India Khaas Lekh Punjab

ਟੀਵੀ ਚੈਨਲਾਂ ’ਤੇ ਕਿਸਾਨਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼, ‘ਦਿੱਲੀ ਚੱਲੋ’ ਅੰਦੋਲਨ ਨੂੰ ਖ਼ਾਲਿਸਤਾਨ ਨਾਲ ਜੋੜਿਆ

’ਦ ਖ਼ਾਲਸ ਟੀਵੀ: ਪੰਜਾਬ ਤੇ ਹਰਿਆਣਾ ਦੇ ਕਿਸਾਨ ਆਪਣੇ ਹੱਕਾਂ ਦੀ ਰਾਖੀ ਲਈ ਸੜਕਾਂ ’ਤੇ ਤਿੱਖਾ ਸੰਘਰਸ਼ ਕਰ ਰਹੇ ਹਨ ਕਦੀ ਉਨ੍ਹਾਂ ਨੂੰ ਜਲ ਤੋਪਾਂ ਵਿੱਚੋਂ ਆ ਰਹੀਆਂ ਠੰਢੇ ਪਾਣੀ ਦੀਆਂ ਬੁਛਾੜਾਂ ਅਤੇ ਕਦੀ ਹੰਝੂ ਗੈਸ ਦੇ ਗੋਲ਼ਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇੰਨਾ ਹੀ ਨਹੀਂ, ਸਰਕਾਰ ਨੇ ਕਿਸਾਨਾਂ ਦਾ ਰਾਹ ਰੋਕਣ ਲਈ ਪੱਕੀਆਂ ਸੜਕਾਂ ਤਕ ਪੁੱਟ ਛੱਡੀਆਂ। ਫਿਲਹਾਲ ਕਿਸਾਨ ਸਭ ਔਕੜਾਂ ਦਾ ਸਾਹਮਣਾ ਕਰਦੇ ਹੋਏ ਦਿੱਲੀ ਪਹੁੰਚ ਗਏ ਹਨ ਤੇ ਉਨ੍ਹਾਂ ਨੂੰ ਸ਼ਾਂਤਮਈ ਪ੍ਰਦਰਸ਼ਨ ਕਰਨ ਦੀ ਇਜਾਜ਼ਤ ਮਿਲ ਗਈ ਹੈ। ਪਰ ਇਸੇ ਦੌਰਾਨ ਕੁਝ ਟੀਵੀ ਚੈਨਲਾਂ ਨੇ ਕਿਸਾਨਾਂ ਦੇ ਅੰਦੋਲਨ ਨੂੰ ਬਦਨਾਮ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ। ਕੁਝ ਚੈਨਲ ’ਤੇ ਕਿਸਾਨਾਂ ਦੇ ‘ਦਿੱਲੀ ਚੱਲੋ’ ਅੰਦੋਲਨ ਨੂੰ ਖ਼ਾਲਿਸਤਾਨ ਨਾਲ ਜੋੜਿਆ ਗਿਆ ਅਤੇ ਪੀਐਮ ਮੋਦੀ ਦੇ ਕਤਲ ਦੀ ਧਮਕੀ ਦੇਣ ਦੀ ਗੱਲ ਛਿੜੀ ਰਹੀ।

ਕਈ ਚੈਨਲਾਂ ਨੇ ਤਾਂ ਕਿਸਾਨਾਂ ਦੇ ਅੰਦੋਲਨ ਨੂੰ ਦਿਖਾਉਣ ਦੀ ਬਜਾਇ ਮੋਦੀ ਸਰਕਾਰ ਦੀਆਂ ਕਿਸਾਨ ਪੱਖੀ ਨੀਤੀਆਂ ਦਾ ਬਰਾਡਕਾਸਟ ਕੀਤਾ, ਜਿਸ ਵਿੱਚ ਦੱਸਿਆ ਗਿਆ ਕਿ ਮੋਦੀ ਸਰਕਾਰ ਨੇ ਕਿਸਾਨਾਂ ਲਈ ਕਿੰਨੇ ਵਧੀਆ ਕੰਮ ਕੀਤੇ ਹਨ। ਇਸ ਗੱਲ ਲਈ ਸੋਸ਼ਲ ਮੀਡੀਆ ’ਤੇ ਇਨ੍ਹਾਂ ਚੈਨਲਾਂ ਦੀ ਸਖ਼ਤ ਨਿੰਦਾ ਵੀ ਕੀਤੀ ਗਈ। ਕਈ ਲੋਕਾਂ ਨੇ ਅਜਿਹੀਆਂ ਰਿਪੋਰਟਾਂ ਸ਼ੇਅਰ ਕਰਕੇ ਚੈਨਲਾਂ ਦੀ ਝਾੜਝੰਬ ਵੀ ਕੀਤੀ।

ਉੱਧਰ ਪੀਐਮ ਮੋਦੀ ਨੇ ਅੱਜ ਆਪਣੇ ‘ਮਨ ਦੀ ਬਾਤ’ ਪ੍ਰੋਗਰਾਮ ਵਿੱਚ ਫਿਰ ਤੋਂ ਖੇਤੀ ਕਾਨੂੰਨਾਂ ਦੇ ਸੋਹਲੇ ਗਾਏ ਹਨ। ਲੱਗ ਨਹੀਂ ਰਿਹਾ ਕਿ ਪੀਐਮ ਮੋਦੀ ਖੇਤੀ ਕਾਨੂੰਨ ਵਾਪਸ ਲੈਣ ਦੇ ਰੌਂਅ ਵਿੱਚ ਹਨ। ਕੱਲ੍ਹ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਕਿਸਾਨਾਂ ਨੂੰ ਸ਼ਰਤਾਂ ਨਾਲ ਗੱਲਬਾਤ ਦਾ ਸੱਦਾ ਦਿੱਤਾ ਗਿਆ ਸੀ ਪਰ ਕਿਸਾਨਾਂ ਨੇ ਉਨ੍ਹਾਂ ਦਾ ਪ੍ਰਸਤਾਵ ਰੱਦ ਕਰ ਦਿੱਤਾ ਅਤੇ ਕਿਹਾ ਕਿ ਸਰਕਾਰ ਗੱਲਬਾਤ ਲਈ ਸ਼ਰਤਾਂ ਨਹੀਂ ਲਾ ਸਕਦੀ। ਗ੍ਰਹਿ ਮੰਤਰੀ ਨੇ ਕਿਹਾ ਸੀ ਕਿ ਸਾਰੇ ਕਿਸਾਨ ਦਿੱਲੀ ਦੇ ਬਾਰਡਰ ਛੱਡ ਕੇ ਪਹਿਲਾਂ ਦਿੱਲੀ ਦੇ ਬੁਰਾੜੀ ਜਾ ਕੇ ਇਕੱਤਰ ਹੋਣ ’ਤੇ ਉੱਥੇ ਆਪਣਾ ਅੰਦੋਲਨ ਜਾਰੀ ਰੱਖਣ, ਫਿਰ ਅਗਲੇ ਦਿਨ ਭਾਰਤ ਸਰਕਾਰ ਉਨ੍ਹਾਂ ਨਾਲ ਗੱਲਬਾਤ ਕਰੇਗੀ।

ਨੈਸ਼ਨਲ ਟੀਵੀ ਚੈਨਲਾਂ ਦੀ ਗੱਲ ਕੀਤੀ ਜਾਵੇ ਤਾਂ ਕੁਝ ਚੈਨਲਾਂ ਨੂੰ ਛੱਡ ਕੇ ਜ਼ਿਆਦਾਤਰ ਚੈਨਲਾਂ ’ਤੇ ਖ਼ਾਲਿਸਤਾਨ ਵਾਲੇ ਪਹਿਲੂ ਦੀ ਜ਼ਿਆਦਾ ਗੱਲ ਕੀਤੀ ਜਾ ਰਹੀ ਹੈ। ਕਿਹਾ ਜਾ ਰਿਹਾ ਹੈ ਕਿ ਕਿਸਾਨਾਂ ਦੇ ਭੇਸ ਵਿੱਚ ਖ਼ਾਲਿਸਤਾਨੀ ਅੰਦੋਲਨ ਵਿੱਚ ਮਾਹੌਲ ਖਰਾਬ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ। ਇੱਥੋਂ ਤਕ ਕੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਕਿਸਾਨ ਅੰਦੋਲਨ ਲਈ ਖ਼ਾਲਿਸਤਾਨੀ ਸੰਗਠਨ ਸਿੱਖਸ ਫਾਰ ਜਸਟਿਸ ਨੇ ਇੱਕ ਮਿਲੀਅਨ ਡਾਲਰ ਖ਼ਰਚ ਕੀਤੇ ਹਨ। ਕਿਸਾਨ ਅੰਦੋਲਨ ਦੇ ਨਾਲ-ਨਾਲ ਖ਼ਾਲਿਸਤਾਨ ਵੀ ਟਵਿੱਟਰ ’ਤੇ ਟਰੈਂਡ ਕਰਨ ਲੱਗਾ।

ਦਰਅਸਲ ਸੋਸ਼ਲ ਮੀਡੀਆ ’ਤੇ ਇੱਕ ਕਿਸਾਨ ਦੀ ਵੀਡੀਓ ਵਾਇਰਲ ਹੋ ਗਈ ਸੀ ਜੋ ਕਹਿ ਰਹੇ ਹਨ ਕੇ ਊਧਮ ਸਿੰਘ ਨੇ ਵਿਦੇਸ਼ ਜਾ ਕੇ ਗੋਰਿਆਂ ਨੂੰ ਠੋਕਿਆ ਤਾਂ ਦਿੱਲੀ ਤਾਂ ਇੱਥੇ ਹੀ ਹੈ। ਕਿਸਾਨ ਨੇ ਕਿਹਾ ਕਿ ਜੇ ਇੰਦਰਾ ਨੂੰ ਠੋਕਿਆ ਤਾਂ ਮੋਦੀ ਨੂੰ ਵੀ ਠੋਕ ਦਿਆਂਗੇ। ਇਹ ਵੀਡੀਓ ਵਾਇਰਲ ਹੁੰਦਿਆਂ ਹੀ ਟੀਵੀ ਚੈਨਲਾਂ ਨੇ ਕਿਸਾਨਾਂ ਦੇ ਸੰਘਰਸ਼ ਨੂੰ ਦਿਖਾਉਣ ਦੀ ਥਾਂ, ਉਸ ਇੱਕ ਕਿਸਾਨ ਦੀ ਵੀਡੀਓ ਬਾਰੇ ਚਰਚਾ ਕਰਨੀ ਸ਼ੁਰੂ ਕਰ ਦਿੱਤੀ। ਹੁਣ ਨੈਸ਼ਨਲ ਚੈਨਲਾਂ ’ਤੇ ਇਹ ਬਹਿਸ ਹੋ ਰਹੀ ਹੈ ਕਿ ਖ਼ਾਲਿਸਤਾਨ ਦੀ ਗੱਲ ਕਰਨ ਵਾਲੇ ਕਿਸਾਨ ਕੌਣ ਹਨ?

ਹਾਲਾਂਕਿ ਕੁਝ ਟੀਵੀ ਚੈਨਲਾਂ ਨੇ ਕਿਸਾਨਾਂ ਦੇ ਹੱਕ ਵਿੱਚ ਅੰਦੋਲਨ ’ਤੇ ਵਿਸ਼ੇਸ਼ ਰਿਪੋਰਟਿੰਗ ਵੀ ਕੀਤੀ। ਇਸ ਦੌਰਾਨ ਇਹ ਬਹਿਸ ਛਿੜੀ ਕਿ ਸਰਕਾਰ ਨੇ ਜਾਣ-ਬੁਝ ਕੇ ਕਿਸਾਨਾਂ ਦੇ ਰਾਹ ਵਿੱਚ ਰੋੜੇ ਡਾਹੇ ਤਾਂਕਿ ਕਿਸਾਨ ਉਨ੍ਹਾਂ ਨੂੰ ਹਟਾਉਣ ਲਈ ਅੱਗੇ ਜਾਣ ਤਾਂ ਹਿੰਸਾ ਵਰਗਾ ਮਾਹੌਲ ਪੈਦਾ ਕਰਕੇ ਉਨ੍ਹਾਂ ’ਤੇ ਕਾਰਵਾਈ ਕੀਤੀ ਜਾਵੇ ਅਤੇ ਕਿਸਾਨਾਂ ਦੇ ਅੰਦੋਲਨ ਨੂੰ ਖਦੇੜਿਆ ਜਾ ਸਕੇ। ਕਿਸਾਨ ਦਿੱਲੀ ਨਾ ਪਹੁੰਚ ਸਕਣ, ਇਸ ਲਈ ਹਰ ਰਾਹ ਵਿੱਚ ਸਖ਼ਤ ਸੁਰੱਖਿਆ ਪ੍ਰਬੰਧ ਤੇ ਨੀਮ ਬਲਾਂ ਦਾ ਪ੍ਰਬੰਧ ਕੀਤਾ ਗਿਆ। ਜਲ ਤੋਪਾਂ ਤੇ ਹੰਝੂ ਗੈਸ ਦੇ ਗੋਲ਼ਿਆਂ ਦੀ ਵਿਵਸਥਾ ਕੀਤੀ ਗਈ।

ਨਹੀਂ ਦਿਖਾਇਆ ਜਾ ਰਿਹਾ ਕਿਸਾਨਾਂ ਦਾ ਏਕਾ

ਜਿਸ ਤਰ੍ਹਾਂ ਪੰਜਾਬ ਦੇ ਪਿੰਡ-ਪਿੰਡ ਤੋਂ ਕਿਸਾਨਾਂ ਨੇ ਰਾਸ਼ਨ, ਮਾਇਆ, ਰਜਾਈਆਂ, ਕੰਬਲ ਆਦਿ ਵਸਤਾਂ ਇਕੱਠੀਆਂ ਕਰਕੇ ਆਪਣਾ ਪ੍ਰਬੰਧ ਆਪ ਕਰਕੇ ਦਿੱਲੀ ਕੂਚ ਕੀਤਾ, ਉਹ ਲਾਜਵਾਬ ਹੈ। ਅੱਜਕੱਲ੍ਹ ਅਜਿਹਾ ਏਕਾ ਕਿਧਰੇ ਵੇਖਣ ਨੂੰ ਨਹੀਂ ਮਿਲਦਾ। ਇੱਥੋਂ ਤਕ ਕਿ ਜੋ ਕਿਸਾਨ ਅੰਦੋਲਨ ਲਈ ਦਿੱਲੀ ਗਏ ਹਨ, ਪਿੰਡਾਂ ਦੇ ਮੋਹਤਬਰਾਂ ਵੱਲੋਂ ਉਨ੍ਹਾਂ ਕਿਸਾਨਾਂ ਦੇ ਖੇਤਾਂ ਅਤੇ ਘਰਾਂ ਦੀ ਰਖਵਾਲੀ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਕੁਝ ਹੀ ਹਫ਼ਤਿਆਂ ਵਿੱਚ ਕਿਸਾਨਾਂ ਨੇ ਕਰੋੜਾਂ ਦਾ ਸਾਮਾਨ ਇਕੱਠਾ ਕਰਕੇ ਅੰਦੋਲਨ ਦੀ ਸ਼ੁਰੂਆਤ ਕੀਤੀ, ਜੋ ਕਿ ਆਪਣੇ-ਆਪ ਵਿੱਚ ਹੀ ਇੱਕ ਮਿਸਾਲ ਹੈ, ਪਰ ਨੈਸ਼ਨਲ ਮੀਡੀਆ ਕਿਸਾਨੀ ਅੰਦੋਲਨ ਦੇ ਇਹ ਸਭ ਪਹਿਲੂ ਛੱਡ ਕੇ ਖ਼ਾਲਿਸਤਾਨ ਦਾ ਮੁੱਦਾ ਉਠਾ ਰਿਹਾ ਹੈ।

ਜੇ ਖ਼ਾਲਿਸਤਾਨੀ ਧਿਰਾਂ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਵੱਲੋਂ ਵੀ ਕਿਤੇ ਕਿਸਾਨ ਅੰਦੋਲਨ ਵਿੱਚ ਖ਼ਾਲਿਸਤਾਨ ਦੇ ਨਾਅਰੇ ਜਾਂ ਹਿੰਸਾ ਦਾ ਮਾਹੌਲ ਵੇਖਣ ਨੂੰ ਨਹੀਂ ਮਿਲਦਾ। ਜੇ ਗੱਲ ਕੀਤੀ ਵੀ ਜਾਂਦੀ ਹੈ ਤਾਂ ਸਿਰਫ ਪੰਜਾਬ ਨੂੰ ਇੱਕ ‘ਖ਼ੁਦਮੁਖਤਿਆਰ’ ਸੂਬਾ ਐਲਾਨਣ ਦੀ ਗੱਲ ਕੀਤੀ ਜਾਂਦੀ ਹੈ, ਸੁਖਪਾਲ ਖਹਿਰਾ, ਡਾ. ਧਰਮਵੀਰ ਗਾਂਧੀ, ਸਿਮਰਜੀਤ ਬੈਂਸ ਆਦਿ ਲੀਡਰ ਵੀ ਸਮੇਂ-ਸਮੇਂ ’ਤੇ ਇਸ ਦੀ ਹਮਾਇਤ ਅਤੇ ਮੰਗ ਕਰਦੇ ਆਏ ਹਨ। ਖ਼ੁਦਮੁਖਤਿਆਰ ਸੂਬੇ ਦਾ ਮਤਲਬ ਪੰਜਾਬ ਨੂੰ ਵਿਸ਼ੇਸ਼ ਸੂਬੇ ਦਾ ਦਰਜਾ ਐਲਾਨਣ ਤੋਂ ਹੈ, ਜਿੱਥੇ ਸੂਬੇ ਦੇ ਸਾਰੇ ਅਖ਼ਤਿਆਰ ਸੂਬਾ ਸਰਕਾਰ ਕੋਲ ਹੀ ਹੋਣ। ਖ਼ਲਿਸਤਾਨੀ ਧਿਰਾਂ ਵੀ ਇਸੇ ਮੰਗ ਦੀ ਹਮਾਇਤ ਕਰ ਰਹੀਆਂ ਹਨ। ਪਰ ਨੈਸ਼ਨਲ ਮੀਡੀਆ ਨੇ ਵੇਗ ਵਿੱਚ ਆ ਕੇ ਇੱਕ ਬਾਬੇ ਵੱਲੋਂ ਦਿੱਤੇ ਬਿਆਨ ਨੂੰ ਮੁੱਦਾ ਬਣਾ ਕੇ ਕਿਸਾਨਾਂ ਦੇ ਸ਼ਾਂਤਮਈ ਅੰਦੋਲਨ ਨੂੰ ਮਾਹੌਲ ਖਰਾਬ ਕਰਨ ਦੀ ਸਾਜ਼ਿਸ਼ ਕਰਾਰ ਦੇ ਦਿੱਤਾ।

ਕੌਮਾਂਤਰੀ ਮੀਡੀਆ ’ਚ ਕਿਸਾਨਾਂ ਦਾ ਅੰਦੋਲਨ

ਮੋਦੀ ਸਰਕਾਰ ਦੇ ਖੇਤੀ ਕਾਨੂੰਨਾਂ ਨੂੰ ਲੈ ਵਿਰੋਧ ਕਰ ਰਹੇ ਕਿਸਾਨਾਂ ਦੇ ਅੰਦੋਲਨ ਦੀ ਚਰਚਾ ਦੇਸ਼ ਹੀ ਨਹੀਂ, ਬਲਕਿ ਕੌਮਾਂਤਰੀ ਪੱਧਰ ਤੱਕ ਹੋ ਰਹੀ ਹੈ। ਕੇਂਦਰ ਵੱਲੋਂ ਪਾਸੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦਿੱਲੀ ਪਹੁੰਚੇ ਕਿਸਾਨਾਂ ਦੀ ਖ਼ਬਰ ਨੂੰ ਅੰਤਰਰਾਸ਼ਟਰੀ ਮੀਡੀਆ ਵਿੱਚ ਵੀ ਪ੍ਰਮੁੱਖਤਾ ਨਾਲ ਛਾਪਿਆ ਗਿਆ ਹੈ।

‘Aljazeera’ ਨੇ ਪੁਲਿਸ ਵੱਲੋਂ ਕਿਸਾਨਾਂ ਨੂੰ ਰੋਕਣ ਲਈ ਚਲਾਏ ਗਏ ਅੱਥਰੂ ਗੈਸ ਦੇ ਗੋਲਿਆਂ ਦਾ ਵਿਸ਼ੇਸ਼ ਜ਼ਿਕਰ ਕੀਤਾ ਹੈ। ‘The Washington Post’ ਨੇ ਪੁਲਿਸ ਤੇ ਕਿਸਾਨਾਂ ਵਿਚਾਲੇ ਝੜਪਾਂ ਨੂੰ ਪ੍ਰਮੁੱਖਤਾਂ ਨਾਲ ਛਾਪਿਆ ਹੈ। ਇਸ ਤੋਂ ਇਲਾਵਾ ਸੋਸ਼ਲ ਮੀਡੀਆ ਰਾਹੀਂ ਵੀ ਦੇਸ਼-ਵਿਦੇਸ਼ ਦੇ ਲੋਕ ਕਿਸਾਨਾਂ ਦੇ ਅੰਦੋਲਨ ’ਤੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।

ਕਿਸਾਨਾਂ ਨੂੰ ਮਿਲਿਆ ਕਲਾਕਾਰਾਂ ਦਾ ਸਾਥ

ਕਿਸਾਨ ਜਥੇਬੰਦੀਆਂ, ਨੌਜਵਾਨਾਂ ਅਤੇ ਆਮ ਲੋਕਾਂ ਤੋਂ ਇਲਾਵਾ ਕਿਸਾਨਾਂ ਨੂੰ ਪੰਜਾਬੀ ਕਲਾਕਾਰਾਂ ਦਾ ਵੀ ਸਾਥ ਮਿਲ ਰਿਹਾ ਹੈ। ਉੱਘੇ ਪੰਜਾਬੀ ਕਲਾਕਾਰ ਵੀ ਕਿਸਾਨਾਂ ਨਾਲ ਦਿੱਲੀ ਚਲੋ ਅੰਦੋਲਨ ਵਿੱਚ ਸ਼ਾਮਲ ਹੋਏ। ਗਾਇਕ ਕੰਵਰ ਗਰੇਵਾਲ ਤੇ ਹਰਫ਼ ਚੀਮਾ ਜਿੱਥੇ ਕਿਸਾਨਾਂ ਨਾਲ ਧਰਨੇ ‘ਚ ਸ਼ਾਮਲ ਹੋਏ ਓਥੇ ਹੀ ਗਾਇਕ ਅਨਮੋਲ ਗਗਨ ਮਾਨ ਵੀ ਟਰੈਕਟਰ ’ਤੇ ਸਵਾਰ ਹੋ ਕੇ ਕਿਸਾਨਾਂ ਨਾਲ ਦਿੱਲੀ ਵੱਲ ਕੂਚ ਕੀਤਾ।

ਇਨ੍ਹਾਂ ਤੋਂ ਇਲਾਵਾ ਅਦਾਕਾਰ ਦਰਸ਼ਨ ਔਲਖ ਤੇ ਅਦਾਕਾਰਾ ਸੋਨੀਆ ਮਾਨ ਵੀ ਇਸ ਅੰਦੋਲਨ ‘ਚ ਮੌਜੂਦ ਹੋਏ। ਖੇਤੀ ਕਾਨੂੰਨਾਂ ਖਿਲਾਫ ਸ਼ੁਰੂ ਤੋਂ ਹੀ ਪੰਜਾਬੀ ਕਲਾਕਾਰਾਂ ਨੇ ਪੰਜਾਬ ਦੇ ਵੱਖ-ਵੱਖ ਸੂਬਿਆਂ ‘ਚ ਕਿਸਾਨਾਂ ਲਈ ਆਵਾਜ਼ ਚੁੱਕੀ ਹੈ। ਕਿਸਾਨਾਂ ਦੀ ਹਰ ਮੁਹਿੰਮ ਨੂੰ ਪੰਜਾਬੀ ਕਲਾਕਾਰਾਂ ਦਾ ਸਾਥ ਮਿਲਿਆ ਹੈ।

ਜੋ ਸਿਤਾਰੇ ‘ਦਿੱਲੀ ਚੱਲੋ ਅੰਦੋਲਨ’ ‘ਚ ਸ਼ਾਮਲ ਨਹੀਂ ਹੋ ਪਾਏ, ਉਹ ਸੋਸ਼ਲ ਮੀਡੀਆ ਰਾਹੀਂ ਇਸ ਮੁਹਿੰਮ ਵਿੱਚ ਸ਼ਾਮਲ ਹੋ ਰਹੇ ਹਨ। ਸੋਨਮ ਬਾਜਵਾ, ਜੈਜ਼ੀ ਬੀ, ਦਿਲਜੀਤ ਦੁਸਾਂਝ, ਗਿੱਪੀ ਗਰੇਵਾਲ, ਅਮਰਿੰਦਰ ਗਿੱਲ, ਐਮੀ ਵਿਰਕ ਤੇ ਹੋਰ ਕਲਾਕਾਰਾਂ ਨੇ ਪੋਸਟਾਂ ਸ਼ੇਅਰ ਕਰ ਕਿਸਾਨਾਂ ਦਾ ਹੌਂਸਲਾ ਵਧਾਇਆ।

Comments are closed.