India

ਹਿਮਾਚਲ ‘ਚ ਸ਼ੁਰੂ ਹੋਈ ਬਰਫ਼ਬਾਰੀ, ਮਜ਼ੇ ਲੈਣ ਪਹੁੰਚਣ ਲੱਗੇ ਸੈਲਾਨੀ

‘ਦ ਖ਼ਾਲਸ ਬਿਊਰੋ :- ਹਿਮਾਚਲ ‘ਚ ਮਾਨਸੂਨ ਦੀ ਰਫ਼ਤਾਰ ਕੁਝ ਮੱਠੀ ਪੈ ਗਈ ਹੈ। ਦੋ ਦਿਨਾਂ ਤੋਂ ਸੂਬੇ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਧੁੱਪ ਨਿਕਲ ਰਹੀ ਹੈ। ਹਾਲਾਂਕਿ ਮੌਸਮ ਵਿਭਾਗ ਨੇ 11 ਸਤੰਬਰ ਤੱਕ ਮੀਂਹ ਪੈਣ ਦੀ ਸੰਭਾਵਨਾ ਜਤਾਈ ਹੈ। ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਸੂਬੇ ਭਰ ‘ਚ ਆਮ ਜਨਜੀਵਨ ਪ੍ਰਭਾਵਿਤ ਹੋਇਆ ਹੈ। ਜਾਣਕਾਰੀ ਮੁਤਾਬਕ 1900 ਕਰੋੜ ਰੁਪਏ ਤੋਂ ਵੱਧ ਦੀ ਜਾਇਦਾਦ ਦਾ ਨੁਕਸਾਨ ਹੋ ਚੁੱਕਾ ਹੈ। ਮੰਗਲਵਾਰ ਨੂੰ ਮਨਾਲੀ-ਲੇਹ ਰੋਡ ‘ਤੇ ਤੰਗਲਾਂਗਲਾ ਦੱਰੇ ਸਮੇਤ ਆਸ-ਪਾਸ ਦੀਆਂ ਉੱਚੀਆਂ ਚੋਟੀਆਂ ‘ਤੇ ਬਰਫ ਦੇ ਤੋਦੇ ਡਿੱਗੇ।

ਇਨ੍ਹੀਂ ਦਿਨੀਂ ਮਨਾਲੀ ਵਿੱਚ ਸੈਲਾਨੀਆਂ ਦੀ ਆਮਦ ਘੱਟ ਹੈ, ਪਰ ਲੇਹ ਮਾਰਗ ‘ਤੇ ਸੈਲਾਨੀਆਂ ਦੀ ਕਾਫੀ ਭੀੜ ਹੈ। ਪੱਛਮੀ ਬੰਗਾਲ ਦੇ ਸੈਲਾਨੀਆਂ ਨੇ ਵੀ ਹਿਮਾਚਲ ਵਿੱਚ ਦਸਤਕ ਦੇ ਦਿੱਤੀ ਹੈ। ਸੈਲਾਨੀ ਸ਼ਿਮਲਾ ਅਤੇ ਕਿਨੌਰ ਦੇ ਰਸਤੇ ਸਪਿਤੀ ਘਾਟੀ ਵੱਲ ਜਾ ਰਹੇ ਹਨ।ਸੋਮਵਾਰ ਰਾਤ ਨੂੰ ਜਿਵੇਂ ਹੀ ਮੌਸਮ ਬਦਲਿਆ ਤਾਂ ਉੱਚੀਆਂ ਚੋਟੀਆਂ ‘ਤੇ ਬਰਫ ਦੇ ਤੋਦੇ ਡਿੱਗਣ ਦਾ ਸਿਲਸਿਲਾ ਸ਼ੁਰੂ ਹੋ ਗਿਆ। ਮੰਗਲਵਾਰ ਨੂੰ ਵੀ ਇਨ੍ਹਾਂ ਸੈਰ-ਸਪਾਟਾ ਸਥਾਨਾਂ ‘ਤੇ ਬਰਫ ਦੇ ਤੋਦੇ ਡਿੱਗੇ ਹਨ। ਮਨਾਲੀ-ਲੇਹ ਸਮੇਤ ਦਾਰਚਾ-ਸ਼ਿੰਕੂਲਾ-ਜ਼ਾਂਸਕਰ ਅਤੇ ਗ੍ਰੰਫੂ-ਕਾਜ਼ਾ ਸੜਕਾਂ ‘ਤੇ ਆਵਾਜਾਈ ਸੁਚਾਰੂ ਹੈ ਪਰ ਜੇਕਰ ਮੌਸਮ ਦਾ ਇਹੀ ਹਾਲ ਰਿਹਾ ਤਾਂ ਆਵਾਜਾਈ ਪ੍ਰਭਾਵਿਤ ਹੋ ਸਕਦੀ ਹੈ।