International Khaas Lekh Khalas Tv Special Video

ਅਮਰੀਕਾ ਨੇ ਹੁਣ ਕਿਹੜੇ ਪੱਕੇ ਦੋਸਤ ਦੀ ਪਿੱਠ ‘ਚ ਛੂਰਾ ਮਾਰਿਆ?

ਮਿਡਲ ਈਸਟ ਵਿੱਚ ਇੱਕ ਅਜਿਹਾ ਸੰਕਟ ਚੱਲ ਰਿਹਾ ਹੈ ਜੋ ਨਾ ਸਿਰਫ਼ ਦੁਸ਼ਮਣੀ ਅਤੇ ਦੋਸਤੀ ਦੇ ਪੂਰੇ ਨਕਸ਼ੇ ਨੂੰ ਬਦਲ ਸਕਦਾ ਹੈ ਬਲਕਿ ਪੂਰੀ ਦੁਨੀਆ ਨੂੰ ਈਰਾਨ ਨਾਲ ਹੋਣ ਵਾਲੀ ਜੰਗ ਨਾਲੋਂ ਵੀ ਵੱਡੇ ਆਰਥਿਕ ਸੰਕਟ ਵਿੱਚ ਧੱਕ ਸਕਦਾ ਹੈ। ਇਸ ਸਾਰੇ ਮਾਮਲੇ ਵਿੱਚ ਅਮਰੀਕਾ ਦਾ ਉਹ ਧੋਖੇਬਾਜ਼ ਚਿਹਰਾ ਸਾਹਮਣੇ ਆ ਗਿਆ ਹੈ ਜਿਸ ਲਈ ਉਹ ਪਹਿਲਾਂ ਤੋਂ ਹੀ ਜਾਣਿਆ ਜਾਂਦਾ ਹੈ।

ਜੰਗ ਦਾ ਨਤੀਜਾ ਪੂਰੀ ਦੁਨੀਆ ਨੇ ਭੁਗਤਿਆ

ਅਮਰੀਕਾ ਅਤੇ ਇਜ਼ਰਾਈਲ ਦੀ ਈਰਾਨ ਨਾਲ ਹੋਈ ਜੰਗ ਦਾ ਨਤੀਜਾ ਪੂਰੀ ਦੁਨੀਆ ਨੇ ਭੁਗਤਿਆ। ਤੇਲ ਸੰਕਟ ਨੇ ਵਿਸ਼ਵ ਅਰਥਚਾਰੇ ਨੂੰ ਡੂੰਘਾ ਝਟਕਾ ਦਿੱਤਾ ਅਤੇ ਉਸਦਾ ਅਸਰ ਅਜੇ ਵੀ ਜਾਰੀ ਹੈ। ਹੁਣ ਯਮਨ ਵਿੱਚ ਸਾਊਦੀ ਅਰਬ ਦੀ ਹਮਾਇਤੀ ਸਰਕਾਰ ਅਤੇ ਈਰਾਨ ਦੀ ਸਮਰਥਨ ਵਾਲੇ ਸ਼ੀਆ ਹੂਤੀ ਗਰੁੱਪ ਵਿਚਾਲੇ ਚੱਲ ਰਹੀ ਜ਼ਬਰਦਸਤ ਲੜਾਈ ਨੇ ਬਾਬ ਅਲ ਮੰਦਬ ਸਟ੍ਰੇਟ ਵਰਗੇ ਅਹਿਮ ਸਮੁੰਦਰੀ ਰਸਤੇ ਨੂੰ ਖਤਰੇ ਵਿੱਚ ਪਾ ਕੇ ਪੂਰੀ ਦੁਨੀਆ ਨੂੰ ਇੱਕ ਨਵੇਂ ਤੇਲ ਸੰਕਟ ਵੱਲ ਧੱਕ ਦਿੱਤਾ ਹੈ। ਇਹ ਸਟ੍ਰੇਟ ਸਟ੍ਰੇਟ ਆਫ਼ ਹਾਰਮੂਜ਼ ਵਰਗਾ ਹੀ ਮਹੱਤਵਪੂਰਨ ਹੈ ਕਿਉਂਕਿ ਇੱਥੋਂ ਪੂਰੀ ਦੁਨੀਆ ਦਾ ਲਗਭਗ 12 ਫੀਸਦੀ ਵਪਾਰ ਹੁੰਦਾ ਹੈ ਅਤੇ ਇਹ ਲਾਲ ਸਾਗਰ ਰਾਹੀਂ ਏਸ਼ੀਆ ਅਤੇ ਯੂਰਪ ਨੂੰ ਜੋੜਦਾ ਹੈ।

ਈਰਾਨ, ਹਮਾਸ ਅਤੇ ਹਿਜ਼ਬੁੱਲਾ ਦੇ ਹਮਾਇਤੀ ਹੂਤੀ ਗਰੁੱਪ ਸਰਗਰਮ

ਇਸ ਲੜਾਈ ਦਾ ਮੁੱਖ ਕਾਰਨ ਇਹ ਹੈ ਕਿ ਯਮਨ ਵਿੱਚ ਮੌਜੂਦ ਸਰਕਾਰ ਸਾਊਦੀ ਅਰਬ ਦੀ ਹਮਾਇਤ ਨਾਲ ਚੱਲ ਰਹੀ ਹੈ ਅਤੇ ਉੱਥੇ ਸੁੰਨੀ ਸਰਕਾਰ ਸੱਤਾ ਵਿੱਚ ਹੈ। ਪਰ ਈਰਾਨ, ਹਮਾਸ ਅਤੇ ਹਿਜ਼ਬੁੱਲਾ ਦੇ ਹਮਾਇਤੀ ਹੂਤੀ ਗਰੁੱਪ ਵੀ ਸਰਗਰਮ ਹਨ ਅਤੇ ਯਮਨ ਨੂੰ ਆਪਣੇ ਕੰਟਰੋਲ ਵਿੱਚ ਲੈਣਾ ਚਾਹੁੰਦੇ ਹਨ। ਲੰਮੇ ਸਮੇਂ ਤੋਂ ਹੂਤੀਆਂ ਅਤੇ ਸਾਊਦੀ ਅਰਬ ਵਿਚਾਲੇ ਤਣਾਅ ਚੱਲਦਾ ਰਿਹਾ ਪਰ ਕੁਝ ਸਮੇਂ ਲਈ ਸਥਿਤੀ ਸ਼ਾਂਤ ਸੀ।

ਬਾਬ ਅਲ ਮੰਦਬ ਸਟ੍ਰੇਟ ਤੇ ਹੂਤੀਆਂ ਦਾ ਕਬਜ਼ਾ

ਕੁਝ ਮਹੀਨੇ ਪਹਿਲਾਂ ਹੂਤੀ ਲੀਡਰ ਅਮਰੀਕੀ ਹਮਲੇ ਵਿੱਚ ਮਾਰੇ ਗਏ ਈਰਾਨ ਦੇ ਸੁਪਰੀਮ ਲੀਡਰ ਆਯਤੁੱਲਾ ਖਾਮਨੇਈ ਦੀ ਅੰਤਿਮ ਯਾਤਰਾ ਵਿੱਚ ਸ਼ਾਮਲ ਹੋਣ ਲਈ ਈਰਾਨ ਗਏ ਸਨ। ਵਾਪਸੀ ਵੇਲੇ ਜਦੋਂ ਉਹ ਹਵਾਈ ਜਹਾਜ਼ ਰਾਹੀਂ ਯਮਨ ਪਰਤ ਰਹੇ ਸਨ ਤਾਂ ਲੈਂਡਿੰਗ ਦੌਰਾਨ ਸਾਊਦੀ ਅਰਬ ਨੇ ਏਅਰਪੋਰਟ ਦੀ ਹਵਾਈ ਪੱਟੀ ਨੂੰ ਉਡਾ ਦਿੱਤਾ ਤਾਂ ਜੋ ਜਹਾਜ਼ ਉੱਤਰ ਨਾ ਸਕੇ। ਸਾਊਦੀ ਅਰਬ ਨੂੰ ਉਮੀਦ ਸੀ ਕਿ ਹੂਤੀਆਂ ਦੇ ਵੱਡੇ ਆਗੂ ਉਸ ਜਹਾਜ਼ ਵਿੱਚ ਹੋਣਗੇ ਅਤੇ ਇੱਕੋ ਹਮਲੇ ਵਿੱਚ ਖਤਮ ਹੋ ਜਾਣਗੇ। ਪਰ ਪਾਇਲਟ ਦੀ ਸਮਝਦਾਰੀ ਕਾਰਨ ਹੂਤੀ ਆਗੂ ਬਚ ਗਏ। ਉਸ ਤੋਂ ਬਾਅਦ ਹੂਤੀਆਂ ਨੇ ਯਮਨ ਵਿੱਚ ਮੌਜੂਦ ਸਾਊਦੀ ਹਮਾਇਤੀ ਸਰਕਾਰ ਖਿਲਾਫ਼ ਖੁੱਲ੍ਹੀ ਜੰਗ ਛੇੜ ਦਿੱਤੀ। ਹੂਤੀਆਂ ਦੇ ਖੂੰਖਾਰ ਲੜਾਕਿਆਂ ਨੇ ਸਾਊਦੀ ਫੌਜ ਨੂੰ ਖਤਮ ਕਰਦੇ ਹੋਏ ਬਾਬ ਅਲ ਮੰਦਬ ਸਟ੍ਰੇਟ ’ਤੇ ਲਗਭਗ ਕਬਜ਼ਾ ਕਰ ਲਿਆ ਹੈ।

ਟਰੰਪ ਨੇ ਕੋਈ ਜਵਾਬ ਨਹੀਂ ਦਿੱਤਾ

ਸਟ੍ਰੇਟ ਆਫ਼ ਹਾਰਮੂਜ਼ ਦੇ ਚੌਕ ਹੋਣ ਤੋਂ ਬਾਅਦ ਸਾਊਦੀ ਅਰਬ ਪਾਈਪ ਲਾਈਨਾਂ ਰਾਹੀਂ ਬਾਬ ਅਲ ਮੰਦਬ ਸਟ੍ਰੇਟ ਤੋਂ ਹੀ ਆਪਣਾ ਤੇਲ ਵਪਾਰ ਕਰਦਾ ਸੀ। ਪਿਛਲੇ ਹਫ਼ਤੇ ਈਰਾਨ ਸਮਰਥਕ ਹੂਤੀਆਂ ਨੇ ਸਾਊਦੀ ਅਰਬ ਦੀਆਂ ਪਾਈਪ ਲਾਈਨਾਂ ’ਤੇ ਡਰੋਨ ਹਮਲੇ ਕਰਕੇ ਵੱਡਾ ਨੁਕਸਾਨ ਪਹੁੰਚਾਇਆ ਅਤੇ ਐਲਾਨ ਕਰ ਦਿੱਤਾ ਕਿ ਬਾਬ ਅਲ ਮੰਦਬ ਸਟ੍ਰੇਟ ਤੋਂ ਕਿਸੇ ਵੀ ਸਾਊਦੀ ਜਹਾਜ਼ ਨੂੰ ਲੰਘਣ ਨਹੀਂ ਦਿੱਤਾ ਜਾਵੇਗਾ। ਹੂਤੀਆਂ ਦੇ ਇਨ੍ਹਾਂ ਹਮਲਿਆਂ ਤੋਂ ਪਰੇਸ਼ਾਨ ਹੋ ਕੇ ਸਾਊਦੀ ਅਰਬ ਨੇ ਆਪਣੇ ਸਭ ਤੋਂ ਕਰੀਬੀ ਦੋਸਤ ਅਮਰੀਕਾ ਤੋਂ ਫੌਜੀ ਮਦਦ ਮੰਗੀ। ਪਰ ਟਰੰਪ ਨੇ ਕੋਈ ਜਵਾਬ ਨਹੀਂ ਦਿੱਤਾ। ਖਬਰਾਂ ਤਾਂ ਇੱਥੋਂ ਤੱਕ ਆ ਰਹੀਆਂ ਹਨ ਕਿ ਸਾਊਦੀ ਕਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਦਾ ਫੋਨ ਵੀ ਟਰੰਪ ਨੇ ਨਹੀਂ ਚੁੱਕਿਆ। ਉਲਟਾ ਅਮਰੀਕਾ ਨੇ ਸਾਊਦੀ ਅਰਬ ਦੇ ਦੁਸ਼ਮਣ ਹੂਤੀਆਂ ਨਾਲ ਓਮਾਨ ਵਿੱਚ ਡੀਲ ਕਰ ਲਈ। ਇਸ ਡੀਲ ਮੁਤਾਬਕ ਬਾਬ ਅਲ ਮੰਦਬ ਸਟ੍ਰੇਟ ਤੋਂ ਲੰਘਣ ਵਾਲੇ ਕਿਸੇ ਵੀ ਅਮਰੀਕੀ ਸਮੁੰਦਰੀ ਜਹਾਜ਼ ’ਤੇ ਹੂਤੀ ਹਮਲਾ ਨਹੀਂ ਕਰਨਗੇ ਅਤੇ ਇਸਦੇ ਬਦਲੇ ਟਰੰਪ ਸਾਊਦੀ ਅਰਬ ਨੂੰ ਕਿਸੇ ਵੀ ਤਰ੍ਹਾਂ ਦੀ ਫੌਜੀ ਮਦਦ ਨਹੀਂ ਕਰੇਗਾ। ਇਸ ਗੱਲ ਦੀ ਪੁਸ਼ਟੀ ਅਮਰੀਕਾ ਦੇ ਉੱਪ ਰਾਸ਼ਟਰਪਤੀ ਜੇਡੀ ਵੈਨਸ ਨੇ ਵੀ ਇਸ਼ਾਰਿਆਂ ਵਿੱਚ ਕੀਤੀ ਸੀ ਜਦੋਂ ਉਨ੍ਹਾਂ ਨੇ ਕਿਹਾ ਕਿ ਸਾਡੀ ਹੂਤੀਆਂ ਨਾਲ ਗੱਲਬਾਤ ਚੱਲ ਰਹੀ ਹੈ।

ਅਮਰੀਕਾ ਭਾਵੇਂ ਜਿੰਨੇ ਮਰਜ਼ੀ ਦਾਅਵੇ ਕਰੇ ਕਿ ਸਟ੍ਰੇਟ ਆਫ਼ ਹਾਰਮੂਜ਼ ’ਤੇ ਉਸਦਾ ਕਬਜ਼ਾ ਹੈ ਅਤੇ ਤੇਲ ਦੇ ਜਹਾਜ਼ ਆਸਾਨੀ ਨਾਲ ਗੁਜ਼ਰ ਰਹੇ ਹਨ ਪਰ ਅੰਦਰੂਨੀ ਤੌਰ ’ਤੇ ਟਰੰਪ ਨੂੰ ਵੀ ਪਤਾ ਹੈ ਕਿ ਈਰਾਨ ਦੇ ਇਸ਼ਾਰੇ ਤੋਂ ਬਿਨਾਂ ਉੱਥੋਂ ਕੋਈ ਜਹਾਜ਼ ਨਹੀਂ ਲੰਘ ਸਕਦਾ। ਹਾਰਮੂਜ਼ ਦੇ ਚੌਕ ਹੋਣ ਕਾਰਨ ਪੂਰੀ ਦੁਨੀਆ ਨਾਲ ਅਮਰੀਕਾ ਨੂੰ ਵੀ ਭਾਰੀ ਆਰਥਿਕ ਨੁਕਸਾਨ ਹੋਇਆ ਹੈ। ਤੇਲ ਦੀਆਂ ਕੀਮਤਾਂ ਵਧਣ ਨਾਲ ਅਮਰੀਕਾ ਵਿੱਚ ਮਹਿੰਗਾਈ ਬਹੁਤ ਵੱਧ ਗਈ ਹੈ ਅਤੇ ਟਰੰਪ ਦੀ ਕੁਰਸੀ ਖਤਰੇ ਵਿੱਚ ਹੈ। ਇਸ ਲਈ ਅਮਰੀਕਾ ਨੂੰ ਪਤਾ ਹੈ ਕਿ ਜੇਕਰ ਉਹ ਸਾਊਦੀ ਅਰਬ ਅਤੇ ਹੂਤੀਆਂ ਦੀ ਲੜਾਈ ਵਿੱਚ ਸਾਊਦੀ ਦਾ ਸਾਥ ਦਿੰਦਾ ਹੈ ਤਾਂ ਬਾਬ ਅਲ ਮੰਦਬ ਸਟ੍ਰੇਟ ਵੀ ਉਸਦੇ ਲਈ ਬੰਦ ਹੋ ਜਾਵੇਗਾ। ਇਸੇ ਕਰਕੇ ਟਰੰਪ ਨੇ ਹੂਤੀਆਂ ਨਾਲ ਹੱਥ ਮਿਲਾ ਕੇ ਉਸੇ ਸਾਊਦੀ ਅਰਬ ਦੀ ਪਿੱਠ ’ਤੇ ਛੁਰਾ ਮਾਰਿਆ ਜਿਸਦੇ 1970 ਦੇ ਦਹਾਕੇ ਵਿੱਚ ਲਏ ਗਏ ਇੱਕ ਫੈਸਲੇ ਨਾਲ ਅਮਰੀਕਾ ਸੁਪਰਪਾਵਰ ਬਣਿਆ ਸੀ।

1974 ਵਿੱਚ ਤਤਕਾਲੀ ਅਮਰੀਕੀ ਰਾਸ਼ਟਰਪਤੀ ਰਿਚਰਡ ਨਿਕਸਨ ਨੇ ਜਦੋਂ ਆਪਣੇ ਅਰਥਚਾਰੇ ਨੂੰ ਸੋਨੇ ਤੋਂ ਡਾਲਰ ਵੱਲ ਬਦਲਣ ਦੀ ਸੋਚੀ ਤਾਂ ਉਹ ਸਾਊਦੀ ਅਰਬ ਦੇ ਕਿੰਗ ਫੈਸਲ ਕੋਲ ਗਿਆ। ਨਿਕਸਨ ਨੇ ਅਪੀਲ ਕੀਤੀ ਕਿ ਤੇਲ ਦਾ ਵਪਾਰ ਡਾਲਰ ਵਿੱਚ ਕੀਤਾ ਜਾਵੇ ਅਤੇ ਇਸਦੇ ਬਦਲੇ ਅਮਰੀਕਾ ਸਾਊਦੀ ਅਰਬ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਲਵੇਗਾ। ਕਿੰਗ ਫੈਸਲ ਮੰਨ ਗਏ ਅਤੇ ਉਸ ਵੇਲੇ ਤੋਂ ਮਿਡਲ ਈਸਟ ਵਿੱਚ ਸਾਰੇ ਮੁਲਕ ਤੇਲ ਦਾ ਵਪਾਰ ਡਾਲਰ ਰਾਹੀਂ ਕਰ ਰਹੇ ਹਨ। ਸਾਊਦੀ ਅਰਬ ਦੇ ਇਸ ਫੈਸਲੇ ਨੇ ਅਮਰੀਕੀ ਡਾਲਰ ਨੂੰ ਪੂਰੀ ਦੁਨੀਆ ਵਿੱਚ ਚੜ੍ਹਾ ਦਿੱਤਾ ਅਤੇ ਅਮਰੀਕਾ ਇਸੇ ਡਾਲਰ ਦੇ ਦਮ ’ਤੇ ਰਾਜ ਕਰਦਾ ਹੈ।

ਸਾਊਦੀ ਅਰਬ ਤੇਲ ਵੇਚ ਕੇ ਜੋ ਡਾਲਰ ਕਮਾਉਂਦਾ ਹੈ ਉਹ ਅਮਰੀਕੀ ਕੰਪਨੀਆਂ ਅਤੇ ਬਾਂਡਾਂ ਵਿੱਚ ਨਿਵੇਸ਼ ਕਰਦਾ ਹੈ ਜਿਸ ਨਾਲ ਅਮਰੀਕੀ ਅਰਥਚਾਰਾ ਮਜ਼ਬੂਤ ਹੁੰਦਾ ਹੈ। ਯਾਨੀ ਉਸ ਦੇਸ਼ ਨੇ ਅਮਰੀਕਾ ਨੂੰ ਸੁਪਰਪਾਵਰ ਬਣਾਉਣ ਵਿੱਚ ਮਦਦ ਕੀਤੀ, ਪਰ ਆਪਣੇ ਫਾਇਦੇ ਲਈ ਅਮਰੀਕਾ ਨੇ ਉਸੇ ਸਾਊਦੀ ਅਰਬ ਦਾ ਸਾਥ ਛੱਡ ਕੇ ਦੁਸ਼ਮਣ ਹੂਤੀਆਂ ਦਾ ਸਾਥ ਦੇ ਦਿੱਤਾ। ਸਾਫ਼ ਹੈ ਕਿ ਅਮਰੀਕਾ ਲਈ ਉਸਦੇ ਫਾਇਦੇ ਤੋਂ ਵੱਧ ਕੇ ਹੋਰ ਕੁਝ ਨਹੀਂ ਹੈ। ਸਾਊਦੀ ਅਰਬ ਚਾਹ ਕੇ ਵੀ ਟਰੰਪ ਦੇ ਖਿਲਾਫ਼ ਕੁਝ ਨਹੀਂ ਬੋਲ ਸਕਦਾ ਕਿਉਂਕਿ ਉਸਦਾ ਬਹੁਤ ਸਾਰਾ ਪੈਸਾ ਅਮਰੀਕੀ ਬਾਂਡਾਂ ਅਤੇ ਕੰਪਨੀਆਂ ਵਿੱਚ ਲੱਗਿਆ ਹੋਇਆ ਹੈ। ਜੇਕਰ ਉਹ ਅਮਰੀਕਾ ਖਿਲਾਫ਼ ਬੋਲਦਾ ਹੈ ਤਾਂ ਟਰੰਪ ਇੱਕ ਹੁਕਮ ਨਾਲ ਉਸਦਾ ਸਾਰਾ ਪੈਸਾ ਜ਼ਬਤ ਕਰ ਸਕਦਾ ਹੈ ਜਿਵੇਂ ਰੂਸ ਵੱਲੋਂ ਯੂਕਰੇਨ ਖਿਲਾਫ਼ ਜੰਗ ਛੇੜਨ ਤੋਂ ਬਾਅਦ ਕੀਤਾ ਗਿਆ ਸੀ।

ਅਮਰੀਕਾ ਨੇ ਸਾਊਦੀ ਅਰਬ ਦੀ ਪਿੱਠ ਵਿੱਚ ਛੁਰਾ ਮਾਰਿਆ

ਇਸ ਤੋਂ ਇਲਾਵਾ ਖਬਰਾਂ ਆ ਰਹੀਆਂ ਹਨ ਕਿ ਸਾਊਦੀ ਅਰਬ ਨੇ ਇਜ਼ਰਾਈਲ ਤੋਂ ਹੂਤੀਆਂ ਬਾਰੇ ਖੁਫੀਆ ਜਾਣਕਾਰੀ ਲੈਣ ਲਈ ਮਦਦ ਮੰਗੀ ਹੈ। ਅਮਰੀਕਾ ਨੇ ਇਜ਼ਰਾਈਲ ਨੂੰ ਸਾਊਦੀ ਦੀ ਮਦਦ ਕਰਨ ਦੇ ਨਿਰਦੇਸ਼ ਦਿੱਤੇ ਹਨ ਤਾਂ ਜੋ ਸਾਊਦੀ ਅਰਬ ਅਬਰਾਹਾਮ ਐਕਾਰਡ ’ਤੇ ਦਸਤਖਤ ਕਰ ਦੇਵੇ। ਇਹ ਉਹ ਸਮਝੌਤਾ ਹੈ ਜਿਸਦੀ ਸ਼ੁਰੂਆਤ ਟਰੰਪ ਨੇ ਮਿਡਲ ਈਸਟ ਵਿੱਚ ਇਜ਼ਰਾਈਲ ਅਤੇ ਅਰਬ ਮੁਲਕਾਂ ਵਿਚਾਲੇ ਦੋਸਤੀ ਕਰਵਾਉਣ ਲਈ ਕੀਤੀ ਸੀ। ਹਾਲੇ ਤੱਕ ਸਿਰਫ਼ ਯੂਏਈ ਅਤੇ ਬਹਿਰੀਨ ਵਰਗੇ ਕੁਝ ਮੁਲਕਾਂ ਨੇ ਇਸ ’ਤੇ ਦਸਤਖਤ ਕੀਤੇ ਹਨ। ਜੇਕਰ ਇਜ਼ਰਾਈਲ ਹੂਤੀਆਂ ਖਿਲਾਫ਼ ਸਾਊਦੀ ਅਰਬ ਦੀ ਮਦਦ ਕਰਦਾ ਹੈ ਤਾਂ ਭਵਿੱਖ ਵਿੱਚ ਸਾਊਦੀ ਇਜ਼ਰਾਈਲ ਨਾਲ ਸਮਝੌਤਾ ਕਰ ਸਕਦਾ ਹੈ।

ਸਾਊਦੀ ਅਰਬ ਦਾ ਸਾਥ ਪਾਕਿਸਤਾਨ ਅਤੇ ਤੁਰਕੀ ਨੇ ਵੀ ਛੱਡਿਆ

ਸਾਊਦੀ ਅਰਬ ਦਾ ਸਾਥ ਪਾਕਿਸਤਾਨ ਅਤੇ ਤੁਰਕੀ ਨੇ ਵੀ ਛੱਡ ਦਿੱਤਾ ਹੈ ਹਾਲਾਂਕਿ ਕੁਝ ਹਫ਼ਤੇ ਪਹਿਲਾਂ ਉਨ੍ਹਾਂ ਨੇ ਸਮਝੌਤਾ ਕੀਤਾ ਸੀ ਕਿ ਜੇਕਰ ਕਿਸੇ ਇੱਕ ਮੁਲਕ ’ਤੇ ਹਮਲਾ ਹੋਇਆ ਤਾਂ ਉਹ ਸਾਰਿਆਂ ’ਤੇ ਮੰਨਿਆ ਜਾਵੇਗਾ। ਪਰ ਹੁਣ ਜਦੋਂ ਯਮਨ ਵਿੱਚ ਹੂਤੀਆਂ ਖਿਲਾਫ਼ ਸਾਊਦੀ ਨੇ ਮਦਦ ਮੰਗੀ ਤਾਂ ਦੋਵਾਂ ਨੇ ਫੌਜੀ ਮਦਦ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਤੁਰਕੀ ਅਤੇ ਪਾਕਿਸਤਾਨ ਦੀ ਇਜ਼ਰਾਈਲ ਨਾਲ ਦੁਸ਼ਮਣੀ ਹੈ। ਅਜਿਹੀ ਸਥਿਤੀ ਵਿੱਚ ਜੇਕਰ ਇਜ਼ਰਾਈਲ ਹੂਤੀਆਂ ਖਿਲਾਫ਼ ਸਾਊਦੀ ਅਰਬ ਦਾ ਸਾਥ ਦਿੰਦਾ ਹੈ ਤਾਂ ਪੂਰੇ ਮਿਡਲ ਈਸਟ ਵਿੱਚ ਦੁਸ਼ਮਣੀ ਅਤੇ ਦੋਸਤੀ ਦਾ ਨਕਸ਼ਾ ਬਦਲ ਸਕਦਾ ਹੈ। ਇਸ ਸਾਰੀ ਘਟਨਾਕ੍ਰਮ ਤੋਂ ਸਾਫ਼ ਹੈ ਕਿ ਅਮਰੀਕਾ ਆਪਣੇ ਫਾਇਦੇ ਲਈ ਪੁਰਾਣੇ ਦੋਸਤਾਂ ਨੂੰ ਵੀ ਛੱਡਣ ਤੋਂ ਨਹੀਂ ਝਿਜਕਦਾ ਅਤੇ ਇਸ ਨਾਲ ਵਿਸ਼ਵ ਅਰਥਚਾਰਾ ਅਤੇ ਭੂ-ਰਾਜਨੀਤੀ ਦੋਵੇਂ ਗੰਭੀਰ ਖਤਰੇ ਵਿੱਚ ਪੈ ਸਕਦੇ ਹਨ।