‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਅੱਜ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਦੇ 551ਵੇਂ ਪ੍ਰਕਾਸ਼ ਪੁਰਬ ਨੂੰ ਮਨਾਉਣ ਲਈ ਜਿੰਨੀਆਂ ਵੀ ਜਥੇਬੰਦੀਆਂ ਹਨ, ਭਾਵੇਂ ਉਹ ਖੋਜ ਕਾਰਜਾਂ ਵਿੱਚ ਹਨ, ਭਾਵੇਂ ਕੋਈ ਸਮਾਜ ਸੇਵੀ ਹੈ, ਕੋਈ ਧਾਰਮਿਕ ਖੇਤਰ ਵਿੱਚ ਹੈ, ਸਾਰਿਆਂ ਨੇ ਆਪੋ-ਆਪਣੀ ਕਾਰਜ ਵਿਧੀ ਦੇ ਨਾਲ ਗੁਰੂ ਸਾਹਿਬ ਜੀ ਦਾ ਪ੍ਰਗਟ ਦਿਹਾੜਾ ਮਨਾਉਣ ਦਾ ਕਾਰਜ ਆਰੰਭਿਆ ਹੈ।
ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਵਿੱਚ ਅਸੀਂ ਕੋਈ ਘਾਟ ਨਹੀਂ ਛੱਡਦੇ; ਜਿਵੇਂ ਵੱਡੇ-ਵੱਡੇ ਨਗਰ ਕੀਰਤਨ ਤੇ ਵੱਡੇ-ਵੱਡੇ ਸਮਾਗਮ। ਪਰ ਸਵਾਲ ਇੱਥੇ ਖੜਾ ਹੈ ਕਿ ਗੁਰੂ ਨਾਨਕ ਸਾਹਿਬ ਜੀ ਦੀ ਵਿਚਾਰਧਾਰਾ ਤੋਂ ਬਾਅਦ ਸਾਡੀ ਜ਼ਿੰਦਗੀ ਦੇ ਵਿੱਚ ਤਬਦੀਲੀ ਕੀ ਆਈ ਹੈ। ਜੇਕਰ ਗੁਰੂ ਨਾਨਕ ਸਾਹਿਬ ਜੀ ਦੀ ਵਿਚਾਰਧਾਰਾ ਤੋਂ ਸਿੱਖਿਆ ਹੀ ਕੁੱਝ ਨਹੀਂ, ਜਿਹੜੀਆਂ ਬਾਣੀਆਂ ਅਸੀਂ ਪੜ੍ਹਦੇ ਹਾਂ, ਉਨ੍ਹਾਂ ਵਿੱਚੋਂ ਸਵੇਰ ਦੀ ਸਾਡੀ ਪ੍ਰਮੁੱਖ ਬਾਣੀ ਵਿੱਚੋਂ ਅਸੀਂ ਸਲੋਕ ਪੜ੍ਹਦੇ ਹਾਂ ਕਿ
ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ।।
ਅਤੇ ਸਾਰੇ ਹੀ ਗੁਰਦੁਆਰਿਆਂ ਵਿੱਚ ਇਹ ਗੱਲ ਕਹੀ ਜਾਂਦੀ ਹੈ ਕਿ
ਬਲਿਹਾਰੀ ਕੁਦਰਤਿ ਵਸਿਆ।।
ਤੇ ਜੇ ਉਹ ਪਰਮਾਤਮਾ ਕੁਦਰਤ ਦੇ ਵਿੱਚ ਵਸਿਆ ਹੈ ਤਾਂ ਕੁਦਰਤ ਵਿੱਚ ਜਿਊਣ ਲਈ ਤਿੰਨ ਚੀਜ਼ਾਂ ਦੀ ਬੜੀ ਲੋੜ ਹੈ – ਪਵਣ, ਪਾਣੀ ਅਤੇ ਧਰਤੀ ਦੀ।
ਅਤੇ ਹੈਰਾਨੀ ਦੀ ਗੱਲ ਇਹ ਹੈ ਕਿ ਜਿਸ ਧਰਤੀ ਦੇ ਉੱਪਰ ਇਹ ਆਵਾਜ਼ ਗੂੰਜੀ ਸੀ ਗੁਰੂ ਨਾਨਕ ਸਾਹਿਬ ਜੀ ਦੀ, ਉਸ ਧਰਤੀ ਦਾ ਪਾਣੀ ਅੱਜ ਸਭ ਤੋਂ ਜ਼ਿਆਦਾ ਪ੍ਰਦੂਸ਼ਿਤ ਹੋ ਚੁੱਕਾ ਹੈ। ਪਾਣੀ ਪੀਣ ਦੇ ਕਾਬਲ ਨਹੀਂ ਰਹਿ ਗਿਆ, ਹਵਾ ਸਾਹ ਲੈਣ ਦੇ ਕਾਬਲ ਨਹੀਂ ਰਹਿ ਗਈ ਅਤੇ ਧਰਤੀ ਉਪਜਾਊ ਨਹੀਂ ਰਹਿ ਗਈ। ਤਾਂ ਫੇਰ ਅਸੀਂ ਤਾਂ ਗੁਰੂ ਨਾਨਕ ਸਾਹਿਬ ਜੀ ਦੀ ਵਿਚਾਰਧਾਰਾ ‘ਤੇ ਅਮਲ ਹੀ ਕਦੋਂ ਕੀਤਾ ਹੈ। ਇਹ ਸਾਡੇ ਸਾਹਮਣੇ ਇੱਕ ਵੱਡਾ ਸਵਾਲ ਹੈ।
ਸ਼੍ਰੀ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ 15 ਅਪ੍ਰੈਲ 1469 ਨੂੰ ਰਾਇ ਭੋਇ ਦੀ ਤਲਵੰਡੀ (ਪਾਕਿਸਤਾਨ) ਵਿਖੇ ਮਾਤਾ ਤ੍ਰਿਪਤਾ ਜੀ ਦੀ ਕੁੱਖੋਂ ਪਿਤਾ ਮਹਿਤਾ ਕਾਲੂ ਜੀ ਦੇ ਘਰ ਵਿੱਚ ਹੋਇਆ। ਗੁਰੂ ਸਾਹਿਬ ਜੀ ਦੀ ਵੱਡੀ ਭੈਣ ਦਾ ਨਾਂ ਬੇਬੇ ਨਾਨਕੀ ਸੀ। ਬੇਬੇ ਨਾਨਕੀ ਦਾ ਵਿਆਹ ਜੈ ਰਾਮ ਨਾਲ ਸੁਲਤਾਨਪੁਰ ਲੋਧੀ ਵਿਖੇ ਹੋਇਆ, ਜੋ ਲਾਹੌਰ ਦੇ ਗਵਰਨਰ ਦੌਲਤ ਖ਼ਾਨ ਦੇ ਮੋਦੀਖਾਨੇ ਵਿੱਚ ਕੰਮ ਕਰਦੇ ਸਨ। ਗੁਰੂ ਜੀ ਦਾ ਵੱਡੀ ਭੈਣ ਨਾਲ ਕਾਫ਼ੀ ਪਿਆਰ ਹੋਣ ਕਾਰਨ ਉਹ ਵੀ ਸੁਲਤਾਨਪੁਰ ਲੋਧੀ ਆਪਣੀ ਭੈਣ ਦੇ ਘਰ ਰਹਿਣ ਚਲੇ ਗਏ। ਸੁਲਤਾਨਪੁਰ ਲੋਧੀ ਵਿਖੇ ਗੁਰੂ ਜੀ 16 ਸਾਲ ਦੀ ਉਮਰ ਵਿੱਚ ਮੋਦੀਖਾਨੇ ਵਿੱਚ ਹੀ ਕੰਮ ਕਰਨ ਲੱਗ ਪਏ।
1475 ਈ: ਵਿੱਚ ਆਪ ਨੂੰ ਗੋਪਾਲ ਪੰਡਿਤ ਕੋਲ ਪੜ੍ਹਨ ਭੇਜਿਆ ਗਿਆ। ਪੰਡਿਤ ਨਾਲ ਹੋਏ ਵਿਚਾਰ ਵਟਾਂਦਰੇ ਨੂੰ ਆਪ ਨੇ ਆਪਣੀ ਰਚਨਾ ‘ਪੱਟੀ’ ਵਿੱਚ ਦਰਜ਼ ਕੀਤਾ। 1478 ਈ: ਵਿੱਚ ਪੰਡਿਤ ਬ੍ਰਿਜਨਾਥ ਪਾਸ ਸੰਸਕ੍ਰਿਤ ਪੜ੍ਹਨ ਭੇਜਿਆ ਗਿਆ। ਉਸ ਨਾਲ ਵੀ ਗੁਰੂ ਜੀ ਨੇ ਸੁਚੱਜਾ ਵਿਚਾਰ ਵਟਾਂਦਰਾ ਕੀਤਾ। 1480 ਈ: ਵਿੱਚ ਫ਼ਾਰਸੀ ਪੜ੍ਹਨ ਲਈ ਕੁਤਬ ਦੀਨ ਮੌਲਾਨਾ ਪਾਸ ਭੇਜਿਆ ਗਿਆ।
ਗੁਰੂ ਜੀ ਦਾ ਵਿਆਹ ਮਾਤਾ ਸੁਲੱਖਣੀ ਜੀ ਨਾਲ ਹੋਇਆ। ਆਪ ਜੀ ਦੇ ਦੋ ਪੁੱਤਰ ਬਾਬਾ ਸ੍ਰੀ ਚੰਦ ਜੀ ਅਤੇ ਬਾਬਾ ਲਖਮੀ ਦਾਸ ਜੀ ਸਨ। ਗੁਰੂ ਜੀ ਨੇ ਭਾਰਤ ਸਮੇਤ ਦੁਨੀਆ ਦੇ ਕਈ ਦੇਸ਼ਾਂ ਦੀਆਂ ਚਾਰ ਲੰਬੀਆਂ ਯਾਤਰਾਵਾਂ (ਉਦਾਸੀਆਂ) ਕੀਤੀਆਂ। ਗੁਰੂ ਜੀ ਨੇ 19 ਰਾਗਾਂ ਵਿੱਚ ਕੁੱਲ 947 ਸ਼ਬਦਾਂ ਦੀ ਰਚਨਾ ਕੀਤੀ। ਉਨ੍ਹਾਂ ਦੀਆਂ ਪ੍ਰਮੁੱਖ ਰਚਨਾਵਾਂ ਜਪੁ ਜੀ ਸਾਹਿਬ, ਸਿਧ ਗੋਸਟਿ, ਆਸਾ ਦੀ ਵਾਰ, ਦਖਣੀ ਓਅੰਕਾਰ ਆਦਿ ਹਨ।
ਗੁਰੂ ਜੀ ਪੰਜਾਬੀ, ਸੰਸਕ੍ਰਿਤ ਅਤੇ ਪਾਰਸੀ ਭਾਸ਼ਾ ਵਿੱਚ ਮਾਹਰ ਸਨ। ਉਹਨਾਂ ਨੇ ਜਨੇਊ, ਜਾਤ-ਪਾਤ, ਪਾਖੰਡ ਅਤੇ ਮੂਰਤੀ-ਪੂਜਾ ਵਰਗੀਆਂ ਫੋਕੀਆਂ ਰਸਮਾਂ ਦਾ ਜ਼ੋਰਦਾਰ ਖੰਡਨ ਕੀਤਾ। ਗੁਰੂ ਜੀ ਜਿੱਥੇ ਵੀ ਗਏ, ਉਹਨਾਂ ਨੇ ਫੋਕੀਆਂ ਧਾਰਮਿਕ ਰਸਮਾਂ ਜਿਵੇਂ ਜਾਤ-ਪਾਤ, ਤੀਰਥ ਇਸ਼ਨਾਨ ਦਾ ਖੰਡਨ ਕੀਤਾ, ਲੋਕਾਂ ਨੂੰ ਜਾਗਰੂਕ ਕੀਤਾ ਅਤੇ ਨਾਲ ਹੀ ਔਰਤ ਦੀ ਸਮਾਜਿਕ ਦਸ਼ਾ ਸੁਧਾਰਨ ਹਿੱਤ ਔਰਤਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕੀਤੀ।
ਆਪਣੇ ਜੀਵਨ ਦਾ ਆਖਰੀ ਸਮਾਂ ਕਰਤਾਰਪੁਰ ਸਾਹਿਬ ਵਿਖੇ ਬਿਤਾਇਆ। ਇੱਥੇ ਆਪ ਜੀ ਨਿੱਤਨੇਮ, ਕਥਾ-ਕੀਰਤਨ ਅਤੇ ਭਜਨ-ਬੰਦਗੀ ਕਰਦੇ ਅਤੇ ਹਰ ਕਿਸੇ ਨੂੰ ਪ੍ਰਭੂ ਹੁਕਮ ਅਨੁਸਾਰ ਜੀਵਨ ਬਿਤਾਉਣ ਤੇ ਸਤਿਨਾਮ ਦਾ ਅਭਿਆਸ ਕਰਨ ਦੀ ਸਿਖਿਆ ਦਿੰਦੇ। ਭਾਈ ਮਰਦਾਨਾ ਜੀ ਨੇ ਆਪਣੇ ਅੰਤਿਮ ਸਵਾਸ ਆਪ ਜੀ ਦੀ ਗੋਦ ਵਿੱਚ ਲਏ। ਇੱਥੇ ਹੀ ਆਪ ਜੀ ਦਾ ਦੀਦਾਰ ਕਰਨ ਲਈ ਭਾਈ ਲਹਿਣਾ ਜੀ ਆਏ। ਦੀਦਾਰ ਐਸਾ ਹੋਇਆ ਕਿ ਜੋਤੀ ਜੋਤਿ ਰਲੀ। ਦੋਵੇਂ ਇੱਕ ਜੋਤ ਹੋ ਗਏ। ਭਾਈ ਲਹਿਣਾ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਅੰਗ ਬਣ ਕੇ 7 ਸਤੰਬਰ, ਸੰਨ 1539 ਨੂੰ ਸ੍ਰੀ ਗੁਰੂ ਅੰਗਦ ਦੇਵ ਜੀ ਬਣ ਗਏ।
ਸ੍ਰੀ ਗੁਰੂ ਨਾਨਕ ਦੇਵ ਜੀ ਆਪਣਾ ਜੋਤਿ ਰੂਪੀ ਨੂਰ ਭਾਈ ਲਹਿਣਾ ਜੀ (ਸ੍ਰੀ ਗੁਰੂ ਅੰਗਦ ਦੇਵ ਜੀ) ਵਿੱਚ ਟਿਕਾ ਕੇ 22 ਸਤੰਬਰ 1539 ਨੂੰ ਕਰਤਾਰਪੁਰ ਸਾਹਿਬ ਵਿਖੇ ਜੋਤੀ-ਜੋਤ ਸਮਾ ਗਏ।