‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਤੀਸਰੀ ਜੋਤ ਹਨ, ਗੁਰੂ ਨਾਨਕ ਜੋਤੀ ਦਾ ਤੀਸਰਾ ਠਿਕਾਣਾ ਹਨ, ਤੀਜਾ ਮਹਲ ਹਨ। ਸਾਹਿਬ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਦਾ ਪ੍ਰਕਾਸ਼ ਪਿੰਡ ਬਾਸਰਕੇ ਵਿੱਚ ਪਿਤਾ ਤੇਜ ਭਾਨ ਦੇ ਘਰ ਮਾਤਾ ਸੁਲੱਖਣੀ ਜੀ ਦੀ ਕੁੱਖੋਂ ਹੋਇਆ। ਮਹਾਨ ਕੋਸ਼ਕਾਰ ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ ਆਪ ਦਾ ਪ੍ਰਕਾਸ਼ 5 ਮਈ, 1479 ਨੂੰ ਹੋਇਆ।
ਬਚਪਨ ਤੋਂ ਹੀ ਆਪ ਜੀ ਦੀਆਂ ਬਿਰਤੀਆਂ ਧਾਰਮਿਕ ਸਨ ਤੇ ਧਰਮ ਦੀ ਤਲਾਸ਼, ਸੱਚ ਦੀ ਤਲਾਸ਼ ਆਪ ਜੀ ਦੇ ਪ੍ਰਾਣਾਂ ਦਾ ਆਧਾਰ ਸੀ। ਹਰ ਪਾਸੇ ਦ੍ਰਿਸ਼ਟੀ ਸੱਚ ਨੂੰ ਤੋਲਣ ਦੀ ਸੀ। ਵਾਰ-ਵਾਰ ਆਪ ਤੀਰਥ ਯਾਤਰੀਆਂ ਨਾਲ ਤੀਰਥਾਂ ‘ਤੇ ਜਾਂਦੇ ਰਹੇ, ਗੰਗਾ ਇਸ਼ਨਾਨ ਕਰਕੇ ਵਾਪਿਸ ਆਉਂਦੇ ਰਹੇ ਪਰ ਮਨ ਦੇ ਵਿੱਚ ਜੋ ਇੱਕ ਤਲਬ ਸੀ, ਪ੍ਰਾਣਾਂ ਦੇ ਵਿੱਚ ਜੋ ਇੱਕ ਖਿੱਚ ਸੀ, ਆਤਮਾ ਵਿੱਚ ਜੋ ਇੱਕ ਲਗਨ ਸੀ, ਉਸਦੀ ਪੂਰਤੀ ਨਹੀਂ ਹੋ ਰਹੀ ਸੀ।
ਆਖਿਰ ਇੱਕ ਦਿਨ ਆਪ ਜੀ ਨੇ ਆਪਣੇ ਭਤੀਜੇ ਦੀ ਪਤਨੀ, ਆਪ ਜੀ ਦੀ ਨੂੰਹ, ਸ਼੍ਰੀ ਗੁਰੂ ਅੰਗਦ ਦੇਵ ਜੀ ਦੀ ਸਪੁੱਤਰੀ ਬੀਬੀ ਅਮਰੋ ਦੇ ਮੁਖ ਤੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਇੱਕ ਕਲਾਮ ਸੁਣਿਆ। ਉਹ ਕਲਾਮ ਇਹ ਸੀ :
ਮੋਤੀ ਤ ਮੰਦਰ ਊਸਰਹਿ ਰਤਨੀ ਤ ਹੋਹਿ ਜੜਾਉ।।
ਕਸਤੂਰਿ ਕੁੰਗੂ ਅਗਰਿ ਚੰਦਨਿ ਲੀਪਿ ਆਵੈ ਚਾਉ।।
ਮਤੁ ਦੇਖਿ ਭੂਲਾ ਵੀਸਰੈ ਤੇਰਾ ਚਿਤਿ ਨ ਆਵੈ ਨਾਉ।।
ਇਸ ਸ਼ਬਦ ਦਾ ਜਾਪ ਇਤਨੇ ਇਕਾਗਰ ਚਿੱਤ ਨਾਲ ਹੋ ਰਿਹਾ ਸੀ ਕਿ ਗੁਰੂ ਅਮਰਦਾਸ ਸਾਹਿਬ ਜੀ ਸੁਣ ਕੇ ਮਸਤ ਹੋ ਗਏ। ਆਪ ਇਕਦਮ ਆਪਣੀ ਨੂੰਹ ਬੀਬੀ ਅਮਰੋ ਜੀ ਕੋਲ ਗਏ ਤੇ ਆਖਿਆ ਬੇਟਾ, ਇਹ ਕਿਸਦਾ ਕਲਾਮ ਪੜ੍ਹ ਰਹੀ ਹੈਂ, ਇਹ ਕਿਸਦੀ ਬਾਣੀ ਪੜ੍ਹ ਰਹੀ ਹੈਂ ? ਤਾਂ ਬੀਬੀ ਅਮਰੋ ਕਹਿਣ ਲੱਗੀ, ਪਿਤਾ ਜੀ, ਇਹ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਬਾਣੀ ਹੈ। ਇਹ ਉਨ੍ਹਾਂ ਦੇ ਅੰਮ੍ਰਿਤਮਈ ਬਚਨ ਹਨ, ਜਿਨ੍ਹਾਂ ਦੀ ਗੱਦੀ ਦੇ ਵਾਰਸ ਅੱਜਕਲ੍ਹ ਮੇਰੇ ਪਿਤਾ ਗੁਰੂ ਅੰਗਦ ਦੇਵ ਜੀ ਹਨ। ਬੀਬੀ ਅਮਰੋ ਜੀ ਦਾ ਵਿਆਹ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਛੋਟੇ ਭਰਾ ਮਾਣਕ ਚੰਦ ਦੇ ਬੇਟੇ ਭਾਈ ਜੱਸੂ ਨਾਲ ਹੋਇਆ ਸੀ।
ਬਸ ਸ਼ਬਦ ਸ਼੍ਰੀ ਗੁਰੂ ਅਮਰਦਾਸ ਸਾਹਿਬ ਨੂੰ ਬਾਣ ਦੀ ਤਰ੍ਹਾਂ ਚੋਟ ਕਰ ਗਏ। ਇਸ ਸ਼ਬਦ ਦੀ ਚੋਟ ਨੇ ਆਪ ਨੂੰ ਗੁਰੂ ਦੀ ਤਲਾਸ਼ ਕਰਨ ਲਈ ਮਜ਼ਬੂਰ ਕਰ ਦਿੱਤਾ। ਆਪ ਪਹੁੰਚੇ ਨੇ ਸ਼੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਦੀ ਚਰਨ ਹਜ਼ੂਰੀ ਵਿੱਚ। ਆਪ ਸਬੰਧ ਦੇ ਰਿਸ਼ਤੇ ਵਿੱਚ ਕੁੜਮ ਨੇ ਪਰ ਕੁੜਮਾਚਾਰੀ ਨੂੰ ਇੱਕ ਪਾਸੇ ਰੱਖ ਕੇ ਸਿੱਖੀ ਤੇ ਗੁਰੂ ਦੇ ਰਿਸ਼ਤੇ ਨੂੰ ਤਰਜੀਹ ਦਿੱਤੀ। ਆਪ ਭਾਵੇਂ ਉਮਰ ਵਿੱਚ ਵੱਡੇ ਸਨ ਪਰ ਆਪਣਾ ਮਸਤਕ ਆਪਣੇ ਕੁੜਮ ਪਰ ਦੋ ਜਹਾਨ ਦੇ ਵਾਲੀ ਦੇ ਚਰਨਾਂ ਵਿੱਚ ਰੱਖ ਦਿੱਤਾ।
ਗੁਰੂ ਅੰਗਦ ਦੇਵ ਜੀ ਮਹਾਰਾਜ ਉਸ ਤਰ੍ਹਾਂ ਹੀ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਸਾਹਮਣੇ ਕਸਉਟੀਆਂ ਰੱਖਦੇ ਗਏ ਜਿਵੇਂ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਭਾਈ ਲਹਿਣਾ ਜੀ ਦੇ ਸਾਹਮਣੇ ਰੱਖੀਆਂ ਸਨ ਤੇ ਲਹਿਣਾ ਜੀ ਗੁਰੂ ਅੰਗਦ ਦੇਵ ਜੀ ਬਣੇ ਸਨ। ਦਰਅਸਲ, ਕਸਉਟੀ ਇਸ ਗੱਲ ਦੀ ਹੈ ਕਿ ਜਿੱਥੇ ਸ਼ਬਦ ਗੁਰੂ ਨੇ ਟਿਕਣਾ ਹੈ, ਘੱਟ ਤੋਂ ਘੱਟ ਹਿਰਦਾ ਤਾਂ ਉਸ ਢੰਗ ਦਾ ਹੋਣਾ ਚਾਹੀਦਾ ਹੈ ਪਵਿੱਤਰ, ਨਿਰਮਲ। ਗੱਲ ਸਾਰੀ ਸ਼ਬਦ ਦੀ ਹੈ, ਗੱਲ ਸਾਰੀ ਜੋਤ ਦੀ ਹੈ, ਗੱਲ ਸਾਰੀ ਫਲਸਫੇ ਦੀ ਹੈ, ਵਿਚਾਰ ਦੀ ਹੈ।
ਦਿਨ-ਰਾਤ ਆਪ ਸੇਵਾ ਵਿੱਚ ਲੀਨ, ਸੇਵਾ ਸਿਮਰਨ ਦੀ ਮੂਰਤੀ ਸਨ। ਅੰਮ੍ਰਿਤ ਵੇਲੇ ਉੱਠਣਾ, ਬਿਆਸ ਨਦੀ ਤੋਂ ਗਾਗਰ ਪਾਣੀ ਦੀ ਭਰ ਕੇ ਲਿਆਉਣੀ, ਆਪਣੇ ਪ੍ਰਾਣਾਂ ਦੇ ਮਾਲਕ ਗੁਰੂ ਅੰਗਦ ਦੇਵ ਜੀ ਨੂੰ ਅੰਮ੍ਰਿਤ ਵੇਲੇ ਇਸ਼ਨਾਨ ਕਰਾਉਣਾ, ਦਿਨ ਭਰ ਸਾਧ ਸੰਗਤ ਦੀ ਲੰਗਰ-ਪਾਣੀ ਨਾਲ ਸੇਵਾ ਕਰਨੀ, ਲੱਕੜੀਆਂ ਪਾੜਨੀਆਂ, ਕੱਪੜੇ ਧੋਣੇ, ਭਾਂਡੇ ਮਾਂਜਣੇ, ਪੱਖਾ ਝੱਲਣਾ, ਇਹ ਆਪ ਜੀ ਦੇ ਸੁਭਾਅ ਵਿੱਚ ਰਚ ਗਿਆ। ਸੇਵਾ ਦੀ ਆਪ ਮੂਰਤੀ ਹੋ ਗਏ, ਸਿਮਰਨ ਦੇ ਆਪ ਪੁੰਜ ਹੋ ਗਏ।
ਸਮਾਂ ਇਸ ਢੰਗ ਨਾਲ ਬਤੀਤ ਹੁੰਦਾ ਗਿਆ। ਇਕ ਦਿਨ ਆਪ ਅੱਧੀ ਰਾਤ ਨੂੰ ਉੱਠ ਕੇ ਗੁਰੂ ਸਾਹਿਬ ਨੂੰ ਇਸਨਾਨ ਕਰਵਾਉਣ ਲਈ ਪਾਣੀ ਲਿਆਉਣ ਲਈ ਜਾ ਰਹੇ ਸੀ ਤਾਂ ਵਾਪਸੀ ਸਮੇਂ ਜੁਲਾਹੇ ਦੇ ਬਣੇ ਹੋਏ ਖੱਡ ਦੇ ਵਿੱਚ, ਜਿਸਦੇ ਵਿੱਚ ਉਸਨੇ ਖੱਡੀ ਲਾਈ ਸੀ, ਕੱਪੜਾ ਬੁਣਦਾ ਸੀ, ਵਿੱਚ ਡਿੱਗ ਗਏ। ਜੁਲਾਹਾ ਜਾਗ ਗਿਆ ਕਿ ਪਤਾ ਨਹੀਂ, ਅੱਧੀ ਰਾਤ ਨੂੰ ਕੌਣ ਹੋਵੇਗਾ। ਜੁਲਾਹੀ ਕਹਿਣ ਲੱਗੀ ਕਿ ਫਿਕਰ ਨਾ ਕਰੋ, ਉਹ ਇਸ ਸਮੇਂ ਅੱਧੀ ਰਾਤ ਨੂੰ ਭਟਕਣ ਵਾਲਾ ਅਮਰੂ ਨਿਥਾਵਾ ਹੀ ਹੋਵੇਗਾ। ਉਹੀ ਅਮਰੂ ਨਿਥਾਵਾ ਅਥਾਹ ਕਰਦੇ ਰਹੇ ਸੇਵਾ, ਕਰਦੇ ਰਹੇ ਸਿਮਰਨ ਤੇ ਅੱਜ ਗੁਰੂ ਨਾਨਕ ਦੀ ਜੋਤ ਨੇ ਹਿਰਦੇ ਵਿੱਚ ਆ ਕੇ ਵਾਸਾ ਕੀਤਾ, ਉਹ ਅਮਰੂ ਨਿਥਾਵਾ ਗੁਰੂ ਅਮਰਦਾਸ ਜੀ ਮਹਾਰਾਜ ਬਣੇ, ਨਿਥਾਵਿਆਂ ਦੀ ਥਾਂ, ਨਿਮਾਣਿਆਂ ਦੇ ਮਾਣ, ਨਿਓਟਿਆਂ ਦੀ ਓਟ, ਨਿਆਸਰਿਆਂ ਦੇ ਆਸਰੇ, ਨਿਪੱਤਿਆਂ ਦੀ ਪੱਤ।
ਆਪ ਨੇ 1552 ਵਿੱਚ ਗੱਦੀ ‘ਤੇ ਬਿਰਾਜਮਾਨ ਹੁੰਦਿਆਂ ਹੀ ਧਾਰਮਿਕ ਤੇ ਸਮਾਜਿਕ ਦੁਨੀਆ ਵਿੱਚ ਕ੍ਰਾਂਤੀ ਲਿਆਉਣ ਦਾ ਕਾਰਜ ਕੀਤਾ। ਹਿੰਦੁਸਤਾਨ ਵਰਨ ਵੰਡ ਦੀ ਵੰਡ ਦੇ ਵਿੱਚ ਗਰਕ ਹੋਇਆ ਪਿਆ ਸੀ, ਜ਼ਾਤ-ਪਾਤ ਦੇ ਬੰਧਨਾਂ ਵਿੱਚ ਜਕੜਿਆ ਹੋਇਆ ਸੀ, ਛੂਤ-ਛਾਤ ਦੀ ਮਾਰ ਹੇਠ ਆਇਆ ਹੋਇਆ ਸੀ ਤੇ ਇਸਤਰੀ ਜਾਤੀ ਦਾ ਜ਼ੁਲਮ ਤਾਂ ਕਥਨ ਤੋਂ ਵੀ ਪਰ੍ਹੇ ਹੈ। ਗੁਰੂ ਅਮਰਦਾਸ ਸਾਹਿਬ ਜੀ ਨੇ ਚੱਲੀਆਂ ਆ ਰਹੀਆਂ ਇਨਾਂ ਸਾਰੀਆਂ ਰਸਮਾਂ ਦੀਆਂ ਧੱਜੀਆਂ ਉਡਾ ਦਿੱਤੀਆਂ। ਆਪ ਨੇ ਸਭ ਤੋਂ ਪਹਿਲਾਂ ਵਰਨ ਵੰਡ ਖਤਮ ਕੀਤਾ ਤੇ ਵਰਨ ਵੰਡ ਨੂੰ ਖਤਮ ਕਰਨ ਦਾ ਬੜਾ ਸੋਹਣਾ ਵਸੀਲਾ ਆਪ ਨੇ ਬਣਾਇਆ ਕਿ ਹਰੇਕ ਨੂੰ ਪਹਿਲਾਂ ਪੰਗਤ ਵਿੱਚ ਬੈਠਣਾ ਪਵੇਗਾ, ਲੰਗਰ ਛਕਣਾ ਪਵੇਗਾ, ਬਾਅਦ ਵਿੱਚ ਉਸਨੂੰ ਸੰਗਤ ਨਸੀਬ ਹੋਵੇਗੀ, ਤੁਹਾਡੇ ਦਰਸ਼ਨ ਨਸੀਬ ਹੋਣਗੇ। ਲੰਗਰ ਬਣਾਉਣ ਵਾਲੇ ਵੀ ਵਰਨ ਵੰਡ ਤੋਂ ਪਰ੍ਹੇ ਸਨ।
ਜਿਹੜੀਆਂ ਵਿਚਾਰਾਂ ਮਨੁੱਖ ਨੂੰ ਮਨੁੱਖ ਨਾਲੋਂ ਤੋੜਦੀਆਂ ਹਨ, ਉਹ ਵਿਚਾਰਾਂ ਮਨੁੱਖ ਨੂੰ ਮਨੁੱਖ ਨਾਲ ਨਹੀਂ ਜੋੜ ਸਕਦੀਆਂ। ਇਹ ਬਹੁਤ ਵੱਡੀ ਸੱਚਾਈ ਹੈ। ਜਿਹੜੀ ਵਿਚਾਰ ਮਨੁੱਖ ਨੂੰ ਮਨੁੱਖ ਦੇ ਨੇੜੇ ਲੈ ਆਵੇ, ਉਹ ਵਿਚਾਰ ਫਿਰ ਮਨੁੱਖ ਨੂੰ ਰੱਬ ਦੇ ਵੀ ਨੇੜੇ ਲੈ ਆਉਂਦੀ ਹੈ।
ਉਸ ਸਮੇਂ ਬਾਲ ਵਿਆਹ ਕਰ ਦਿੱਤੇ ਜਾਂਦੇ ਸਨ ਤੇ ਜੇ ਉਸਦੇ ਪਤੀ ਦੀ ਮੌਤ ਹੋ ਜਾਂਦੀ ਸੀ ਤਾਂ ਉਸਨੂੰ ਦੁਬਾਰਾ ਵਿਆਹ ਕਰਵਾਉਣ ਦੀ ਇਜਾਜ਼ਤ ਨਹੀਂ ਸੀ। ਉਸਨੂੰ ਸਾਰੀ ਉਮਰ ਫਿਰ ਇਕੱਲਿਆਂ ਗੁਜ਼ਾਰਨੀ ਪੈਂਦੀ ਸੀ। ਗੁਰੂ ਸਾਹਿਬ ਜੀ ਨੇ ਇਸ ਪ੍ਰਥਾ ਨੂੰ ਬਦਲਿਆ ਤੇ ਵਿਧਵਾ ਵਿਆਹ ਦੀ ਪ੍ਰਥਾ ਜਾਰੀ ਕੀਤੀ। ਦੂਸਰਾ ਸਾਡੇ ਦੇਸ਼ ਵਿੱਚ ਸਤੀ ਪ੍ਰਥਾ ਸੀ। ਜਿਸਦਾ ਪਤੀ ਮਰ ਗਿਆ ਤਾਂ ਉਸਨੂੰ ਵੀ ਉਸਦੀ ਚਿਤਾ ਦੇ ਨਾਲ ਹੀ ਜ਼ਿੰਦਾ ਸੜਨਾ ਪੈਂਦਾ ਸੀ। ਗੁਰੂ ਜੀ ਨੇ ਆਵਾਜ਼ ਬੁਲੰਦ ਕੀਤੀ ਕਿ
ਸਤੀਆ ਏਹਿ ਨ ਆਖੀਅਨ ਜੋ ਮੜਿਆ ਲਗਿ ਜਲੰਨਿ।।
ਇਸਤਰੀ ਜਾਤੀ ਨੂੰ ਬਾਕਾਇਦਾ ਪਰਦਾ ਦਿੱਤਾ ਗਿਆ ਸੀ ਕਿ ਇਹ ਪਰਦੇ ਵਿੱਚ ਰਹੇ। ਜਿਸ ਤਰ੍ਹਾਂ ਧਨ ਨੂੰ ਛੁਪਾ ਕੇ ਰੱਖਣਾ ਪੈਂਦਾ ਹੈ ਕਿਉਂਕਿ ਜਗਤ ਵਿੱਚ ਚੋਰ ਹਨ ਤੇ ਰੂਪ ਨੂੰ ਛੁਪਾ ਕੇ ਰੱਖਣਾ ਹੈ ਕਿਉਂਕਿ ਜਗਤ ਵਿੱਚ ਬਹੁਤ ਬੇਸ਼ਰਮ ਲੋਕ ਹਨ। ਚਾਹੀਦਾ ਤਾਂ ਐਸਾ ਸੀ ਕਿ ਜਿਹੜੇ ਬੇਸ਼ਰਮ ਲੋਕ ਹਨ, ਉਹ ਆਪਣੀਆਂ ਅੱਖਾਂ ‘ਤੇ ਸ਼ਰਮ ਦਾ ਪਰਦਾ ਪਾਉਣ ਪਰ ਇਸਤਰੀ ਜਾਤ ਨੂੰ ਪਰਦਾ ਪਹਿਣਾ ਦਿੱਤਾ ਗਿਆ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੇ ਪਰਦੇ ਦੀ ਧੱਜੀਆਂ ਉਡਾਈਆਂ ਹਨ। ਭਗਤ ਕਬੀਰ ਜੀ ਫੁਰਮਾਉਂਦੇ ਹਨ ਕਿ
ਰਹੁ ਰਹੁ ਰੀ ਬਹੁਰੀਆ ਘੂੰਘਟੁ ਜਿਨਿ ਕਾਢੈ।।
ਅੰਤ ਕੀ ਬਾਰ ਲਹੈਗੀ ਨ ਆਢੈ।।
ਘੂੰਘਟੁ ਤੇਰੋ ਤਉ ਪਰਿ ਸਾਚੈ।।
ਹਰਿ ਗੁਨ ਗਾਇ ਕੂਦਹਿ ਅਰੁ ਨਾਚੈ।।
ਉਹ ਕਹਿੰਦੇ ਹਨ ਕਿ ਪਰਮਾਤਮਾ ਦਾ ਨਾਮ ਜਪ, ਸੰਗਤ ਦੀ ਸੇਵਾ ਕਰ, ਸਿਮਰਨ ਕਰ। ਇਉਂ ਕੱਪੜੇ ਦੇ ਘੁੰਡ ਵਿੱਚ ਆ ਕੇ ਆਪਣੀ ਜ਼ਿੰਦਗੀ ਅਜਾਈਂ ਨਾ ਗੁਆ ਬੈਠੀ। ਤੇਰੇ ਚਿਹਰੇ ‘ਤੇ ਸੱਚ ਦਾ ਘੁੰਡ ਚਾਹੀਦਾ ਹੈ, ਸ਼ਰਮ ਦਾ ਘੁੰਡ ਚਾਹੀਦਾ ਹੈ। ਸੋ ਪਰਦੇ ਦੀ ਪ੍ਰਥਾ ਨੂੰ ਵੀ ਗੁਰੂ ਸਾਹਿਬ ਜੀ ਨੇ ਖਤਮ ਕੀਤਾ।
ਉਸ ਇੱਕ ਨਾਲ ਜੁੜਦਿਆਂ ਹੀ ਮਨੁੱਖ ਦੇ ਅੰਦਰ ਏਕਤਾ ਦੀ ਭਾਵਨਾ ਪੈਦਾ ਹੁੰਦੀ ਹੈ। ਇੱਕ ਦੇ ਵਿੱਚ ਜੀਣਾ ਅਨੰਦ ਦੇ ਵਿੱਚ ਜੀਣਾ ਹੈ ਤੇ ਅਨੇਕਤਾ ਵਿੱਚ ਜੀਣਾ ਦੁੱਖ ਦੇ ਵਿੱਚ ਜੀਣਾ ਹੈ। ਜਿਵੇਂ-ਜਿਵੇਂ ਬੰਦਾ ਉਸ ਇੱਕ ਦੀ ਤਰਫ ਆਉਂਦਾ ਹੈ, ਪ੍ਰਕਾਸ਼ ਵਿੱਚ ਲੀਨ ਹੋ ਜਾਂਦਾ ਹੈ। ਜਿਵੇ-ਜਿਵੇਂ ਬੰਦਾ ਅਨੇਕਤਾ ਦੀ ਤਰਫ ਜਾਂਦਾ ਹੈ, ਅੰਧਕਾਰ ਵਿੱਚ ਫਸ ਜਾਂਦਾ ਹੈ।
ਜਾਤਿ ਕਾ ਗਰਬੁ ਨ ਕਰੀਅਹੁ ਕੋਈ।।
ਬ੍ਰਹਮੁ ਬਿੰਦੇ ਸੋ ਬ੍ਰਾਹਮਣ ਹੋਈ।।
ਗੁਰੂ ਸਾਹਿਬ ਜੀ ਨੇ 18 ਰਾਗਾਂ ਵਿੱਚ ਬਾਣੀ ਉਚਾਰਨ ਕੀਤੀ ਹੈ। ਗੁਰੂ ਜੀ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਨੂੰ ਗੁਰਤਾ-ਗੱਦੀ ਦੇ ਕੇ 1 ਸਤੰਬਰ, 1574 ਈ: ਨੂੰ ਗੋਇੰਦਵਾਲ ਸਾਹਿਬ ਵਿਖੇ ਜੋਤੀ-ਜੋਤ ਸਮਾ ਗਏ।