Punjab

ਨਹੀਂ ਘਟੀਆਂ ਆਸ਼ੂ ਦੀਆਂ ਮੁਸੀਬਤਾਂ, ਜ਼ਮਾਨਤ ਅਰਜ਼ੀ ‘ਤੇ ਅਦਾਲਤ ਨੇ ਸੁਣਾਇਆ ਇਹ ਫੈਸਲਾ

ਲੁਧਿਆਣਾ : ਟਰਾਂਸਪੋਰਟ ਟੈਂਡਰ ਘੁਟਾਲਾ ਮਾਮਲੇ ਵਿਚ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਵੱਲੋਂ ਲੁਧਿਆਣਾ ਜਿਲ੍ਹਾ ਅਦਾਲਤ ਵਿਚ ਲਾਈ ਗਈ ਜ਼ਮਾਨਤ ਅਰਜ਼ੀ ‘ਤੇ ਅਦਾਲਤ ਨੇ ਆਪਣਾ ਫੈਸਲਾ 9 ਸਤੰਬਰ ਤੱਕ ਰਾਖਵਾਂ ਰੱਖ ਲਿਆ ਹੈ। 4 ਤਰੀਕ ਨੂੰ ਭਾਰਤ ਭੂਸ਼ਨ ਆਸ਼ੂ ਨੇ ਆਪਣੀ ਜ਼ਮਾਨਤ ਲਈ ਅਰਜ਼ੀ ਲਗਾਈ ਸੀ ਤੇ ਇਸ ‘ਤੇ ਅੱਜ ਸੁਣਵਾਈ ਹੋਈ ਹੈ। ਇਸ ਦੌਰਾਨ ਅਰਜ਼ੀ ‘ਤੇ ਡੇਢ ਘੰਟਾ ਬਹਿਸ ਹੋਈ ਹੈ। ਦੋਹਾਂ ਧਿਰਾਂ ਦੀਆਂ ਦਲੀਲਾਂ ਸੁਣਨ ਮਗਰੋਂ ਅਦਾਲਤ ਨੇ 9 ਸਤੰਬਰ ਤਕ ਆਪਣੇ ਫੈਸਲੇ ਨੂੰ ਰਾਖਵਾਂ ਰੱਖ ਲਿਆ ਹੈ ਤੇ ਹੁਣ ਇਸ ਮਾਮਲੇ ‘ਤੇ ਮੁੜ ਸੁਣਵਾਈ 9 ਸਤੰਬਰ ਨੂੰ ਹੋਵੇਗੀ। ਲੁਧਿਆਣਾ ਅਦਾਲਤ ਨੇ ਇਸ ਮਾਮਲੇ ‘ਚ ਆਸ਼ੂ ਨੂੰ ਪਹਿਲਾਂ ਹੀ ਜੁਡੀਸ਼ੀਆਲ ਰਿਮਾਂਡ ਤੇ ਭੇਜਿਆ ਹੋਇਆ ਹੈ ਤੇ ਉਹ ਇਹ ਵਕਤ ਪਟਿਆਲਾ ਜੇਲ੍ਹ ‘ਚ ਬੰਦ ਹੈ।

ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਭਾਰਤ ਭੂਸ਼ਣ ਆਸ਼ੂ ਨੂੰ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਲੁਧਿਆਣਾ ਤੋਂ ਗ੍ਰਿਫਤਾਰ ਕੀਤਾ ਸੀ ।ਜਿਸ ਵੇਲੇ ਵਿਜੀਲੈਂਸ ਆਸ਼ੂ ਨੂੰ ਗ੍ਰਿਫਤਾਰ ਕਰਨ ਪਹੁੰਚੀ ਸੀ , ਉਹ ਸੈਲੂਨ ਵਿੱਚ ਵਾਲ ਕਟਵਾ ਰਹੇ ਸਨ ਤੇ ਉਥੋਂ ਹੀ ਉਨ੍ਹਾਂ ਦੀ ਗ੍ਰਿਫਤਾਰੀ ਹੋਈ ਸੀ। ਜਿਸ ਦਾ ਲੁਧਿਆਣਾ ਤੋਂ ਐੱਮਪੀ ਰਵਨੀਤ ਬਿੱਟੂ ਨੇ ਵਿਰੋਧ ਵੀ ਕੀਤਾ ਸੀ।

ਭਾਰਤ ਭੂਸ਼ਣ ਆਸ਼ੂ,ਕਾਂਗਰਸੀ ਆਗੂ

ਕੁੱਝ ਦਿਨ ਪਹਿਲਾਂ ਹੀ ਕਾਂਗਰਸ ਦੇ ਸੂਬਾ ਪ੍ਰਧਾਨ ਰਾਜਾ ਵੜਿੰਗ ਦੀ ਅਗਵਾਈ ਵਿੱਚ ਕਾਂਗਰਸ ਨੇ ਵਿਜੀਲੈਂਸ ਦਫਤਰ ਦੇ ਬਾਹਰ ਪ੍ਰਦਰਸ਼ਨ ਕੀਤਾ ਗਿਆ ਸੀ ਤੇ ਇਸ ਵਿੱਚ ਭਾਰਤ ਭੂਸ਼ਣ ਆਸ਼ੂ ਵੀ ਸ਼ਾਮਲ ਹੋਏ ਸਨ।ਆਸ਼ੂ ਦੀ ਗ੍ਰਿਫਤਾਰੀ ਤੋਂ ਪਹਿਲਾਂ ਕਈ ਅਫਸਰਾਂ ਅਤੇ ਉਨ੍ਹਾਂ ਦੇ ਨਜ਼ਦੀਕੀਆਂ ਨੂੰ ਵੀ ਵਿਜੀਲੈਂਸ ਨੇ ਗ੍ਰਿਫਤਾਰ ਕੀਤਾ ਸੀ।

ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਖਿਲਾਫ਼ ਕੁਲ 18 ਸ਼ਿਕਾਇਤਾਂ ਵਿਜੀਲੈਂਸ ਕੋਲ ਪਹੁੰਚੀਆਂ ਸਨ। ਫੂਡ ਐਂਡ ਸਿਵਲ ਸਪਲਾਈ ਮੰਤਰੀ ਰਹਿੰਦੇ ਹੋਏ ਆਸ਼ੂ ‘ਤੇ ਟੈਂਡਰਾਂ ਵਿੱਚ ਗੱੜਬੱੜੀ ਕਰਨ ਦੇ ਕਈ ਇਲਜ਼ਾਮ ਲੱਗੇ ਸਨ।ਆਸ਼ੂ ਖਿਲਾਫ਼ 2 ਹਜ਼ਾਰ ਕਰੋੜ ਦੇ ਟੈਂਡਰ ਘੁਟਾਲੇ ਦਾ ਵੀ ਇਲਜ਼ਾਮ ਲਗਾਇਆ ਗਿਆ ਹੈ ਤੇ ਵਿਜੀਲੈਂਸ ਇਸ ਦੀ ਜਾਂਚ ਕਰ ਰਹੀ ਹੈ।

 

ਵਿਜੀਲੈਂਸ ਨੇ ਪਹਿਲਾਂ ਹੀ ਭਾਰਤ ਭੂਸ਼ਣ ਆਸ਼ੂ ਖਿਲਾਫ਼ ਸ਼ਿਕੰਜਾ ਕੱਸ ਲਿਆ ਸੀ। ਪੰਜਾਬ ਦੇ ਸਿਵਲ ਸਪਲਾਈ ਵਿਭਾਗ ਵਿੱਚ ਆਸ਼ੂ ਦੇ ਨਜ਼ਦੀਕੀ ਅਫਸਰ ਰਾਕੇਸ਼ ਸਿੰਗਲਾ ਨੂੰ ਸਰਕਾਰ ਨੇ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ ਸੀ ਪਰ ਉਹ ਪਹਿਲਾਂ ਹੀ ਗਾਇਬ ਹੋ ਗਏ ਸਨ।