‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਅੱਜ ਜਿਨ੍ਹਾਂ ਦੀ ਸ਼ਹਾਦਤ ਨੂੰ ਅਸੀਂ ਯਾਦ ਕਰ ਰਹੇ ਹਾਂ, ਉਨ੍ਹਾਂ ਦੀ ਸ਼ਹਾਦਲ ਲਈ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਸ਼ਬਦ ਵਰਤਿਆ ਹੈ
ਠੀਕਰਿ ਫੋਰਿ ਦਿਲੀਸਿ ਸਿਰਿ ਪ੍ਰਭ ਪੁਰ ਕੀਯਾ ਪਯਾਨ।।
ਤੇਗ ਬਹਾਦਰ ਸੀ ਕ੍ਰਿਆ ਕਰੀ ਨ ਕਿਨਹੂੰ ਆਨ।।
ਸ਼ਹੀਦੀ ਦਾ ਅਰਥ
ਉਨ੍ਹਾਂ ਨੇ ਕਿਹਾ ਕਿ ਦੁਨੀਆ ਦੇ ਧਾਰਮਿਕ ਜਗਤ ਵਿੱਚ ਇਸ ਤਰ੍ਹਾਂ ਦੀ ਸ਼ਹਾਦਤ ਪਹਿਲਾਂ ਕਦੇ ਨਹੀਂ ਹੋਈ। ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦੋ ਵਾਰ ਸ਼ਹੀਦ ਸ਼ਬਦ ਆਇਆ ਹੈ। ਪਹਿਲੀ ਵਾਰ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਆਪਣੇ ਪਾਵਨ ਫੁਰਮਾਨ ਵਿੱਚ ਬਿਆਨ ਕਰਦੇ ਹਨ
ਪੀਰ ਪੈਕਾਮਰ ਸਾਲਕ ਸਾਦਕ ਸੁਹਦੇ ਅਉਰੁ ਸਹੀਦ।।
ਦੂਸਰੀ ਵਾਰ ਕਬੀਰ ਸਾਹਿਬ ਜੀ ਦੀਆਂ ਧਾਰਮਿਕ ਮਰਿਯਾਦਾ ਦੀ ਗੱਲ ਕਰਦਿਆਂ ਭਗਤ ਰਵਿਦਾਸ ਜੀ ਫੁਰਮਾਉਂਦੇ ਹਨ
ਜਾ ਕੈ ਈਦਿ ਬਕਰੀਦਿ ਕੁਲ ਗਊ ਰੇ ਬਧੁ ਕਰਹਿ ਮਾਨੀਅਹਿ ਸੇਖ ਸਹੀਦ ਪੀਰਾ।।
ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੋਂ ਪਹਿਲਾਂ ਏਸ਼ੀਆ ਦੇ ਖਿੱਤੇ ਵਿੱਚ ਚਾਰ ਵੇਦ, ਛੇ ਸ਼ਾਸਤਰ, 18 ਪੁਰਾਣ, ਸਿਮ੍ਰਤੀਆਂ ਅਤੇ ਉਪਨਿਸ਼ਦ, 108 ਧਾਰਮਿਕ ਗ੍ਰੰਥ ਉੱਚ ਦਰਜੇ ਦੇ ਰਚੇ ਗਏ ਹਨ, ਕਿਸੇ ‘ਚ ਸ਼ਹੀਦ ਸ਼ਬਦ ਨਹੀਂ ਉਚਾਰਿਆ ਗਿਆ।
ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ‘ਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਮੋਹਰ ਲਾ ਦਿੱਤੀ ਹੈ ਕਿ
ਤੇਗ ਬਹਾਦਰ ਸੀ ਕ੍ਰਿਆ ਕਰੀ ਨ ਕਿਨਹੂੰ ਆਨ।।
ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ। ਪਰਿਵਾਰ ਵਿੱਚ ਸਭ ਤੋਂ ਛੋਟੇ ਪੁੱਤਰ ਹਨ। ਆਪ ਜੀ ਦੇ ਪਿਤਾ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਗੁਰੂ ਸਾਹਿਬ ਜੀ ਨਾਲ ਪਿਆਰ ਜ਼ਿਆਦਾ ਕਰਦੇ ਹਨ। ਇੱਕ ਦਿਨ ਮਾਤਾ ਨਾਨਕੀ ਜੀ ਇੱਕ ਸਵਾਲ ਕਰਦੇ ਹਨ, ਗੁਰ ਪ੍ਰਤਾਪ ਸੂਰਜ ਗ੍ਰੰਥ ਵਿੱਚ ਉਸਦਾ ਜ਼ਿਕਰ ਆਉਂਦਾ ਹੈ। ਉਹ ਕਹਿੰਦੇ ਹਨ ਕਿ ਬਾਬਾ ਗੁਰਦਿੱਤਾ ਜੀ ਨੇ ਜ਼ਿੰਮੇਵਾਰੀਆਂ ਸਾਂਭੀਆਂ ਹੋਈਆਂ ਹਨ, ਅਣੀ ਰਾਇ ਬੜਾ ਆਗਿਆਕਾਰੀ ਹੈ, ਸੂਰਜ ਮੱਲ ਸਮਾਜ ਦੇ ਵਿੱਚ ਚੰਗੀ ਭੂਮਿਕਾ ਨਿਭਾ ਰਿਹਾ ਹੈ ਪਰ ਪਾਤਸ਼ਾਹ, ਇਸ ਛੋਟੇ ਪੁੱਤਰ ਨੂੰ ਇੰਨਾ ਪਿਆਰ ਕਿਉਂ ਕਰਦੇ ਹੋ।
ਗੁਰੂ ਜੀ ਕਹਿੰਦੇ ਕਿ ਮੈਂ ਇਸਨੂੰ ਇਸ ਕਰਕੇ ਪਿਆਰ ਕਰਦਾ ਹਾਂ ਕਿਉਂਕਿ ਉਸ ਦੇ ਧੁਰ ਅੰਦਰ ਤੱਕ ਧੀਰਜ ਵਸੀ ਹੋਈ ਹੈ। ਇਨ੍ਹਾਂ ਨੇ ਨਾ ਸਹਿਣ ਸਕਣ ਵਾਲੀ ਚੀਜ਼ ਨੂੰ ਵੀ ਸਹਿਣਾ ਹੈ। ਜਿਸ ਸਾਕੇ ਨੂੰ ਇਨ੍ਹਾਂ ਨੇ ਬਰਦਾਸ਼ਤ ਕਰਨਾ ਹੈ, ਉਹ ਹੋਰ ਕੋਈ ਨਹੀਂ ਕਰ ਸਕੇਗਾ। ਗੁਰੂ ਸਾਹਿਬ ਜੀ ਦਾ 13 ਤੋਂ 14 ਦੀ ਉਮਰ ਵਿੱਚ ਮਾਤਾ ਗੁਜਰ ਕੌਰ ਜੀ ਦੇ ਨਾਲ ਅਨੰਦ ਕਾਰਜ ਹੁੰਦਾ ਹੈ।
ਗੁਰਗੱਦੀ
ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਜੋਤੀ ਜੋਤ ਸਮੇਂ ਆਖਰੀ ਸ਼ਬਦ “ਬਾਬਾ ਬਕਾਲਾ” ਕਹੇ ਸਨ, ਜਿਸਦਾ ਅਰਥ ਹੈ ਕਿ ਅਗਲਾ ਗੁਰੂ ਬਾਬਾ ਬਕਾਲਾ ਵਿਖੇ ਹੈ। ਵਪਾਰੀ ਲੱਖੀ ਸ਼ਾਹ ਲੁਬਾਣਾ ਨੇ ਗੁਰੂ ਜੀ ਦੀ ਖੋਜ ਕਰਨ ਦੇ ਲਈ ਉਨ੍ਹਾਂ ਦੇ ਚਰਨਾਂ ਵਿੱਚ 500 ਮੋਹਰਾਂ ਭੇਟ ਕਰਨ ਦਾ ਫੈਸਲਾ ਕੀਤਾ। ਜਦੋਂ ਲੱਖੀ ਸ਼ਾਹ ਲੁਬਾਣਾ ਬਾਬਾ ਬਕਾਲਾ ਵਿਖੇ ਪਹੁੰਚਿਆਂ ਤਾਂ ਉਸਨੇ 22 ਮੰਜੀਆਂ ‘ਤੇ ਗੁਰੂ ਬੈਠੇ ਹੋਏ ਵੇਖੇ, ਜਿਸ ਕਾਰਨ ਮੱਖਣ ਸ਼ਾਹ ਲੁਬਾਣਾ ਨੇ ਹਰ ਇੱਕ ਅੱਗੇ 2-2 ਮੋਹਰਾਂ ਰੱਖੀਆਂ।
ਜਦੋਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਕੋਲ ਪਹੁੰਚਿਆ ਤਾਂ ਉਨ੍ਹਾਂ ਨੇ ਬਾਕੀ ਮੋਹਰਾਂ ਦੀ ਮੰਗ ਕੀਤੀ। ਜਿਸ ਤੋਂ ਲੱਖੀ ਸ਼ਾਹ ਲੁਬਾਣਾ ਨੇ ਖੁਸ਼ ਹੋ ਕੇ ਕਿਹਾ ਕਿ ‘ਗੁਰੂ ਲਾਧੋ ਰੇ ਗੁਰੂ ਲਾਧੋ’ ਭਾਵ ਗੁਰੂ ਮਿਲ ਗਿਆ ਹੈ। ਗੁਰਗੱਦੀ ‘ਤੇ ਬਿਰਾਜਮਾਨ ਹੋਣ ਤੋਂ ਬਾਅਦ ਗੁਰੂ ਸਾਹਿਬ ਜੀ ਨੂੰ ਧੀਰ ਮੱਲ ਅਤੇ ਪ੍ਰਿਥੀ ਚੰਦ ਦੀਆਂ ਸੰਤਾਨਾਂ ਦਾ ਵਿਰੋਧ ਸਹਿਣਾ ਪਿਆ।
ਕਸ਼ਮੀਰੀ ਪੰਡਤਾਂ ਦੀ ਫਰਿਆਦ
ਔਰੰਗਜ਼ੇਬ ਦੇ ਜ਼ੁਲਮ ਦਾ ਸ਼ਿਕਾਰ ਬਣੇ ਕਸ਼ਮੀਰੀ ਪੰਡਿਤਾਂ ਦੀ ਫ਼ਰਿਆਦ ਕਿਸੇ ਪਾਸੇ ਨਾ ਸੁਣੀ ਗਈ ਤਾਂ ਉਨ੍ਹਾਂ ਨੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਰਨ ਲੈਣ ਦਾ ਫੈਸਲਾ ਕੀਤਾ। 1675 ਈ: ਨੂੰ 16 ਕਸ਼ਮੀਰੀ ਬ੍ਰਾਹਮਣਾਂ ਦਾ ਇੱਕ ਜਥਾ ਚੱਕ ਨਾਨਕੀ ਆਇਆ। ਉਹ ਇੱਕ ਮੋਹਤਬਰ ਸਿੱਖ ਆਗੂ ਭਾਈ ਕਿਰਪਾ ਰਾਮ ਦੱਤ ਨੂੰ ਵੀ ਅਪਣੇ ਨਾਲ ਲੈ ਕੇ ਆਏ ਸਨ। ਭਾਈ ਕਿਰਪਾ ਰਾਮ, ਕਸ਼ਮੀਰ ਵਿੱਚ ਸਿੱਖ ਧਰਮ ਦੇ ਸਭ ਤੋਂ ਵੱਡੇ ਪ੍ਰਚਾਰਕਾਂ ਵਿੱਚੋਂ ਇੱਕ ਸਨ।
ਕਸ਼ਮੀਰੀ ਬ੍ਰਾਹਮਣ ਇਸ ਸਿੱਖ ਆਗੂ ਦੀ ਬਾਂਹ ਫੜ ਕੇ ਚੱਕ ਨਾਨਕੀ ਆਏ ਅਤੇ ਤਖ਼ਤ ਦਮਦਮਾ ਸਾਹਿਬ ‘ਤੇ ਗੁਰੂ ਸਾਹਿਬ ਦੇ ਦਰਬਾਰ ਵਿੱਚ ਆ ਫ਼ਰਿਆਦੀ ਹੋਏ। ਅਸੀਂ ਕਸ਼ਮੀਰ ਦੇ ਨਵੇਂ ਮੁਸਲਮਾਨ ਗਵਰਨਰ ਇਫ਼ਤਿਖ਼ਾਰ ਖ਼ਾਨ ਦੇ ਜ਼ੁਲਮ ਤੋਂ ਤੰਗ ਆ ਚੁੱਕੇ ਹਾਂ। ਉਹ ਹਰ ਰੋਜ਼ ਸੈਂਕੜੇ ਬ੍ਰਾਹਮਣਾਂ ਨੂੰ ਜ਼ਬਰੀ ਮੁਸਲਮਾਨ ਬਣਾ ਰਿਹਾ ਹੈ। ਅਸੀਂ ਔਰੰਗਜ਼ੇਬ ਦੇ ਹਿੰਦੂ-ਰਾਜਪੂਤ ਵਜ਼ੀਰਾਂ ਤੱਕ ਵੀ ਪਹੁੰਚ ਕੀਤੀ ਹੈ। ਉਨ੍ਹਾਂ ਨੇ ਵੀ ਅਪਣੀ ਬੇਬਸੀ ਜ਼ਾਹਰ ਕੀਤੀ ਹੈ। ਹੁਣ ਸਾਡੀ ਆਖ਼ਰੀ ਆਸ ਸਿਰਫ਼ ਗੁਰੂ ਨਾਨਕ ਸਾਹਿਬ ਦਾ ਦਰ ਹੀ ਹੈ।
ਸ਼੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਨੇ ਬ੍ਰਾਹਮਣਾਂ ਦੀ ਨਿੰਮੋਝੂਣਤਾ ਵੇਖ ਕੇ ਉਨ੍ਹਾਂ ਨੂੰ ਕਿਹਾ ਕਿ, ”ਗੁਰੂ ਨਾਨਕ ਸਾਹਿਬ ਦੇ ਦਰ ਤੋਂ ਕਦੇ ਵੀ ਕੋਈ ਖ਼ਾਲੀ ਨਹੀਂ ਜਾਂਦਾ। ਵਾਹਿਗੁਰੂ ਤੁਹਾਡੀ ਮਦਦ ਕਰਨਗੇ। ਜਾਉ, ਸੂਬੇਦਾਰ ਨੂੰ ਆਖ ਦਿਉ ਕਿ ਜੇ ਉਹ ਸ਼੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਨੂੰ ਮੁਸਲਮਾਨ ਬਣਾ ਲਵੇ ਤਾਂ ਸਾਰੇ ਕਸ਼ਮੀਰੀ ਬ੍ਰਾਹਮਣ ਮੁਸਲਮਾਨ ਬਣ ਜਾਣਗੇ।” ਗੁਰੂ ਸਾਹਿਬ ਦੀ ਗੱਲ ਸੁਣ ਕੇ ਬ੍ਰਾਹਮਣਾਂ ਦੀ ਜਾਨ ਵਿੱਚ ਜਾਨ ਆਈ।
ਇਸ ਤੋਂ ਬਾਅਦ ਗੁਰੂ ਜੀ ਕਿਸੇ ਡੂੰਘੀ ਸੋਚ ਵਿੱਚ ਡੁੱਬ ਗਏ ਅਤੇ ਕੁੱਝ ਸਮੇਂ ਬਾਅਦ ਫ਼ੁਰਮਾਉਣ ਲੱਗੇ ਕਿ ਅਜੇ ਧਰਮ ਯੁੱਧ ਦਾ ਸਮਾਂ ਨਹੀਂ ਆਇਆ। ਇਸ ਸਮੇਂ ਕਿਸੇ ਮਹਾਨ ਆਤਮਾ ਦੀ ਸ਼ਹੀਦੀ ਦੀ ਲੋੜ ਹੈ। ਸਿਰਫ਼ ਕੁਰਬਾਨੀ ਨਾਲ ਹੀ ਡੁੱਬਦੇ ਧਰਮ ਨੂੰ ਬਚਾਇਆ ਜਾ ਸਕਦਾ ਹੈ। ਆਪ ਜੀ ਦੇ ਬਚਨ ਸੁਣ ਕੇ ਪੂਰੇ ਦਰਬਾਰ ਵਿੱਚ ਸੰਨਾਟਾ ਛਾ ਗਿਆ।
ਆਪ ਜੀ ਦੇ ਸਪੁੱਤਰ ਬਾਲ ਗੋਬਿੰਦ ਰਾਇ ਜੀ ਨੇ ਆਪ ਜੀ ਤੋਂ ਇਸ ਖ਼ਾਮੋਸ਼ੀ ਦਾ ਕਾਰਨ ਪੁੱਛਿਆ ਤਾਂ ਗੁਰੂ ਜੀ ਨੇ ਜਵਾਬ ਦਿੱਤਾ ਕਿ ਅੱਤਿਆਚਾਰ ਦੇ ਭਾਂਬੜ ਬਹੁਤ ਉੱਚੇ ਚਲੇ ਗਏ ਹਨ। ਜਿਸ ਵਿੱਚ ਇਹ ਨਿਤਾਣੇ ਬਾਲਣ ਦੀ ਥਾਂ ਝੋਕੇ ਜਾ ਰਹੇ ਹਨ। ਹੁਣ ਕਿਸੇ ਮਹਾਂਪੁਰਖ ਦੇ ਬਲੀਦਾਨ ਦੀ ਲੋੜ ਹੈ ਜੋ ਆਪਣੇ ਪਵਿੱਤਰ ਖ਼ੂਨ ਦੇ ਛਿੱਟੇ ਮਾਰ ਕੇ ਬਲਦੇ ਹੋਏ ਭਾਂਬੜਾਂ ਨੂੰ ਸ਼ਾਂਤ ਕਰ ਸਕੇ। ਬਾਲ ਗੋਬਿੰਦ ਰਾਇ ਜੀ ਨੇ ਕਿਹਾ ਕਿ ਆਪ ਜੀ ਤੋਂ ਬਿਨਾਂ ਹੋਰ ਮਹਾਂਪੁਰਖ ਕੌਣ ਹੋ ਸਕਦਾ ਹੈ? ਆਪ ਆਪਣਾ ਬਲੀਦਾਨ ਦੇ ਕੇ ਇਨ੍ਹਾਂ ਦੇ ਡੁੱਬਦੇ ਹੋਏ ਧਰਮ ਦੀ ਰੱਖਿਆ ਕਰੋ। ਆਪਣੇ ਬਾਲ ਦੇ ਨਿੱਕੇ ਜਿਹੇ ਮੂੰਹੋਂ ਇੰਨੀ ਵੱਡੀ ਗੱਲ ਸੁਣ ਕੇ ਗੁਰੂ ਜੀ ਨੂੰ ਵਿਸ਼ਵਾਸ ਹੋ ਗਿਆ ਕਿ ਇਹ ਬਾਲਕ ਆਉਣ ਵਾਲੀ ਹਰ ਔਖੀ ਤੋਂ ਔਖੀ ਘੜੀ ਦਾ ਸਾਹਮਣਾ ਕਰਨ ਲਈ ਹਰ ਪੱਖੋਂ ਸਮਰੱਥ ਹੈ।
ਆਪ ਜੀ ਨੇ ਹਿੰਦੂ ਧਰਮ ਦੀ ਰੱਖਿਆ ਲਈ ਕੁਰਬਾਨੀ ਦੇਣ ਦਾ ਫ਼ੈਸਲਾ ਕਰ ਲਿਆ। ਗੁਰੂ ਜੀ ਨੇ ਕਸ਼ਮੀਰੀ ਪੰਡਤਾਂ ਨੂੰ ਕਿਹਾ ਕਿ ਤੁਸੀਂ ਨਿਸ਼ਚਿੰਤ ਹੋ ਕੇ ਜਾਉ ਅਤੇ ਔਰੰਗਜ਼ੇਬ ਨੂੰ ਕਹਿ ਦਿਓ ਕਿ , ਪਹਿਲਾਂ ਸਾਡੇ ਗੁਰੂ ਸਾਹਿਬ ਨੂੰ ਮੁਸਲਮਾਨ ਬਣਾ ਲੈ। ਜੇ ਉਨ੍ਹਾਂ ਨੇ ਇਸਲਾਮ ਧਰਮ ਕਬੂਲ ਕਰ ਲਿਆ ਤਾਂ ਅਸੀਂ ਖ਼ੁਸ਼ੀ-ਖੁਸ਼ੀ ਮੁਸਲਮਾਨ ਬਣ ਜਾਵਾਂਗੇ।
ਕੁਰਬਾਨੀ
ਗੁਰੂ ਜੀ ਬਾਲ ਗੋਬਿੰਦ ਰਾਇ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਗੁਰਗੱਦੀ ਦੇ ਦੱਸਵੇਂ ਵਾਰਿਸ ਥਾਪ ਕੇ ਆਪ ਕਸ਼ਮੀਰੀ ਪੰਡਿਤਾਂ ਦੀ ਰੱਖਿਆ ਲਈ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਭਾਈ ਜੈਤਾ ਜੀ ਅਤੇ ਭਾਈ ਦਿਆਲਾ ਜੀ ਆਦਿ ਸਿੱਖਾਂ ਨਾਲ ਦਿੱਲੀ ਵੱਲ ਕੁਰਬਾਨੀ ਦੇਣ ਲਈ ਚੱਲ ਪਏ।
ਜਦੋਂ ਗੁਰੂ ਜੀ ਇਸਲਾਮ ਦੇ ਨਸ਼ੇ ਵਿੱਚ ਧੁੱਤ ਔਰੰਗਜ਼ੇਬ ਦੇ ਸਾਹਮਣੇ ਗਏ ਤਾਂ ਉਸ ਨੇ ਇਸਲਾਮ ਦੀ ਮਹਿਮਾ ਗਾਉਂਦਿਆਂ ਆਪ ਜੀ ਨੂੰ ਇਸਲਾਮ ਕਬੂਲਣ ਲਈ ਪ੍ਰੇਰਿਆ। ਪਰ ਗੁਰੂ ਜੀ ਨੇ ਉਸ ਦੀ ਉਮੀਦ ਦੇ ਉਲਟ ਉੱਤਰ ਦਿੱਤਾ ਕਿ ਧਰਮ ਜ਼ਬਰਦਸਤੀ ਤਲਵਾਰਾਂ ਦੀ ਨੋਕ ਉੱਤੇ ਨਹੀਂ ਬਦਲਾਇਆ ਜਾ ਸਕਦਾ। ਹਿੰਦੂਆਂ ਨੂੰ ਜ਼ਬਰਦਸਤੀ ਮੁਸਲਮਾਨ ਬਣਾ ਕੇ ਨਾ ਤਾਂ ਤੁਸੀਂ ਸੱਚੇ ਮੁਸਲਮਾਨ ਹੋਣ ਦਾ ਸੰਕੇਤ ਦੇ ਰਹੇ ਹੋ, ਨਾ ਹੀ ਰੱਬ ਦੀ ਰਜ਼ਾ ਵਿੱਚ ਚੱਲ ਰਹੇ ਹੋ ਅਤੇ ਨਾ ਹੀ ਆਪਣੀ ਪਰਜਾ ਪ੍ਰਤੀ ਆਪਣੇ ਕਰਤੱਵ ਦਾ ਪਾਲਣ ਕਰ ਰਹੇ ਹੋ।
ਬਾਦਸ਼ਾਹ ਹੋਣ ਦੇ ਨਾਤੇ ਤੁਹਾਡਾ ਫ਼ਰਜ਼ ਹੈ ਕਿ ਤੁਸੀਂ ਹਿੰਦੂਆਂ ਅਤੇ ਮੁਸਲਮਾਨਾਂ ਨੂੰ ਬਰਾਬਰ ਸਮਝੋ। ਪਰ ਇਸ ਦੇ ਉਲਟ ਤੁਸੀਂ ਤਾਂ ਹਿੰਦੂਆਂ ਨੂੰ ਆਪਣੇ ਅੰਨ੍ਹੇ ਜ਼ੁਲਮ ਦਾ ਸ਼ਿਕਾਰ ਬਣਾਇਆ ਹੈ। ਔਰੰਗਜ਼ੇਬ! ਤੇਰੇ ਇਸ ਜ਼ੁਲਮ ਨੂੰ ਠੱਲ੍ਹ ਪਾਉਣ ਲਈ ਅਤੇ ਮਾਸੂਮ ਹਿੰਦੂਆਂ ਦੀ ਰੱਖਿਆ ਲਈ ਅਸੀਂ ਮੈਦਾਨ ਵਿੱਚ ਆ ਨਿੱਤਰੇ ਹਾਂ। ਤੂੰ ਤਾਂ ਬਾਦਸ਼ਾਹ ਹੋਣ ਦੇ ਨਾਤੇ ਆਪਣੀ ਪਰਜਾ ਤੋਂ ਮੂੰਹ ਮੋੜੀ ਬੈਠਾ ਹੈਂ ਪਰ ਅਸੀਂ ਇਨ੍ਹਾਂ ਮਜ਼ਲੂਮਾਂ ਦੀ ਬਾਂਹ ਪਕੜ ਲਈ ਹੈ।
ਇਸ ਪ੍ਰਕਾਰ ਗੁਰੂ ਜੀ ਨੂੰ ਚੜ੍ਹਦੀ ਕਲਾ ਵਿੱਚ ਅਤੇ ਉਨ੍ਹਾਂ ਦੁਆਰਾ ਇਸਲਾਮ ਨਾ ਕਬੂਲ ਕਰਨ ਦੇ ਅਟੱਲ ਨਿਸ਼ਚੈ ਨੂੰ ਵੇਖ ਕੇ ਔਰੰਗਜ਼ੇਬ ਗੁੱਸੇ ਵਿੱਚ ਕੰਬ ਉੱਠਿਆ। ਕੁਰਬਾਨੀ ਲਈ ਤਿਆਰ ਗੁਰੂ ਜੀ ਨੂੰ ਦੇਖ ਕੇ ਉਸ ਦੇ ਮਨਸੂਬਿਆਂ ਦੀਆਂ ਨੀਹਾਂ ਹਿੱਲ ਗਈਆਂ। ਆਪਣੀ ਇਸ ਹਾਰ ਨੂੰ ਵੇਖ ਕੇ ਉਸ ਨੇ ਅੰਤ ਸਿਪਾਹੀਆਂ ਨੂੰ ਹੁਕਮ ਦਿੱਤਾ ਕਿ ਗੁਰੂ ਜੀ ਨੂੰ ਲੋਹੇ ਦੇ ਪਿੰਜਰੇ ਵਿੱਚ ਬੰਦ ਕਰ ਦਿੱਤਾ ਜਾਵੇ ਅਤੇ ਇਨ੍ਹਾਂ ਦੇ ਮੁਰੀਦਾਂ ਨੂੰ ਤਸੀਹੇ ਦੇ-ਦੇ ਕੇ ਮਾਰ ਦਿੱਤਾ ਜਾਵੇ।
ਔਰੰਗਜ਼ੇਬ ਦੇ ਹੁਕਮ ਅਨੁਸਾਰ ਪਹਿਲਾਂ ਭਾਈ ਮਤੀ ਦਾਸ ਜੀ ਨੂੰ ਆਰੇ ਨਾਲ ਚੀਰਿਆ ਗਿਆ। ਭਾਈ ਦਿਆਲਾ ਜੀ ਨੂੰ ਉਬਲਦੀ ਦੇਗ ਵਿੱਚ ਸੁੱਟ ਦਿੱਤਾ ਗਿਆ। ਇਸ ਪ੍ਰਕਾਰ ਇੱਕ-ਇੱਕ ਕਰਕੇ ਗੁਰੂ ਜੀ ਦੇ ਮੁਰੀਦਾਂ ਨੂੰ ਅਣਮਨੁੱਖੀ ਤਸੀਹੇ ਦੇ ਕੇ ਹੋਣੀ ਦੀ ਭੱਠੀ ਵਿੱਚ ਝੋਕ ਦਿੱਤਾ, ਜਿਸ ਨੂੰ ਵੇਖ ਕੇ ਗੁਰੂ ਜੀ ਡੋਲੇ ਨਹੀਂ, ਸਗੋਂ ਉਨ੍ਹਾਂ ਦਾ ਸਿਦਕ ਹੋਰ ਵੀ ਅਡੋਲ ਹੋ ਗਿਆ।
11 ਨਵੰਬਰ, 1675 ਈ: ਨੂੰ ਚਾਂਦਨੀ ਚੌਕ ਵਿਖੇ ਕਾਜ਼ੀ ਨੇ ਫ਼ਤਵਾ ਪੜ੍ਹਿਆ। ਜੱਲਾਦ ਜਲਾਲਦੀਨ ਨੇ ਤਲਵਾਰ ਨਾਲ ਵਾਰ ਕੀਤਾ ਅਤੇ ਗੁਰੂ ਸਾਹਿਬ ਦਾ ਸੀਸ ਧੜ ਨਾਲੋਂ ਅਲੱਗ ਹੋ ਗਿਆ। ਪਰ ਗੁਰੂ ਸਾਹਿਬ ਜੀ ਨੇ ਆਪਣੇ ਮੂੰਹੋਂ ਸੀ ਨਾ ਉਚਾਰੀ। ਆਪ ਜੀ ਦੀ ਅਦੁੱਤੀ ਸ਼ਹਾਦਤ ਬਾਰੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ‘ਬਚਿਤਰ ਨਾਟਕ’ ਵਿੱਚ ਲਿਖਿਆ ਹੈ ਕਿ:
ਤਿਲਕ ਜੰਞੂ ਰਾਖਾ ਪ੍ਰਭ ਤਾ ਕਾ॥ ਕੀਨੋ ਬਡੋ ਕਲੂ ਮਹਿ ਸਾਕਾ॥
ਸਾਧਨ ਹੇਤਿ ਇਤੀ ਜਿਨਿ ਕਰੀ॥ ਸੀਸੁ ਦੀਯਾ ਪਰੁ ਸੀ ਨ ਉਚਰੀ॥
ਧਰਮ ਹੇਤ ਸਾਕਾ ਜਿਨਿ ਕੀਆ॥ ਸੀਸੁ ਦੀਆ ਪਰ ਸਿਰਰੁ ਨ ਦੀਆ॥ (ਦਸਮ ਗ੍ਰੰਥ)
ਆਪ ਜੀ ਦੀ ਲਾਸਾਨੀ ਸ਼ਹਾਦਤ ਨਾਲ ਦਿੱਲੀ ਦਾ ਦਿਲ ਕੰਬ ਉੱਠਿਆ ਅਤੇ ਲੋਕਾਂ ਦੀਆਂ ਚੀਕਾਂ ਨਾਲ ਅਸਮਾਨ ਚੀਰਿਆ ਗਿਆ। ਸ਼ਾਹੀ ਆਦੇਸ਼ ਸੀ ਕਿ ਗੁਰੂ ਜੀ ਦੇ ਸਰੀਰ ਦੇ ਟੁਕੜੇ-ਟੁਕੜੇ ਕਰ ਕੇ ਦਿੱਲੀ ਸ਼ਹਿਰ ਦੇ ਦਰਵਾਜ਼ਿਆਂ ਉੱਤੇ ਲਟਕਾਏ ਜਾਣ ਪਰ ਸ਼ਹੀਦੀ ਤੋਂ ਤੁਰੰਤ ਬਾਅਦ ਅਜਿਹੀ ਹਨੇਰੀ ਝੁੱਲੀ ਕਿ ਸਭ ਆਪੋ-ਆਪਣੇ ਬਚਾਅ ਲਈ ਭੱਜ ਉੱਠੇ।
ਭਾਈ ਜੈਤਾ ਜੀ ਸਿਪਾਹੀਆਂ ਤੋਂ ਅੱਖ ਬਚਾ ਕੇ ਗੁਰੂ ਜੀ ਦਾ ਸੀਸ ਲੈ ਕੇ ਆਨੰਦਪੁਰ ਸਾਹਿਬ ਪਹੁੰਚ ਗਏ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸੀਸ ਸਤਿਕਾਰ ਪੂਰਵਕ ਪ੍ਰਾਪਤ ਕਰਦਿਆਂ ਭਾਈ ਜੈਤਾ ਜੀ ਨੂੰ ‘ਰੰਘਰੇਟਾ ਗੁਰੂ ਕਾ ਬੇਟਾ’ ਵਰ ਦਿੱਤਾ। ਗੁਰੂ ਜੀ ਦਾ ਧੜ ਭਾਈ ਲੱਖੀ ਸ਼ਾਹ ਆਪਣੇ ਘਰ ਲੈ ਗਿਆ। ਉਸ ਨੇ ਆਪਣੇ ਘਰ ਨੂੰ ਅਗਨ-ਭੇਟ ਕਰ ਕੇ ਗੁਰੂ ਜੀ ਦਾ ਸਸਕਾਰ ਕੀਤਾ।
ਗੁਰੂ ਜੀ ਦੁਆਰਾ ਕੀਤੇ ਕੰਮ
ਗੁਰਗੱਦੀ ‘ਤੇ ਬੈਠਣ ਤੋਂ ਬਾਅਦ ਗੁਰੂ ਜੀ ਨੂੰ ਅੰਮ੍ਰਿਤਸਰ ਵਿੱਚ ਦਾਖ਼ਲ ਨਹੀਂ ਹੋਣ ਦਿੱਤਾ ਗਿਆ, ਜਿਸ ਕਰਕੇ ਗੁਰੂ ਜੀ ਨੇ ਸ਼੍ਰੀ ਹਰਮਿੰਦਰ ਸਾਹਿਬ ਕੋਲ ਨਿਵਾਸ ਕੀਤਾ। ਜਿੱਥੇ ਬਾਅਦ ਵਿੱਚ ਗੁਰਦੁਆਰਾ ਥੰਮ ਸਾਹਿਬ (ਥੜਾ ਸਾਹਿਬ) ਬਣਾਇਆ ਗਿਆ। ਫਿਰ ਗੁਰੂ ਜੀ ਨੇ ਧਰਮ ਪ੍ਰਚਾਰ ਲਈ ਯਾਤਰਾਵਾਂ ਕਰਨੀਆਂ ਸ਼ੁਰੂ ਕੀਤੀਆਂ। ਸਭ ਤੋਂ ਪਹਿਲਾਂ ਅੰਮ੍ਰਿਤਸਰ ਵਿੱਚ ਘੁੱਕੇ ਵਾਲੀ ਗਏ, ਜਿੱਥੇ ਕੁਦਰਤੀ ਸੁੰਦਰਤਾ ਬਹੁਤ ਸੀ, ਜਿਸ ਤੋਂ ਖੁਸ਼ ਹੋ ਕੇ ਇਸਦਾ ਨਾਮ ‘ਗੁਰੂ ਕਾ ਬਾਗ’ ਰੱਖ ਦਿੱਤਾ।
ਫਿਰ ਗੁਰੂ ਜੀ ਤਰਨਤਾਰਨ, ਖਡੂਰ ਸਾਹਿਬ, ਗੋਇੰਦਵਾਲ ਤੋਂ ਮਾਲਵਾ ਪਰਦੇਸ਼ ਦੇ ਇਲਾਕੇ ਤਲਵੰਡੀ ਸਾਬੋ, ਮੋੜ ਮੰਡੀ, ਮਹਿਸਰਖਾਨਾ ਆਦਿ ਥਾਂਵਾਂ ‘ਤੇ ਗਏ। ਬਿਲਾਸਪੁਰ ਦੇ ਰਾਜੇ ਭੀਮ ਚੰਦ ਦੀ ਰਾਣੀ ਜਲਾਲ ਦੇਵੀ ਤੋਂ 500 ਰੁ: ਵਿੱਚ ਜ਼ਮੀਨ ਖਰੀਦ ਕੇ ਚੱਕ ਨਾਨਕੀ ਨਾਂ ਦਾ ਸ਼ਹਿਰ ਵਸਾਇਆ, ਜਿਸ ਨੂੰ ਫਿਰ ਮਾਖੋਵਾਲ ਕਿਹਾ ਜਾਣ ਲੱਗਾ। ਇਹ ਨਗਰ 16 ਜੂਨ, 1665 ਵਿੱਚ ਵਸਾਇਆ ਗਿਆ, ਜਿਸਦਾ ਬਾਅਦ ਵਿੱਚ ਨਾਮ ਆਨੰਦਪੁਰ ਸਾਹਿਬ ਰੱਖਿਆ ਗਿਆ।