Khalas Tv Special Punjab

ਖ਼ਾਸ ਰਿਪੋਰਟ-‘ਲੋਕਾਂ ਦੇ ਮੁੱਖ ਮੰਤਰੀ’ ਦੀ ‘ਧਾਕੜ ਸਪੀਚ’ ਦਾ ਕੀ ਬਣਿਆ

ਜਗਜੀਵਨ ਮੀਤ
ਲੰਘੇ ਨਵੰਬਰ ਮਹੀਨੇ ਪੰਜਾਬ ਦੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਜੋ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦੌਰਾਨ ਆਪਣੇ ਤੇਵਰ ਦਿਖਾਏ ਸਨ, ਉਨ੍ਹਾਂ ਦੀ ਧਾਕੜ ਸਪੀਚ ਕਈ ਦਿਨਾਂ ਤੱਕ ਵਿਰੋਧੀਆਂ ਦੇ ਕੰਨਾਂ ਤੇ ਲੋਕਾਂ ਦੇ ਮੋਬਾਇਲ ਫੋਨਾਂ ਵਿੱਚ ਵੱਜਦੀ ਰਹੀ ਸੀ। ਉਸ ਤੋਂ ਬਾਅਦ ਲੋਕਾਂ ਨੂੰ ਮਿਲਣ ਦਾ ਚੰਨੀ ਸਾਹਬ ਨੇ ਲੱਕ ਬੰਨ੍ਹਿਆਂ, ਉਹ ਨਿਰੰਤਰ ਹਾਲੇ ਵੀ ਜਾਰੀ ਹੈ ਪਰ ਇਹ ਖੇਡ ਹੁਣ ਕੁਝ ਮਹੀਨਿਆਂ ਦੀ ਹੀ ਰਹਿ ਗਈ ਹੈ ਤੇ ਉਸ ਸਪੀਚ ਵਿਚ ਜੋ ਮੁੱਖ ਮੰਤਰੀ ਨੇ ਮੁੱਦਿਆਂ ਦੀ ਜੜ੍ਹਾਂ ਪੁੱਟੀਆਂ ਸਨ ਤੇ ਨਵੇਂ ਥਾਂ ਲਗਾਉਣ ਦੇ ਦਾਅਵੇ ਕੀਤੇ ਸਨ, ਉਹ ਪੂਰ ਚੜ੍ਹਦੇ ਘੱਟ ਨਜਰ ਆ ਰਹੇ ਹਨ। ਗੱਲ ਗੰਭੀਰ ਮੁੱਦਿਆਂ ਦੀ ਕਰੀਏ ਤਾਂ ਹਾਲੇ ਸਰਕਾਰ ਦੇ ਹੱਥ ਕੁੱਝ ਪੈਂਦਾ ਨਜਰ ਨਹੀਂ ਆ ਰਿਹਾ ਤੇ ਲੋਕਾਂ ਦੀ ਗੱਲ ਤਾਂ ਬਹੁਤ ਦੂਰ ਹੈ।

ਇਸ ਵਾਰ ਪੰਜਾਬ ਵਿਧਾਨ ਸਭਾ ਦਾ ਕਾਂਗਰਸ ਸਰਕਾਰ ਦਾ ਆਖ਼ਰੀ ਅਤੇ ਵਿਸ਼ੇਸ਼ ਇਜਲਾਸ ਕਾਫੀ ਰੌਲੇ ਰੱਪੇ ਵਾਲਾ ਰਿਹਾ।ਪੰਜਾਬ ਦੀ ਚਰਨਜੀਤ ਸਿੰਘ ਚੰਨੀ ਸਰਕਾਰ ਨੇ ਸਭਾ ਵਿਚ 3 ਖੇਤੀ ਕਾਨੂੰਨਾਂ ਨੂੰ ਰੱਦ ਕਰਨ ਅਤੇ ਕੇਂਦਰ ਵੱਲੋਂ ਬੀਐੱਸਐੱਫ਼ ਦੇ ਅਧਿਕਾਰ ਖੇਤਰ ਵਾਲਾ ਇਲਾਕਾ 15 ਤੋਂ 50 ਕਿਲੋਮੀਟਰ ਕਰਨ ਖਿਲਾਫ਼ ਮਤਾ ਪਾਸ ਕਰਵਾਉਣ ਲਈ ਇਹ ਵਿਸ਼ੇਸ਼ ਸੈਸ਼ਨ ਸੱਦਿਆ ਸੀ।ਇਸ ਮੁੱਦੇ ਉੱਤੇ ਪੂਰੇ ਜੋਰ ਸ਼ੋਰ ਨਾਲ ਕੇਂਦਰ ਤੇ ਪੰਜਾਬ ਵੱਲੋਂ ਸਿਆਸੀ ਸੁਰ ਉੱਠੇ ਸਨ।

ਸੈਸ਼ਨ ਦੌਰਾਨ ਹਾਲਾਤ ਇਹ ਬਣੇ ਕਿ ਸੈਸ਼ਨ ਦੌਰਾਨ ਹੀ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਤੇ ਅਕਾਲੀ ਲੀਡਰ ਬਿਕਰਮ ਸਿੰਘ ਮਜੀਠੀਆ ਨਸ਼ਿਆਂ ਦੇ ਮੁੱਦੇ ਉੱਤੇ ਮਿਹਣੋ ਮਿਹਣੀ ਹੋ ਗਏ।ਹਾਲਾਂਕਿ ਬਾਅਦ ਵਿੱਚ ਗੱਲ ਰਫਾ ਦਫਾ ਹੋ ਗਈ। ਮੁੱਖ ਮੰਤਰੀ ਨੂੰ ਤੂੰ-ਤੂੰ ਮੈਂ ਮੈਂ ਵਧਦੀ ਦੇਖ ਆਪ ਸਿੱਧੂ ਦੇ ਨਾਲ ਖੜ੍ਹਨਾ ਪੈ ਗਿਆ ਸੀ। ਪਰ ਨਸ਼ਿਆਂ ਦੇ ਮੁੱਦੇ ਉੱਤੇ ਹਾਲੇ ਚੰਨੀ ਸਰਕਾਰ ਕੋਲੋਂ ਕੋਈ ਵੱਡਾ ਮਾਰਕਾ ਨਹੀਂ ਵੱਜ ਸਕਿਆ ਹੈ ਤੇ ਨਾਂ ਹੀ ਡਰੱਗ ਰਿਪੋਰਟ ਕੋਈ ਚਮਤਕਾਰ ਕਰ ਸਕੀ ਹੈ।

ਚੰਨੀ ਦੇ ਤਿੱਖੇ ਬੋਲ ਸੁਣ ਕੇ ਅਕਾਲੀ ਵਰਕਰ ਵੀ ਖੂਬ ਭੜਕੇ ਸਨ ਤੇ ਕਾਲੇ ਚੋਲ਼ੇ ਪਾ ਕੇ ਸਰਕਾਰ ਖਿਲਾਫ਼ ਨਾਅਰੇਬਾਜੀ ਕਰਦੇ ਸਦਨ ਦੁਆਲੇ ਹੋ ਗਏ।ਪਰ ਜੇਕਰ ਅਸੀਂ ਕਾਂਗਰਸ ਸਰਕਾਰ ਵਿੱਚ ਚੰਨੀ ਦਾ ਭਾਸ਼ਣ ਸੁਣੀਏ ਤਾਂ ਉਨ੍ਹਾਂ ਦੂਜੀਆਂ ਪਾਰਟੀਆਂ ਨੂੰ ਪੰਜਾਬ ਦੇ ਦੁਸ਼ਮਣ ਤੇ ਗੱਦਾਰ ਪਾਰਟੀਆਂ ਗਰਦਾਨ ਦਿੱਤਾ ਸੀ।

ਚੰਨੀ ਹਮੇਸ਼ਾ ਮੁੱਦਿਆਂ ਉੱਤੇ ਆਪਣੇ ਹਿਤੈਸ਼ੀ ਰਵੱਈਏ ਦੀ ਗੱਲ ਕਰਦੇ ਰਹੇ ਹਨ। ਚੰਨੀ ਨੇ ਕਿਹਾ ਸੀ ਕਿ ਮੈਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ ਹੈ, ਪਹਿਲੇ ਮੁੱਖ ਮੰਤਰੀ ਪੁੱਛਦੇ ਸੀ ਇਨ੍ਹਾਂ ਕੰਮ ਕਰਨ ਦੇ ਘੰਟੇ ਕੀ ਹਨ ਤੇ ਮੈਨੂੰ ਪੁੱਛਦੇ ਹਨ, ਇਸ ਦੇ ਕੰਮ ਨਾ ਕਰਨ ਦੇ ਘੰਟੇ ਕਿਹੜੇ ਹਨ, ਸੌਣ ਦੇ ਘੰਟੇ ਕਿਹੜੇ ਹਨ।ਇਹ ਦਾਅਵਾ ਹਾਲਾਂਕਿ ਸੈਸ਼ਨ ਤੋਂ ਲੋਕਾਂ ਵਿਚ ਵਿਚਰ ਕੇ ਚੰਨੀ ਸਾਹਬ ਨੇ ਇਹ ਸੱਚ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਹੈ।

ਚੰਨੀ ਨੇ ਕਿਹਾ ਸੀ ਕਿ ਮੈਨੂੰ ਤਾਂ ਰਾਤਾਂ ਨੂੰ ਨੀਂਦ ਨਹੀਂ ਆਉਂਦੀ, ਮੈਂ ਰਾਤਾਂ ਨੂੰ ਉੱਠ ਉੱਠ ਰੌਂਦਾ ਹਾਂ ਕਿ ਮੇਰੇ ਗੁਰੂ ਸਾਹਿਬ ਦੀਆਂ ਬੇਅਦਬੀਆਂ ਕਿਸ ਨੇ ਕੀਤੀਆਂ ਹਨ। ਅਸੀਂ ਮਸਲਾ ਕੋਈ ਨਹੀਂ ਛੱਡਣਾ, ਨਾ ਬੇਅਦਬੀ ਵਾਲੇ ਬਖਸ਼ਣੇ, ਨਾ ਨਸ਼ਿਆਂ ਵਾਲੇ ਬਖ਼ਸ਼ਣੇ।ਪਰ ਇਸਦੇ ਨਾਲ ਅਸੀਂ ਇਹ ਵੀ ਦੱਸ ਦਈਏ ਕਿ ਹੁਣ ਸੈਸ਼ਨ ਖਤਮ ਹੋਏ ਨੂੰ ਵੀ ਮਹੀਨਾ ਉਪਰ ਹੋ ਚੱਲਾ ਹੈ, ਪਰ ਬੇਅਦਬੀਆਂ ਦਾ ਮਾਮਲਾ ਸਿਰਫ ਸਿਆਸੀ ਲਾਹਾ ਬਣਦਾ ਜਾ ਰਿਹਾ ਹੈ।

ਵਿਧਾਨ ਸਭਾ ਸੈਸ਼ਨ ਦੇ ਇਸ ਇਤਿਹਾਸਿਕ ਸੈਸ਼ਨ ਵਿਚ ਮੁੱਖ ਮੰਤਰੀ ਚੰਨੀ ਨੇ ਕਿਹਾ ਸੀ ਕਿ ਪੰਜਾਬ ਵਿੱਚ ਬੱਸਾਂ ਦੇ ਨਵੇਂ ਲਾਇੰਸੈਂਸ ਕੱਢੇ ਜਾਣਗੇ, ਨੌਜਵਾਨਾਂ ਨੂੰ ਮੌਕਾ ਦਿੱਤਾ ਜਾਵੇਗਾ।ਉਨ੍ਹਾਂ ਇਹ ਵੀ ਕਿਹਾ ਸੀ ਕਿ ਬਿਜਲੀ ਸਬੰਧੀ ਸਮਝੌਤਿਆਂ ਬਾਰੇ ਕੇਸ ਵੀ ਵਿਜੀਲੈਂਸ ਨੂੰ ਸੌਂਪਿਆ ਜਾਵੇਗਾ ਤਾਂ ਇਸ ਦੀ ਜਾਂਚ ਹੋ ਸਕੇ।

ਉਨ੍ਹਾਂ ਇਹ ਵੀ ਕਿਹਾ ਸੀ ਕਿ ਇੱਕ ਵੀ ਬੱਸ ਅਸੀਂ ਪੰਜਾਬ ਵਿੱਚ ਨਾਜਾਇਜ਼ ਨਹੀਂ ਚੱਲਣ ਦੇਣੀ, ਜੇ ਲੋੜ ਪਈ ਤਾਂ ਮੁੜ ਵਿਧਾਨ ਸਭਾ ਦਾ ਸੈਸ਼ਨ ਬੁਲਾਵਾਂਗੇ।(ਪਰ ਹਾਲੇ ਇਸਦੇ ਕੋਈ ਆਸਾਰ ਨਜਰ ਨਹੀਂ ਆ ਰਹੇ)। ਇੱਕੋ ਪਰਿਵਾਰ ਦੀਆਂ ਹੀ ਬੱਸਾਂ ਕਿਉਂ ਚੱਲਣ, ਅਸੀਂ ਲਾਇਸੈਂਸ ਕੱਢਣੇ ਪੰਜਾਬ ਦੇ ਨੌਜਵਾਨਾਂ ਨੂੰ ਮੌਕਾ ਦੇਵਾਂਗੇ।

ਹਾਲਾਂਕਿ ਚੰਨੀ ਨੇ ਇਸ ਤੋਂ ਇਲਾਵਾ ਆਪਣੇ ਸੰਬੋਧਨ ਰਾਹੀਂ 52 ਦਿਨਾਂ ਵਿੱਚ ਕੀਤੇ ਜਾਂ ਕੀਤੇ ਜਾਣ ਵਾਲੇ ਆਪਣੇ 104 ਕੰਮਾਂ ਦਾ ਲੇਖਾਜੋਖਾ ਵੀ ਦਿੱਤਾ ਸੀ।

ਚੰਨੀ ਦਾ ਬੇਸ਼ੱਕ ਇਹ ਭਾਸ਼ਣ ਪੰਜਾਬ ਦੇ ਗੰਭੀਰ ਮੁੱਦਿਆਂ ਦੇ ਨੇੜੇ ਸੀ, ਪਰ ਇਸ ਵਿਚ ਲਪੇਟੇ ਗਏ ਵਿਰੋਧੀ ਲੀਡਰ ਸਾਫ ਸੁਣ ਤੇ ਦਿਸ ਰਹੇ ਸਨ। ਚੰਨੀ ਨੇ ਕਿਹਾ ਕਿ ਇਨ੍ਹਾਂ (ਅਕਾਲੀ ਦਲ) ਨੇ ਅਨੰਦਪੁਰ ਸਾਹਿਬ ਦਾ ਮਤਾ ਵੀ ਲੈ ਕੇ ਆਂਦਾ ਸੀ ਪਰ ਇਨ੍ਹਾਂ ਦੀ ਹਰ ਗੱਲ ਸਿਆਸੀ ਸ਼ੀਸ਼ੇ ਵਿੱਚੋਂ ਦੇਖਦੇ ਹਨ।
ਜਦੋਂ ਇਹ ਸਰਕਾਰ ਤੋਂ ਬਾਹਰ ਹੁੰਦੇ ਹਨ ਤਾਂ ਇਨ੍ਹਾਂ ਨੂੰ ਰਾਜਾਂ ਦੇ ਵੱਧ ਅਧਿਕਾਰ ਯਾਦ ਆਉਂਦੇ ਹਨ, ਇਨ੍ਹਾਂ ਨੂੰ ਚੰਡੀਗੜ੍ਹ ਅਤੇ ਪੰਜਾਬੀ ਬੋਲਦੇ ਇਲਾਕੇ ਵੀ ਯਾਦ ਆਉਂਦੇ ਹਨ।

ਚੰਨੀ ਦੇ ਭਾਸ਼ਣ ਦੀ ਖਾਸ ਗੱਲ ਇਹ ਵੀ ਸੀ ਕਿ ਉਨ੍ਹਾਂ ਨੇ ਪੰਜਾਬ ਦਾ ਕੋਈ ਅਜਿਹਾ ਮੁੱਦਾ ਨਹੀਂ ਸੀ, ਜੋ ਨਾ ਛੂਹਿਆ ਹੋਵੇ। ਬੇਅਦਬੀਆਂ ਦੇ ਮਾਮਲੇ ਉੱਤੇ ਚੰਨੀ ਨੇ ਗੰਭੀਰਤਾ ਦਿਖਾਈ ਵੀ ਤੇ ਵਿਰੋਧੀਆਂ ਨੂੰ ਕੱਸਿਆ ਵੀ। ਪਰ ਜੇਕਰ ਸੈਸ਼ਨ ਤੋਂ ਬਾਅਦ ਦਾ ਚੰਨੀ ਦਾ ਕਾਰਜਕਾਲ ਦੇਖਿਆ ਜਾਵੇ ਤਾਂ ਖਾਸਕਰਕੇ ਅਧਿਆਪਕਾਂ ਦੀਆਂ ਮੰਗਾਂ ਤੇ ਹੋਰ ਮੁੱਦੇ ਉਸੇ ਤਰ੍ਹਾਂ ਖੜ੍ਹੇ ਹਨ। ਪੰਜਾਬ ਵਿੱਚ ਚੋਣਾਂ ਦਾ ਵੇਲਾ ਵੀ ਬਹੁਤਾ ਦੂਰ ਨਹੀਂ ਹੈ ਤੇ ਸਰਕਾਰ ਦੇ ਦਾਅਵੇ ਤੇ ਵਾਅਦਿਆਂ ਦੇ ਪੂਰ ਚੜ੍ਹਨ ਨੂੰ ਵੀ ਹਾਲੇ ਸਮਾਂ ਲੱਗਣਾ ਹੈ। ਪਰ ਸਵਾਲ ਇਹ ਉੱਠਦਾ ਹੈ ਕਿ ਸੀਐਮ ਦੇ ਦਮਦਾਰ ਭਾਸ਼ਣ ਤੋਂ ਬਾਅਦ ਇਸਨੂੰ ਹਕੀਕੀ ਤੌਰ ਉੱਤੇ ਬੂਰ ਪੈਣ ਨੂੰ ਕਿੰਨਾ ਸਮਾਂ ਲੱਗੇਗਾ। ਤੇ ਕਿਤੇ ਇਸ ਤਰ੍ਹਾਂ ਤਾਂ ਨਹੀਂ ਕਿ ਚੰਨੀ ਨੇ ਆਪਣਾ ਸਿਆਸੀ ਮਾਹੌਲ ਬਣਾਉਣ ਲਈ ਇਹ ਸ਼ਬਦਬਾਣ ਛੱਡੇ ਹਨ।