ਪੰਜਾਬ ਦੇ ਨੌਜਵਾਨਾਂ ਵਿੱਚ ਦਿਲ ਦੀਆਂ ਬਿਮਾਰੀਆਂ ਵਧਣ ਦਾ ਖ਼ਤਰਾ ਲਗਾਤਾਰ ਵਧ ਰਿਹਾ ਹੈ, ਜੋ ਇੱਕ ਗੰਭੀਰ ਚਿੰਤਾ ਦਾ ਵਿਸ਼ਾ ਬਣ ਗਿਆ ਹੈ। ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਰਾਜ ਦੀ ਸਟੇਟ ਹੈਲਥ ਏਜੰਸੀ ਦੇ ਅੰਕੜਿਆਂ ਅਨੁਸਾਰ ਇਸ ਯੋਜਨਾ ਤਹਿਤ ਦਿਲ ਦੀਆਂ ਬਿਮਾਰੀਆਂ ਦੇ ਇਲਾਜ ਲਈ ਆਏ 135 ਮਰੀਜ਼ਾਂ ਵਿੱਚੋਂ 73 ਮਰੀਜ਼ 17 ਤੋਂ 35 ਸਾਲ ਦੀ ਉਮਰ ਵਾਲੇ ਨੌਜਵਾਨ ਹਨ। ਇਹ ਅੰਕੜੇ ਹਰ ਇੱਕ ਮਾਪਿਆਂ ਅਤੇ ਸਮਾਜ ਲਈ ਚਿੰਤਾਜਨਕ ਹਨ।
ਭਾਰਤ ਵਿੱਚ ਵੀ ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ICMR) ਅਨੁਸਾਰ ਪਿਛਲੇ 30 ਸਾਲਾਂ ਵਿੱਚ ਦਿਲ ਦੀਆਂ ਬਿਮਾਰੀਆਂ ਬਿਮਾਰੀਆਂ ਅਤੇ ਮੌਤਾਂ ਦਾ ਇੱਕ ਵੱਡਾ ਕਾਰਨ ਬਣ ਚੁੱਕੀਆਂ ਹਨ। ਪਹਿਲਾਂ ਇਹਨਾਂ ਰੋਗਾਂ ਨੂੰ ਵੱਡੀ ਉਮਰ ਨਾਲ ਜੋੜਿਆ ਜਾਂਦਾ ਸੀ, ਪਰ ਹੁਣ 20 ਤੋਂ 40 ਸਾਲ ਦੀ ਉਮਰ ਵਾਲੇ ਨੌਜਵਾਨਾਂ ਵਿੱਚ ਵੀ ਦਿਲ ਦੇ ਦੌਰੇ ਅਤੇ ਹੋਰ ਸਮੱਸਿਆਵਾਂ ਵੱਧ ਰਹੀਆਂ ਹਨ। ਪੰਜਾਬ ਵਿੱਚ ਇਹ ਰੁਝਾਨ ਵਿਸ਼ੇਸ਼ ਤੌਰ ਤੇ ਚਿੰਤਾਜਨਕ ਹੈ।
ਦਿਲ ਦੀਆਂ ਬਿਮਾਰੀਆਂ ਵਧਣ ਦਾ ਇੱਕ ਕਾਰਨ ਨਹੀਂ
ਦਿਲ ਦੀਆਂ ਬਿਮਾਰੀਆਂ ਵਧਣ ਦਾ ਕੋਈ ਇੱਕ ਕਾਰਨ ਨਹੀਂ ਹੈ ਬਲਕਿ ਇਹ ਕਈ ਕਾਰਨਾਂ ਦਾ ਨਤੀਜਾ ਹੈ। ਸਭ ਤੋਂ ਵੱਡਾ ਕਾਰਨ ਗਲਤ ਜੀਵਨ ਸ਼ੈਲੀ ਹੈ। ਆਧੁਨਿਕ ਜੀਵਨ ਵਿੱਚ ਲੰਬੇ ਸਮੇਂ ਤੱਕ ਬੈਠ ਕੇ ਕੰਮ ਕਰਨਾ, ਮੋਬਾਈਲ ਅਤੇ ਕੰਪਿਊਟਰ ਦੀ ਲਗਾਤਾਰ ਵਰਤੋਂ ਅਤੇ ਸਰੀਰਕ ਮਿਹਨਤ ਦੀ ਘਾਟ ਦਿਲ ਨੂੰ ਕਮਜ਼ੋਰ ਕਰਦੀ ਹੈ। ਬਹੁਤੇ ਨੌਜਵਾਨ ਰੋਜ਼ਾਨਾ ਕਸਰਤ ਲਈ ਸਮਾਂ ਨਹੀਂ ਕੱਢਦੇ। ਖਾਣ-ਪੀਣ ਦੀਆਂ ਗਲਤ ਆਦਤਾਂ ਵੀ ਇਸ ਵਿੱਚ ਵੱਡੀ ਭੂਮਿਕਾ ਅਦਾ ਕਰਦੀਆਂ ਹਨ। ਫਾਸਟ ਫੂਡ, ਤਲੀਆਂ ਚੀਜ਼ਾਂ, ਵੱਧ ਘੀ-ਮੱਖਣ, ਮਿੱਠੇ ਪੇਅ ਅਤੇ ਪ੍ਰੋਸੈਸਡ ਭੋਜਨ ਕੋਲੇਸਟਰੋਲ ਵਧਾਉਂਦੇ ਹਨ, ਜਿਸ ਨਾਲ ਮੋਟਾਪਾ, ਹਾਈ ਬਲੱਡ ਪ੍ਰੈਸ਼ਰ ਅਤੇ ਸ਼ੂਗਰ ਵਰਗੀਆਂ ਸਮੱਸਿਆਵਾਂ ਪੈਦਾ ਹੁੰਦੀਆਂ ਹਨ। ਇਹ ਸਭ ਦਿਲ ਲਈ ਖ਼ਤਰਨਾਕ ਹਨ।
ਤਣਾਅ ਅਤੇ ਨੀਂਦ ਦੀ ਕਮੀ
ਤਣਾਅ ਅਤੇ ਨੀਂਦ ਦੀ ਕਮੀ ਵੀ ਦਿਲ ਤੇ ਬੁਰਾ ਅਸਰ ਪਾਉਂਦੀ ਹੈ। ਨੌਕਰੀ, ਪੜ੍ਹਾਈ, ਆਰਥਿਕ ਚਿੰਤਾਵਾਂ ਅਤੇ ਭਵਿੱਖ ਦੀ ਅਸੁਰੱਖਿਆ ਨੌਜਵਾਨਾਂ ਵਿੱਚ ਮਾਨਸਿਕ ਤਣਾਅ ਵਧਾ ਰਹੀਆਂ ਹਨ। ਘੱਟ ਨੀਂਦ ਅਤੇ ਲਗਾਤਾਰ ਤਣਾਅ ਬਲੱਡ ਪ੍ਰੈਸ਼ਰ ਵਧਾਉਂਦੇ ਹਨ ਅਤੇ ਦਿਲ ਤੇ ਵਾਧੂ ਬੋਝ ਪਾਉਂਦੇ ਹਨ। ਨਸ਼ਾ ਇੱਕ ਹੋਰ ਵੱਡਾ ਖ਼ਤਰਾ ਹੈ। ਸਿਗਰਟ, ਹੁੱਕਾ, ਸ਼ਰਾਬ ਅਤੇ ਡਰੱਗਸ ਖੂਨ ਦੀਆਂ ਨਸਾਂ ਨੂੰ ਨੁਕਸਾਨ ਪਹੁੰਚਾਉਂਦੇ ਹਨ ਅਤੇ ਰੁਕਾਵਟਾਂ ਪੈਦਾ ਕਰਦੇ ਹਨ, ਜਿਸ ਨਾਲ ਦਿਲ ਦੇ ਦੌਰੇ ਦਾ ਖਤਰਾ ਵਧ ਜਾਂਦਾ ਹੈ।
ਪਰਿਵਾਰਕ ਪਿਛੋਕੜ
ਪਰਿਵਾਰਕ ਪਿਛੋਕੜ ਵੀ ਮਹੱਤਵਪੂਰਨ ਹੈ। ਭਾਰਤੀਆਂ ਖਾਸ ਕਰਕੇ ਦੱਖਣੀ ਏਸ਼ੀਆਈ ਲੋਕਾਂ ਵਿੱਚ ਇਹ ਬਿਮਾਰੀ ਜੈਨੇਟਿਕ ਤੌਰ ਤੇ ਵੱਧ ਹੋ ਸਕਦੀ ਹੈ। ਜੇ ਪਰਿਵਾਰ ਵਿੱਚ ਕਿਸੇ ਨੂੰ ਪਹਿਲਾਂ ਇਹ ਸਮੱਸਿਆ ਰਹੀ ਹੋਵੇ ਤਾਂ ਨੌਜਵਾਨਾਂ ਨੂੰ ਵਧੇਰੇ ਸਾਵਧਾਨ ਰਹਿਣਾ ਚਾਹੀਦਾ ਹੈ। ਪੰਜਾਬ ਵਿੱਚ ਰਵਾਇਤੀ ਖਾਣੇ ਵਿੱਚ ਘੀ, ਮੱਖਣ, ਕ੍ਰੀਮ ਅਤੇ ਤਲੀਆਂ ਚੀਜ਼ਾਂ ਦੀ ਵਰਤੋਂ ਵੱਧ ਹੁੰਦੀ ਹੈ। ਇਸ ਦੇ ਨਾਲ ਬਹੁਤੇ ਲੋਕ ਸਰੀਰਕ ਮਿਹਨਤ ਘੱਟ ਕਰਦੇ ਹਨ। ਨਤੀਜੇ ਵਜੋਂ ਮੋਟਾਪਾ, ਸ਼ੂਗਰ ਅਤੇ ਹਾਈ ਬਲੱਡ ਪ੍ਰੈਸ਼ਰ ਆਮ ਹੋ ਰਹੇ ਹਨ, ਜੋ ਦਿਲ ਦੀਆਂ ਬਿਮਾਰੀਆਂ ਨੂੰ ਵਧਾਵਾ ਦਿੰਦੇ ਹਨ।
ਦਿਲ ਦੀ ਬਿਮਾਰੀ ਦੇ ਲੱਛਣਾਂ ਨੂੰ ਕਦੇ ਵੀ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ। ਛਾਤੀ ਵਿੱਚ ਦਰਦ ਜਾਂ ਭਾਰੀਪਨ ਨੂੰ ਗੈਸ ਸਮਝ ਕੇ ਅਣਡਿੱਠਾ ਨਾ ਕਰੋ। ਭਾਵੇਂ ਤੁਸੀਂ ਕਿਸੇ ਵੀ ਉਮਰ ਵਿੱਚ ਹੋਵੋ। ਜ਼ਿਆਦਾ ਸਾਹ ਚੜ੍ਹਨਾ, ਬਾਂਹ, ਜਬੜੇ ਜਾਂ ਪਿੱਠ ਵਿੱਚ ਦਰਦ, ਅਚਾਨਕ ਪਸੀਨਾ ਆਉਣਾ, ਚੱਕਰ ਆਉਣਾ, ਬੇਹੋਸ਼ੀ ਜਾਂ ਧੜਕਣ ਤੇਜ਼ ਹੋਣਾ ਵੀ ਖ਼ਤਰੇ ਦੇ ਸੰਕੇਤ ਹੋ ਸਕਦੇ ਹਨ। ਇਹਨਾਂ ਲੱਛਣਾਂ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ ਅਤੇ ਤੁਰੰਤ ਡਾਕਟਰੀ ਸਲਾਹ ਲੈਣੀ ਚਾਹੀਦੀ ਹੈ।
ਰੋਜ਼ਾਨਾ ਘੱਟੋ-ਘੱਟ 30 ਮਿੰਟ ਕਸਰਤ ਜ਼ਰੂਰੀ
ਬਚਾਅ ਲਈ ਰੋਜ਼ਾਨਾ ਘੱਟੋ-ਘੱਟ 30 ਮਿੰਟ ਕਸਰਤ ਜ਼ਰੂਰੀ ਹੈ। ਤਲੀਆਂ ਅਤੇ ਚਰਬੀ ਵਾਲੀਆਂ ਚੀਜ਼ਾਂ ਘੱਟ ਖਾਓ। ਨਸ਼ਿਆਂ ਤੋਂ ਪੂਰੀ ਤਰ੍ਹਾਂ ਦੂਰ ਰਹੋ। ਵਜ਼ਨ ਨੂੰ ਕੰਟਰੋਲ ਵਿੱਚ ਰੱਖੋ। ਬਲੱਡ ਪ੍ਰੈਸ਼ਰ, ਸ਼ੂਗਰ ਅਤੇ ਕੋਲੇਸਟਰੋਲ ਦੀ ਨਿਯਮਿਤ ਜਾਂਚ ਕਰਵਾਓ। ਪੂਰੀ ਨੀਂਦ ਲਓ ਅਤੇ ਤਣਾਅ ਘਟਾਓ। ਦਿਲ ਦੀ ਬਿਮਾਰੀ ਹੁਣ ਸਿਰਫ਼ ਬਜ਼ੁਰਗਾਂ ਤੱਕ ਸੀਮਤ ਨਹੀਂ ਰਹੀ। ਨੌਜਵਾਨ ਸਮੇਂ ਸਿਰ ਆਪਣੀ ਜੀਵਨ ਸ਼ੈਲੀ ਬਦਲ ਲੈਣ ਤਾਂ ਇਹਨਾਂ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ।
ਸਵੇਰੇ ਦਿਲ ਦੇ ਦੌਰੇ ਵਧੇਰੇ ਹੋਣ ਦਾ ਵੀ ਇੱਕ ਵੱਡਾ ਕਾਰਨ
ਸਵੇਰੇ ਦਿਲ ਦੇ ਦੌਰੇ ਵਧੇਰੇ ਹੋਣ ਦਾ ਵੀ ਇੱਕ ਵੱਡਾ ਕਾਰਨ ਹੈ। ਜਾਗਣ ਤੋਂ ਬਾਅਦ ਸਰੀਰ ਵਿੱਚ ਹਾਰਮੋਨਲ ਬਦਲਾਅ ਹੁੰਦੇ ਹਨ। ਬਲੱਡ ਪ੍ਰੈਸ਼ਰ ਵਧਦਾ ਹੈ, ਐਡ੍ਰਿਨਲਿਨ ਅਤੇ ਕੋਰਟੀਸੋਲ ਵਧਦੇ ਹਨ। ਖੂਨ ਗਾੜ੍ਹਾ ਹੋਣ ਕਰਕੇ ਥੱਕੇ ਬਣਨ ਦੀ ਸੰਭਾਵਨਾ ਵਧ ਜਾਂਦੀ ਹੈ। ਉੱਠਦੇ ਹੀ ਤੁਰਨਾ, ਨ੍ਹਾਉਣਾ ਜਾਂ ਕੰਮ ਸ਼ੁਰੂ ਕਰਨਾ ਦਿਲ ਤੇ ਵਾਧੂ ਬੋਝ ਪਾਉਂਦਾ ਹੈ। ਖਰਾਟੇ ਅਤੇ ਘੱਟ ਨੀਂਦ ਵੀ ਇਸ ਵਿੱਚ ਯੋਗਦਾਨ ਪਾਉਂਦੀਆਂ ਹਨ।
ਵੱਧ ਖ਼ਤਰੇ ਵਾਲੇ ਲੋਕਾਂ ਨੂੰ ਖਾਸ ਧਿਆਨ ਰੱਖਣਾ ਚਾਹੀਦਾ ਹੈ। ਹਾਈ ਬਲੱਡ ਪ੍ਰੈਸ਼ਰ, ਸ਼ੂਗਰ, ਉੱਚ ਕੋਲੇਸਟਰੋਲ, ਮੋਟਾਪਾ ਵਾਲੇ ਅਤੇ ਜਿਨ੍ਹਾਂ ਦੇ ਪਰਿਵਾਰ ਵਿੱਚ ਦਿਲ ਦੀ ਬਿਮਾਰੀ ਦਾ ਇਤਿਹਾਸ ਹੈ, ਉਹਨਾਂ ਨੂੰ ਵਧੇਰੇ ਸਾਵਧਾਨ ਰਹਿਣਾ ਚਾਹੀਦਾ ਹੈ। ਅਸੀਂ ਜਿਨ੍ਹਾਂ ਚੀਜ਼ਾਂ ਨੂੰ ਸਹੂਲਤ ਜਾਂ ਸੁਆਦ ਵਾਲੀਆਂ ਸਮਝਦੇ ਹਾਂ, ਉਹੀ ਅਕਸਰ ਸਾਡੀ ਸਿਹਤ ਲਈ ਦੁਸ਼ਮਣ ਬਣ ਜਾਂਦੀਆਂ ਹਨ।
ਨੌਜਵਾਨਾਂ ਵਿੱਚ ਵਧ ਰਹੀਆਂ ਦਿਲ ਦੀਆਂ ਬਿਮਾਰੀਆਂ ਆਧੁਨਿਕ ਲਾਈਫਸਟਾਈਲ ਦਾ ਨਤੀਜਾ ਹਨ। ਇਸ ਤੋਂ ਬਚਣ ਲਈ ਕਸਰਤ, ਸੰਤੁਲਿਤ ਡਾਈਟ, ਨਿਯਮਿਤ ਜਾਂਚ ਅਤੇ ਸਿਹਤਮੰਦ ਆਦਤਾਂ ਅਪਣਾਉਣੀਆਂ ਬਹੁਤ ਜ਼ਰੂਰੀ ਹਨ। ਛਾਤੀ ਵਿੱਚ ਦਰਦ ਜਾਂ ਸਾਹ ਚੜ੍ਹਨ ਵਰਗੇ ਲੱਛਣਾਂ ਨੂੰ ਹਲਕੇ ਵਿੱਚ ਨਾ ਲਓ। ਫੌਰਨ ਡਾਕਟਰ ਕੋਲ ਜਾਓ। ਸਮੇਂ ਸਿਰ ਇਲਾਜ ਅਤੇ ਬਚਾਅ ਨਾਲ ਇਸ ਖ਼ਤਰੇ ਨੂੰ ਘਟਾਇਆ ਜਾ ਸਕਦਾ ਹੈ। ਪੰਜਾਬ ਦੇ ਨੌਜਵਾਨਾਂ ਨੂੰ ਆਪਣੀ ਸਿਹਤ ਨੂੰ ਤਰਜੀਹ ਦੇਣੀ ਚਾਹੀਦੀ ਹੈ ਤਾਂ ਜੋ ਉਹਨਾਂ ਦਾ ਭਵਿੱਖ ਤੰਦਰੁਸਤ ਅਤੇ ਖੁਸ਼ਹਾਲ ਰਹੇ।

