Punjab

ਵਰਦੀ ਵਾਲੀ ਆਡੀਓ ’ਤੇ ਪੰਜਾਬ ਪੁਲਿਸ ਦਾ ਬਿਆਨ, ਕਥਿਤ ਚਿੱਠੀ ਤੇ ਆਡੀਓ ਦਾ ਕੀਤਾ ਖੰਡਨ

ਪੰਜਾਬ ਪੁਲਿਸ ਨੇ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਉਨ੍ਹਾਂ ਖ਼ਬਰਾਂ ਦਾ ਪੂਰੀ ਤਰ੍ਹਾਂ ਖੰਡਨ ਕੀਤਾ ਹੈ ਜਿਨ੍ਹਾਂ ਵਿੱਚ ਦਾਅਵਾ ਕੀਤਾ ਜਾ ਰਿਹਾ ਸੀ ਕਿ ਪੁਲਿਸ ਹੈੱਡਕੁਆਰਟਰ ਵੱਲੋਂ ਮੁਲਾਜ਼ਮਾਂ ਨੂੰ ਡਿਊਟੀ ’ਤੇ ਆਉਂਦੇ-ਜਾਂਦੇ ਸਮੇਂ ਵਰਦੀ ਨਾ ਪਾਉਣ ਦੀ ਐਡਵਾਇਜ਼ਰੀ ਜਾਰੀ ਕੀਤੀ ਗਈ ਹੈ। ਪੁਲਿਸ ਵਿਭਾਗ ਨੇ ਇਨ੍ਹਾਂ ਦਾਅਵਿਆਂ ਨੂੰ ਸਿਰੇ ਤੋਂ ਖਾਰਜ ਕਰਦਿਆਂ ਉਨ੍ਹਾਂ ਨੂੰ ‘ਝੂਠੀ ਐਡਵਾਇਜ਼ਰੀ’ ਕਰਾਰ ਦਿੱਤਾ ਹੈ।

ਪੰਜਾਬ ਪੁਲਿਸ ਨੇ ਕਥਿਤ ਚਿੱਠੀ ਤੇ ਆਡੀਓ ਦਾ ਕੀਤਾ ਖੰਡਨ

ਇੱਕ ਪੋਸਟ ਸਾਂਝੀ ਕਰਦਿਆਂ ਪੰਜਾਬ ਪੁਲੀਸ ਨੇ ਸਪੱਸ਼ਟ ਕੀਤਾ ਕਿ ਹੈੱਡਕੁਆਰਟਰ ਜਾਂ ਇਸ ਦੇ ਅਧੀਨ ਆਉਂਦੇ ਕਿਸੇ ਵੀ ਦਫ਼ਤਰ ਵੱਲੋਂ ਅਜਿਹੀ ਕੋਈ ਹਦਾਇਤ ਜਾਰੀ ਨਹੀਂ ਕੀਤੀ ਗਈ। ਵਿਭਾਗ ਨੇ ਸਾਫ਼ ਕੀਤਾ ਕਿ ਪੁਲਿਸ ਮੁਲਾਜ਼ਮਾਂ ਨੂੰ ਸਫ਼ਰ ਦੌਰਾਨ ਵਰਦੀ ਤੋਂ ਪਰਹੇਜ਼ ਕਰਨ ਜਾਂ ਸਿਵਲ ਕੱਪੜੇ ਪਾ ਕੇ ਡਿਊਟੀ ’ਤੇ ਆਉਣ-ਜਾਣ ਲਈ ਕੋਈ ਨਿਰਦੇਸ਼ ਨਹੀਂ ਦਿੱਤੇ ਗਏ ਹਨ। ਪੁਲਿਸ ਨੇ ਆਮ ਨਾਗਰਿਕਾਂ ਅਤੇ ਆਪਣੇ ਜਵਾਨਾਂ ਨੂੰ ਅਜਿਹੀਆਂ ਝੂਠੀਆਂ ਅਫਵਾਹਾਂ ’ਤੇ ਵਿਸ਼ਵਾਸ ਨਾ ਕਰਨ ਦੀ ਅਪੀਲ ਕਰਦਿਆਂ ਕੇਵਲ ਅਧਿਕਾਰਤ ਸਰੋਤਾਂ ’ਤੇ ਹੀ ਭਰੋਸਾ ਕਰਨ ਲਈ ਕਿਹਾ ਹੈ।

ਵੜਿੰਗ ਤੇ ਮਜੀਠੀਆ ਨੇ ਪੋਸਟ ਸਾਂਝੀ ਕਰ ਕੀਤਾ ਸੀ ਦਾਅਵਾ

ਦੱਸ ਦਈਏ ਕਿ ਕਾਂਗਰਸ ਪ੍ਰਧਾਨ ਅਮਰਿੰਦਰ ਰਾਜਾ ਵੜਿੰਗ ਤੇ ਅਕਾਲੀ ਲੀਡਰ ਮਜੀਠੀਆ ਨੇ ਇੱਕ ਪੋਸਸ ਸਾਂਝੀ ਕਰਦਿਆਂ ਦਾਅਵਾ ਕੀਤਾ ਹੈ ਕਿ ਪੰਜਾਬ ਵਿੱਚ 3 ਏਐਸਆਈ ਦੇ ਕਤਲ ਤੋਂ ਬਾਅਦ, ਪੁਲਿਸ ਮੁਲਾਜ਼ਮਾਂ ਨੂੰ ਆਪਣੀ ਪਛਾਣ ਛੁਪਾਉਣ ਲਈ ਵਰਦੀ ਪਹਿਨ ਕੇ ਡਿਊਟੀ ‘ਤੇ ਆਉਣ ਦੇ ਨਿਰਦੇਸ਼ ਵੀ ਦਿੱਤੇ ਗਏ ਹਨ। ਇਸ ਸਬੰਧ ਵਿੱਚ, ਉਨ੍ਹਾਂ ਨੇ ਸੋਸ਼ਲ ਮੀਡੀਆ (ਐਕਸ) ‘ਤੇ ਇੱਕ ਆਡੀਓ ਰਿਕਾਰਡਿੰਗ ਪੋਸਟ ਕੀਤੀ ਹੈ। ਜਿਸ ਵਿੱਚ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਨਿਰਦੇਸ਼ ਬਾਰਡਰ ਰੇਂਜ ਦੇ ਇੰਸਪੈਕਟਰ ਜਨਰਲ ਆਫ਼ ਪੁਲਿਸ (ਆਈਜੀ) ਦੇ ਦਫ਼ਤਰ ਵੱਲੋਂ ਜਾਰੀ ਕੀਤੇ ਗਏ ਹਨ।

ਇਸ ਵਿੱਚ, ਅੰਮ੍ਰਿਤਸਰ ਦਿਹਾਤੀ, ਬਟਾਲਾ, ਗੁਰਦਾਸਪੁਰ ਅਤੇ ਪਠਾਨਕੋਟ ਦੇ ਐਸਐਸਪੀਜ਼ ਨੂੰ ਪੁਲਿਸ ਮੁਲਾਜ਼ਮਾਂ ਦੀ ਨਿੱਜੀ ਸੁਰੱਖਿਆ, ਡਿਊਟੀ ਪੁਆਇੰਟਾਂ ਅਤੇ ਸੰਵੇਦਨਸ਼ੀਲ ਥਾਵਾਂ ਦੀ ਸੁਰੱਖਿਆ ਸਬੰਧੀ ਵਿਸ਼ੇਸ਼ ਨਿਰਦੇਸ਼ ਜਾਰੀ ਕੀਤੇ ਗਏ ਹਨ। ਅਧਿਕਾਰੀਆਂ ਨੂੰ ਇਨ੍ਹਾਂ ਨਿਰਦੇਸ਼ਾਂ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ।

ਆਡੀਓ ਚ ਡਿਊਟੀ ਤੇ ਆਉਣ-ਜਾਣ ਸਮੇਂ ਸਿਵਲ ਕੱਪੜੇ ਪਾਉਣ ਦੀ ਕਹੀ ਗਈ ਸੀ ਗੱਲ

ਇਸ ਆਡੀਓ ਵਿੱਚ ਇੱਕ ਔਰਤ ਦੀ ਆਵਾਜ਼ ਸੁਣੀ ਜਾ ਸਕਦੀ ਹੈ ਜੋ ਆਪਣੇ ਆਪ ਨੂੰ ਇੱਕ ਪੁਲਿਸ ਅਧਿਕਾਰੀ ਵਜੋਂ ਦੱਸਦੀ ਹੈ। ਉਹ ਕਹਿੰਦੀ ਹੈ ਕਿ ਸਾਰੇ ਪੁਲਿਸ ਅਧਿਕਾਰੀਆਂ ਨੂੰ ਅਧਿਕਾਰੀਆਂ ਤੋਂ ਹਦਾਇਤਾਂ ਮਿਲੀਆਂ ਹਨ ਕਿ ਉਹ ਵਰਦੀਆਂ, ਬੈਲਟਾਂ, ਪਛਾਣ ਚਿੰਨ੍ਹ, ਪੁਲਿਸ ਉਪਕਰਣ, ਜਾਂ ਕੋਈ ਹੋਰ ਵਸਤੂਆਂ ਨਾ ਦਿਖਾਉਣ ਜਿਨ੍ਹਾਂ ਨੂੰ ਆਸਾਨੀ ਨਾਲ ਪਛਾਣਿਆ ਜਾ ਸਕੇ।

ਕਰਮਚਾਰੀਆਂ ਨੂੰ ਨਿੱਜੀ ਸੁਰੱਖਿਆ ਪ੍ਰੋਟੋਕੋਲ ਦੀ ਪਾਲਣਾ ਕਰਨ ਅਤੇ ਆਪਣੇ ਆਉਣ-ਜਾਣ ਦੇ ਰੁਟੀਨ ਵਿੱਚ ਸੰਭਵ ਬਦਲਾਅ ਕਰਨ ਲਈ ਕਿਹਾ ਗਿਆ ਹੈ। ਸਾਬਕਾ ਅਕਾਲੀ ਮੰਤਰੀ ਬਿਕਰਮ ਮਜੀਠੀਆ ਨੇ ਵੀ ਆਡੀਓ ਪੋਸਟ ਕੀਤਾ।

ਹਾਲਾਂਕਿ, ਪੰਜਾਬ ਪੁਲਿਸ ਨੇ ਇੱਕ ਪੋਸਟ ਪੋਸਟ ਕਰਕੇ ਇਨ੍ਹਾਂ ਦਾਅਵਿਆਂ ਨੂੰ ਝੂਠਾ ਦੱਸਿਆ ਹੈ। ਪੰਜਾਬ ਪੁਲਿਸ ਪੋਸਟ ਵਿੱਚ ਕਿਹਾ ਗਿਆ ਹੈ ਕਿ ਅਧਿਕਾਰੀਆਂ ਵੱਲੋਂ ਅਜਿਹੇ ਕੋਈ ਦਾਅਵੇ ਨਹੀਂ ਕੀਤੇ ਗਏ ਹਨ। ਮੰਤਰੀ ਹਰਪਾਲ ਚੀਮਾ ਨੇ ਵੀ ਇਨ੍ਹਾਂ ਦਾਅਵਿਆਂ ਨੂੰ ਫਰਜ਼ੀ ਦੱਸਿਆ ਹੈ।