ਚੰਡੀਗੜ੍ਹ : ਬਸਪਾ ਸੁਪਰੀਮੋ ਕੁਮਾਰੀ ਮਾਇਆਵਤੀ ਦੇ ਐਲਾਨ ਤੋਂ ਬਾਅਦ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਨਾਲ ਗਠਜੋੜ ‘ਤੇ ਵੀ ਸ਼ੰਕੇ ਖੜੇ ਹੋ ਗਏ ਹਨ । ਜਿਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਡਾ ਦਲਜੀਤ ਸਿੰਘ ਚੀਮਾ ਨੇ ਇਹ ਸਪੱਸ਼ਟ ਕੀਤਾ ਹੈ ਕਿ ਬਸਪਾ ਸੁਪਰੀਮੋ ਦੇ ਇਸ ਬਿਆਨ ਦਾ ਸੰਬੰਧ ਪੰਜਾਬ ਨਾਲ ਨਹੀਂ ਹੈ।
ਸੂਬੇ ਵਿੱਚ ਬਸਪਾ ਤੇ ਸ਼੍ਰੋਮਣੀ ਅਕਾਲੀ ਦਲ ਦੋਨੋਂ ਪਾਰਟੀਆਂ ਇਕੱਠੀਆਂ ਹਨ ਤੇ 2024 ਦੀਆਂ ਚੋਣਾਂ ਦੌਰਾਨ ਵੀ ਇਹ ਪਾਰਟੀਆਂ ਇਕੱਠੀਆਂ ਰਹਿਣਗੀਆਂ ।
ਇਸ ਦੇ ਲਈ ਡਾ. ਚੀਮਾ ਨੇ ਬਸਪਾ ਦੇ ਸੂਬਾ ਪ੍ਰਭਾਰੀ ਰਣਧੀਰ ਸਿੰਘ ਬੈਨੀਪਾਲ ਦੇ ਹਵਾਲੇ ਨਾਲੇ ਇਹ ਦਾਅਵਾ ਕੀਤਾ ਹੈ ਕਿ ਪੰਜਾਬ ਵਿੱਚ ਬਸਪਾ ਦਾ ਪਹਿਲਾਂ ਵਾਂਗ ਹੀ ਸ਼੍ਰੋਮਣੀ ਅਕਾਲੀ ਦਲ ਨਾਲ ਗਠਜੋੜ ਕਾਇਮ ਰਹੇਗਾ।
ਜ਼ਿਕਰਯੋਗ ਹੈ ਕਿ ਚਾਰ ਵਾਰ ਉੱਤਰ ਪ੍ਰਦੇਸ਼ ਦੀ ਮੁੱਖ ਮੰਤਰੀ ਰਹਿ ਚੁੱਕੀ ਬਹੁਜਨ ਸਮਾਜ ਪਾਰਟੀ (ਬਸਪਾ) ਸੁਪਰੀਮੋ ਮਾਇਆਵਤੀ ਨੇ ਆਪਣੇ 67ਵੇਂ ਜਨਮ ਦਿਨ ਦੇ ਮੌਕੇ ‘ਤੇ ਰਾਜਧਾਨੀ ਲਖਨਊ ‘ਚ ਪ੍ਰੈੱਸ ਕਾਨਫਰੰਸ ਕੀਤੀ ਤੇ ਐਲਾਨ ਕੀਤਾ ਸੀ ਕਿ ਹੁਣ ਬਸਪਾ ਹੁਣ ਕਿਸੇ ਵੀ ਪਾਰਟੀ ਨਾਲ ਗਠਜੋੜ ਨਹੀਂ ਕਰੇਗੀ ,ਇਕੱਲਿਆਂ ਹੀ ਚੋਣ ਲੜੇਗੀ। ਜਿਸ ਤੋਂ ਬਾਅਦ ਪੰਜਾਬ ਵਿੱਚ ਬਸਪਾ ਦੇ ਅਕਾਲੀ ਦਲ ਨਾਲ ਗਠਜੋੜ ‘ਤੇ ਵੀ ਸਵਾਲ ਖੜੇ ਹੋ ਗਏ ਸੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਡਾ,ਦਲਜੀਤ ਸਿੰਘ ਚੀਮਾ ਦਾ ਤਾਜ਼ਾ ਬਿਆਨ ਇਸੇ ਘਟਨਾਕ੍ਰਮ ਦਾ ਪ੍ਰਤੀਕਰਮ ਵਜੋਂ ਆਇਆ ਹੈ।