ਦੱਖਣੀ ਅਫਰੀਕਾ ਸੈਮੀਫਾਈਨਲ ‘ਚ ਅਫਗਾਨਿਸਤਾਨ ਨੂੰ ਹਰਾ ਕੇ ਟੀ-20 ਵਿਸ਼ਵ ਕੱਪ 2024 ਦੇ ਫਾਈਨਲ ‘ਚ ਪਹੁੰਚਣ ਵਾਲੀ ਪਹਿਲੀ ਟੀਮ ਬਣ ਗਈ ਹੈ। ਇਸ ਜਿੱਤ ਦੇ ਨਾਲ ਦੱਖਣੀ ਅਫਰੀਕਾ ਨੇ ਪਹਿਲੀ ਵਾਰ ਵਿਸ਼ਵ ਕੱਪ ਦੇ ਫਾਈਨਲ ਵਿੱਚ ਪ੍ਰਵੇਸ਼ ਕੀਤਾ ਅਤੇ ਟੀਮ ‘ਤੇ ਚੋਕਰਾਂ ਦਾ ਦਾਗ ਮਿਟਾ ਦਿੱਤਾ। ਇਸ ਤੋਂ ਪਹਿਲਾਂ ਦੱਖਣੀ ਅਫਰੀਕਾ ਦੀ ਟੀਮ 5 ਵਾਰ ਵਨਡੇ ਵਿਸ਼ਵ ਕੱਪ ਅਤੇ 2 ਵਾਰ ਟੀ-20 ਵਿਸ਼ਵ ਕੱਪ ਦੇ ਸੈਮੀਫਾਈਨਲ ਤੋਂ ਬਾਹਰ ਹੋ ਚੁੱਕੀ ਹੈ।
ਦੱਖਣੀ ਅਫਰੀਕਾ ਨੇ ਅਫਗਾਨਿਸਤਾਨ ਦੀ ਪਾਰੀ ਨੂੰ ਸਿਰਫ 56 ਦੌੜਾਂ ਤੱਕ ਹੀ ਸੀਮਤ ਕਰ ਦਿੱਤਾ ਸੀ। ਇਸ ਤੋਂ ਬਾਅਦ ਦੱਖਣੀ ਅਫਰੀਕਾ ਨੇ 57 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਇਹ ਮੈਚ ਸਿਰਫ 8.5 ਓਵਰਾਂ ‘ਚ ਜਿੱਤ ਲਿਆ।
ਮੈਚ ਦੀ ਗੱਲ ਕਰੀਏ ਤਾਂ ਅਫਗਾਨਿਸਤਾਨ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਨ ਆਈ ਅਫਗਾਨਿਸਤਾਨ ਦੀ ਟੀਮ 11.5 ਓਵਰਾਂ ਵਿੱਚ 56 ਦੌੜਾਂ ਬਣਾ ਕੇ ਆਲ ਆਊਟ ਹੋ ਗਈ। ਅਫਗਾਨਿਸਤਾਨ ਵੱਲੋਂ ਸਿਰਫ ਅਜ਼ਮਤੁੱਲਾ ਉਮਰਜ਼ਈ 10 ਦੌੜਾਂ ਹੀ ਬਣਾ ਸਕਿਆ, ਬਾਕੀ ਕੋਈ ਵੀ ਖਿਡਾਰੀ ਦੋਹਰੇ ਅੰਕੜੇ ਨੂੰ ਵੀ ਨਹੀਂ ਛੂਹ ਸਕਿਆ।
ਇਹ ਟੀ-20 ਅੰਤਰਰਾਸ਼ਟਰੀ ਵਿੱਚ ਅਫਗਾਨਿਸਤਾਨ ਦੀ ਸਭ ਤੋਂ ਛੋਟੀ ਟੀਮ ਹੈ। ਇਸ ਟੀਮ ਦਾ ਪਿਛਲਾ ਸਭ ਤੋਂ ਘੱਟ ਸਕੋਰ 72 ਦੌੜਾਂ ਸੀ, ਜੋ 2014 ਦੇ ਟੀ-20 ਵਿਸ਼ਵ ਕੱਪ ‘ਚ ਬੰਗਲਾਦੇਸ਼ ਖਿਲਾਫ ਬਣਾਇਆ ਗਿਆ ਸੀ।
ਹੁਣ ਫਾਈਨਲ ਵਿੱਚ ਪਹੁੰਚਣ ਵਾਲੀ ਦੂਜੀ ਟੀਮ ਦਾ ਫੈਸਲਾ ਰਾਤ 8 ਵਜੇ ਹੋਵੇਗਾ। ਜਦੋਂ ਗੁਆਨਾ ਦੇ ਪ੍ਰੋਵਿਡੈਂਸ ਸਟੇਡੀਅਮ ‘ਚ ਭਾਰਤ ਅਤੇ ਇੰਗਲੈਂਡ ਦੀਆਂ ਟੀਮਾਂ ਆਹਮੋ-ਸਾਹਮਣੇ ਹੋਣਗੀਆਂ। ਮੈਚ ਹੋਣ ਦੀ ਸੰਭਾਵਨਾ ਵੀ ਵਧ ਗਈ ਹੈ, ਕਿਉਂਕਿ ਮੀਂਹ ਦੀ ਸੰਭਾਵਨਾ 40% ਤੱਕ ਘੱਟ ਗਈ ਹੈ।