Punjab

ਡਰੱਗ ਮਾਮਲੇ ਦੀਆਂ ਤਾਰਾਂ ਬਾਦਲਾਂ ਨਾਲ ਜੁੜੀਆਂ

‘ਦ ਖ਼ਾਲਸ ਬਿਊਰੋ :- ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਹੈ ਕਿ ਡਰੱਗ ਮਾਮਲਿਆਂ ਨਾਲ ਸਬੰਧਿਤ ਮਾਮਲਾ ਖੁੱਲ੍ਹ ਗਿਆ ਹੈ ਅਤੇ ਇਸਦੀਆਂ ਤਾਰਾਂ ਬਾਦਲਾਂ ਨਾਲ ਜੁੜੀਆਂ ਹੋਈਆਂ ਹਨ। ਅਗਲੇ ਦਿਨਾਂ ਦੌਰਾਨ ਰਿਪੋਰਟ ਵਿੱਚ ਸ਼ਾਮਿਲ ਬੰਦਿਆਂ ਨੂੰ ਹੱਥ ਪਾ ਲਿਆ ਜਾਵੇਗਾ ਅਤੇ ਛੇਤੀ ਹੀ ਸਲਾਖਾਂ ਪਿੱਛੇ ਹੋਣਗੇ। ਪੰਜਾਬ ਦੇ ਬਹੁ-ਚਰਚਿਤ ਕਰੋੜਾਂ ਰੁਪਏ ਦੇ ਡਰੱਗ ਮਾਮਲਿਆਂ ਦੀ ਜਾਂਚ ਨਾਲ ਜੁੜੀ ਐਸਟੀਐਫ ਦੀ ਰਿਪੋਰਟ ਖੋਲ੍ਹੇ ਜਾਣ ਨੂੰ ਲੈ ਕੇ ਪਿਛਲੇ ਕਾਫੀ ਸਮੇਂ ਤੋਂ ਰੇੜ੍ਹਕਾ ਬਣਿਆ ਹੋਇਆ ਸੀ। ਇਸ ਬਾਰੇ ਬੋਲਦਿਆਂ ਹੋਇਆਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਬਿਆਨ ਦਿੱਤਾ ਹੈ ਕਿ ਬੰਦ ਲਿਫਾਫਾ ਹੁਣ ਖੋਲ੍ਹਿਆ ਜਾ ਚੁੱਕਾ ਹੈ ਅਤੇ ਇਸ ਵਿੱਚ ਜਿਹਨਾਂ ਵਿਅਕਤੀਆਂ ਦੇ ਨਾਮ ਦਰਜ ਹਨ ਉਹਨਾਂ ਤੇ ਕਿਸੇ ਵੀ ਸਮੇਂ ਕਾਰਵਾਈ ਕੀਤੀ ਜਾ ਸਕਦੀ ਹੈ। ਦੱਸ ਦਈਏ ਕਿ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਝਾੜ ਪਾਉਂਦਿਆਂ ਕਿਹਾ ਸੀ ਕਿ ਰਿਪੋਰਟ ਤੇ ਅਜੇ ਤੱਕ ਕਾਰਵਾਈ ਕਿਉਂ ਨਹੀਂ ਕੀਤੀ ਗਈ । ਇਹ ਵੀ ਜਿਕਰ ਕਰਨਾ ਬਣਦਾ ਹੈ ਕਿ ਇਸ ਰਿਪੋਰਟ ਦੇ ਅਨੁਸਾਰ ਡਰੱਗ ਰੈਕਟ ਦੀਆਂ ਤਾਰਾਂ ਵੱਡੇ ਸਿਆਸੀ ਲੀਡਰਾਂ ਅਤੇ ਹੋਰ ਅਧਿਕਾਰੀਆਂ ਨਾਲ ਜੁੜੀਆਂ ਹੋਈਆਂ ਹਨ। ਕਈ ਵੱਡੇ ਨਾਮ ਇਸ ਦੇ ਨਾਲ ਸਿੱਧੇ ਅਤੇ ਅਸਿੱਧੇ ਤੌੌਰ ਤੇ ਜੁੜੇ ਹੋਏ ਹਨ।