾਲ ਵਿਭਾਗ ਦੇ ਰਿਕਾਰਡ ਵਿੱਚ ਫੇਰਬਦਲ ਕਰਕੇ ਪਿੰਡ ਸੇਮਾਂ ਤਹਿਸੀਲ ਨਥਾਣਾਂ ਜਿਲਾ ਬਠਿੰਡਾ ਦੀ ਕਰੀਬ 28 ਏਕੜ ਸ਼ਾਮਲਾਤ ਦੀ ਜ਼ਮੀਨ ਵਿੱਚ ਪ੍ਰਾਈਵੇਟ ਵਿਅਕਤੀਆਂ ਨੂੰ ਮਾਲਕ ਅਤੇ ਖੁਦਕਾਸ਼ਤ ਬਣਾ ਦਿੱਤਾ ਗਿਆ।

ਵਿਜੀਲੈਂਸ ਵਿਭਾਗ ਵੱਲੋ ਕੀਤੀ ਗਈ ਪੜਤਾਲ ਦੌਰਾਨ ਇਹ ਸਾਹਮਣੇ ਆਇਆ ਹੈ ਕਿ ਪਟਵਾਰੀ ਜਗਜੀਤ ਸਿੰਘ ਜੱਗਾ ਵੱਲੋਂ ਜਮ੍ਹਾਂਬੰਦੀ 2005-06 ਵਿੱਚ ਪ੍ਰਾਈਵੇਟ ਵਿਅਕਤੀਆਂ ਨੂੰ ਕਾਸ਼ਤਕਾਰ ਤੋਂ ਮਾਲਕ ਬਣਾ ਦਿੱਤਾ ਗਿਆ ਸੀ ਅਤੇ ਬਾਅਦ ਵਿੱਚ ਇਨ੍ਹਾਂ ਮਾਲਕਾ ਵੱਲੋ ਸ਼ਾਮਲਾਤ ਦੀ ਜ਼ਮੀਨ ’ਤੇ ਬੈਂਕਾ ਪਾਸੋ ਲੱਖਾਂ ਰੁਪਏ ਦੇ ਲੋਨ ਹਾਸਲ ਕੀਤੇ ਗਏ।

ਉਨਾਂ ਦੱਸਿਆ ਕਿ ਵਿਜੀਲੈਂਸ ਵਿਭਾਗ ਨੂੰ ਖੁਫ਼ੀਆ ਜਾਣਕਾਰੀ ਰਾਹੀਂ ਖਬਰ ਮਿਲੀ ਕਿ ਪਟਵਾਰੀ ਵੱਲੋਂ ਮਾਲ ਰਿਕਾਰਡ ਵਿੱਚ ਫੇਰਬਦਲ ਕਰਕੇ ਪ੍ਰਾਈਵੇਟ ਵਿਅਕਤੀਆ ਨਾਲ ਮਿਲੀਭੁਗਤ ਕਰਕੇ ਸ਼ਾਮਲਾਤ ਜ਼ਮੀਨ ਦਾ ਮਾਲਕ ਬਣਾਇਆ ਗਿਆ ਹੈ। ਜਿਸ ਦੀ ਪੜਤਾਲ ਵਿਜੀਲੈਂਸ ਵਿਭਾਗ ਵੱਲੋਂ ਕੀਤੀ ਗਈ ਅਤੇ ਪੜਤਾਲ ਦੌਰਾਨ ਬਲਵਿੰਦਰ ਸਿੰਘ ਨਾਇਬ ਤਹਿਸੀਲਦਾਰ ਸਰਦੂਲਗੜ, ਜ਼ੋ ਉਸ ਸਮੇਂ ਬਤੌਰ ਕਾਨੂੰਗੋ ਤਾਇਨਾਤ ਸੀ ਦੇ ਖਿਲਾਫ਼ ਵੀ ਸਬੂਤ ਸਾਹਮਣੇ ਆਏ।

ਜਿਨ੍ਹਾਂ ਨੂੰ ਮੁਕੱਦਮੇ ਵਿੱਚ ਮੁਲਜ਼ਮ ਨਾਮਜ਼ਦ ਕਰਕੇ ਗ੍ਰਿਫਤਾਰ ਕੀਤਾ ਗਿਆ। ਵਿਜੀਲੈਂਸ ਵਿਭਾਗ ਵੱਲੋਂ ਇਸ ਸ਼ਾਮਲਾਤ ਦੀ ਜ਼ਮੀਨ ਦੇ ਨਜਾਇਜ਼ ਬਣੇ ਮਾਲਕਾਂ ਨੂੰ ਵੀ ਇਸ ਮੁਕੱਦਮਾ ਵਿੱਚ ਨਾਮਜਦ ਕੀਤਾ ਗਿਆ ਹੈ। ਜਿਨ੍ਹਾਂ ਵੱਲੋ ਇਹ ਸ਼ਾਮਲਾਤ ਦੀ ਜ਼ਮੀਨ ਦੀ ਮਾਲਕੀ ਹਾਸਲ ਕਰਕੇ ਇਸ ਜ਼ਮੀਨ ਉਪਰ ਬੈਂਕਾਂ ਪਾਸੋ ਲੱਖਾਂ ਰੁਪਏ ਦੇ ਲੋਨ ਹਾਸਲ ਕੀਤੇ ਗਏ ਹਨ। ਇਸ ਸਬੰਧ ਵਿੱਚ ਉਕਤ ਮੁਲਜ਼ਮਾ ਖਿਲਾਫ਼ ਵਿਜੀਲੈਂਸ ਬਿਉਰੋ ਥਾਣਾ ਰੇਂਜ ਬਠਿੰਡਾ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਅਤੇ ਹਿੰਦ ਦੰਡਾਵਲੀ ਕਾਨੂੰਨ ਤਹਿਤ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਅਰੰਭ ਕਰ ਦਿੱਤੀ ਹੈ।