ਅੰਮ੍ਰਿਤਸਰ : ਸ਼੍ਰੀ ਦਰਬਾਰ ਸਾਹਿਬ ਜੀ ਦੇ ਹਜ਼ੂਰੀ ਰਾਗੀ ਭਾਈ ਗੁਰਦੇਵ ਸਿੰਘ ਨੇ 25 ਅਗਸਤ ਨੂੰ ਰਿਲੀਜ਼ ਹੋਣ ਜਾ ਰਹੀ ਫਿਲਮ ਮਸਤਾਨੇ ਨੂੰ ਲੈ ਕੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਨੇ ਇਸ ਫਿਲਮ ਦੇ ਕਲਾਕਾਰਾਂ ਅਤੇ ਟੀਮ ਨੂੰ ਵਧਾਈ ਦਿੰਦਿਆਂ ਇੱਕ ਬੇਨਤੀ ਕੀਤੀ ਹੈ ਕਿ ਅਸੀਂ ਇਸ ਟੀਮ ਨੂੰ ਅੰਮ੍ਰਿਤਸਰ ਦੀ ਧਰਤੀ ਉੱਤੇ ਸਨਮਾਨ ਕਰਨਾ ਚਾਹੁੰਦੇ ਹਾਂ, ਇਸ ਲਈ ਟੀਮ ਸਾਨੂੰ ਸਮਾਂ ਜ਼ਰੂਰ ਦੇਵੇ। ਇਸਦੇ ਨਾਲ ਹੀ ਉਨ੍ਹਾਂ ਨੇ ਫਿਲਮ ਅਰਦਾਸ ਦੀ ਸਾਰੀ ਟੀਮ ਨੂੰ ਵੀ ਸਨਮਾਨਿਤ ਕਰਨ ਦੀ ਇੱਛਾ ਪ੍ਰਗਟਾਈ ਹੈ।
ਭਾਈ ਗੁਰਦੇਵ ਸਿੰਘ ਨੇ ਕਿਹਾ ਕਿ ਇਨ੍ਹਾਂ ਕਲਾਕਾਰਾਂ ਨੇ ਪੁਰਾਣੇ ਸਿੱਖੀ ਲਿਬਾਸ ਵਿੱਚ ਸਿੱਖੀ ਦਾ ਪ੍ਰਚਾਰ ਕੀਤਾ ਹੈ, ਇਸ ਲਈ ਹੁਣ ਸਾਡੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਵੀ ਇਹ ਫਿਲਮ ਜ਼ਰੂਰ ਦੇਖਣ ਜਾਈਏ। ਜੇ ਅਸੀਂ ਇਨ੍ਹਾਂ ਕਲਾਕਾਰਾਂ ਨੂੰ ਪ੍ਰਮੋਟ ਕਰਾਂਗੇ ਤਾਂ ਹੀ ਇਹ ਅੱਗੇ ਤੋਂ ਹੋਰ ਵੀ ਇਸ ਤਰ੍ਹਾਂ ਦੀਆਂ ਫਿਲਮਾਂ ਬਣਾਉਣਗੇ। ਤਰਸੇਮ ਜੱਸੜ, ਗੁਰਪ੍ਰੀਤ ਘੁੱਗੀ ਵਰਗੇ ਕਲਾਕਾਰਾਂ ਨੇ ਬਹੁਤ ਸਾਰੀਆਂ ਏਦਾਂ ਦੀਆਂ ਧਾਰਮਿਕ ਫਿਲਮਾਂ ਬਣਾ ਕੇ ਲੋਕਾਂ ਨੂੰ ਸਿੱਖੀ ਵੱਲ ਪ੍ਰੇਰਿਆ ਹੈ। ਭਾਈ ਗੁਰਦੇਵ ਸਿੰਘ ਨੇ ਸਾਰਿਆਂ ਨੂੰ ਮਸਤਾਨੇ ਫਿਲਮ ਜ਼ਰੂਰ ਦੇਖਣ ਜਾਣ ਲਈ ਕਿਹਾ ਹੈ।