Punjab

CM ਮਾਨ ਦਾ ਪਹਿਲਵਾਨਾਂ ਦੇ ਹੱਕ ‘ਚ ਵੱਡਾ ਬਿਆਨ ! SKM ਦਾ ਇਸ ਦਿਨ ਦੇਸ਼ ਭਰ ‘ਚ ਪ੍ਰਦਰਸ਼ਨ ਦਾ ਐਲਾਨ !

 

ਬਿਊਰੋ ਰਿਪੋਰਟ : ਸੰਯੁਕਤ ਕਿਸਾਨ ਮੋਰਚਾ ਅਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਪਹਿਲਵਾਨਾਂ ਦੇ ਹੱਕ ਵਿੱਚ ਵੱਡਾ ਬਿਆਨ ਸਾਹਮਣੇ ਆਇਆ ਹੈ, ਪਰੇਸ਼ਾਨ ਹੋ ਕੇ ਗੰਗਾ ਵਿੱਚ ਮੈਡਲ ਬਹਾਉਣ ਗਏ ਖਿਡਾਰੀਆਂ ਦੀ ਹਮਾਇਤ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਦੇ ਹੋਏ ਲਿਖਿਆ, ‘ਸਾਡੇ ਦੇਸ਼ ਦੇ ਕੌਮਾਂਤਰੀ ਮੈਡਲ ਜੇਤੂ ਪਹਿਲਵਾਨਾਂ ਵੱਲੋਂ ਕੇਂਦਰ ਸਰਕਾਰ ਤੋਂ ਦੁਖੀ ਹੋ ਕੇ ਆਪਣੇ ਮੈਡਲ ਗੰਗਾ ਵਿੱਚ ਬਹਾਉਣਾ ਦੇਸ਼ ਦੇ ਲਈ ਸ਼ਰਮਨਾਕ ਹੈ, ਜੇਕਰ ਸਮੇਂ ਰਹਿਦੇ ਆਵਾਜ਼ ਨਾ ਚੁੱਕੀ ਗਈ ਤਾਂ ਅਗਲੀ ਵਾਰ ਦੇਸ਼ ਦੇ ਲੋਕਤੰਤਰ ਦੀ ਅਸਤੀਆਂ ਬਹਾਉਣ ਦਾ ਸਮਾਂ ਆ ਜਾਵੇਗਾ’ । ਉਧਰ SKM ਨੇ ਪੂਰੇ ਦੇਸ਼ ਵਿੱਚ ਖਿਡਾਰੀਆਂ ਦੀ ਹਮਾਇਤ ਵਿੱਚ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਹੈ।

SKM ਦਾ ਐਲਾਨ

ਸੰਯੁਕਤ ਕਿਸਾਨ ਮੋਰਚਾ ਨੇ ਪਹਿਲਵਾਨਾਂ ਦੇ ਹੱਕ ਵਿੱਚ ਪੂਰੇ ਦੇਸ਼ ਵਿੱਚ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਬੀਜੇਪੀ ਦੇ ਆਗੂ ਬ੍ਰਿਜ ਭੂਸ਼ਣ ਸਰਨ ਸਿੰਘ ਦੇ ਮਾੜੇ ਕਾਰਨਾਮਿਆਂ ਖਿਲਾਫ ਪ੍ਰਦਰਸ਼ਨ ਕਰਨ ਦਾ ਖਿਡਾਰੀਆਂ ਨੂੰ ਲੋਕਤਾਂਤਰਿਕ ਅਧਿਕਾਰ ਹੈ ਪਰ ਉਸ ਨੂੰ ਦਬਾਇਆ ਜਾ ਰਿਹਾ ਹੈ । ਇਸ ਦੇ ਖਿਲਾਫ਼ SKM ਖਿਡਾਰੀਆਂ ਦੇ ਨਾਲ ਹੈ ਅਤੇ 1 ਜੂਨ 2023 ਨੂੰ ਪੂਰੇ ਦੇਸ਼ ਵਿੱਚ ਵੱਡੇ ਪੱਧਰ ‘ਤੇ ਪ੍ਰਦਰਸ਼ਨ ਕੀਤਾ ਜਾਵੇਗਾ,ਜ਼ਿਲ੍ਹਾਂ ਅਤੇ ਤਹਿਸੀਲ ਪੱਧਰ ‘ਤੇ ਬ੍ਰਿਜ ਭੂਸ਼ਣ ਸਰਨ ਸਿੰਘ ਦੇ ਪੁਤਲੇ ਸਾੜੇ ਜਾਣਗੇ। ਇਸ ਤੋਂ ਇਲਾਵਾ SKM ਨੇ ਕਿਹਾ ਹੈ ਕਿ ਉਹ ਹੋਰ ਟ੍ਰੇਡ ਯੂਨੀਅਨ,ਨੌਜਵਾਨ,ਵਿਦਿਆਰਥੀਆਂ ਅਤੇ ਬੁੱਧੀਜੀਵਿਆਂ ਨੂੰ ਇਸ ਅੰਦੋਲਨ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੰਦੇ ਹਨ । SKM ਨੇ ਮੰਗ ਕੀਤੀ ਪਹਿਲਵਾਨਾਂ ਖਿਲਾਫ ਦਰਜ FIR ਨੂੰ ਫੌਰਨ ਖਾਰਜ ਕੀਤਾ ਜਾਵੇ ਨਹੀਂ ਤਾਂ ਉਹ 5 ਜੂਨ ਨੂੰ ਮੀਟਿੰਗ ਕਰਕੇ ਨਵਾਂ ਪਲਾਨ ਤਿਆਰ ਕਰਨਗੇ।

SKM ਨੇ ਕਿਹਾ ਜਿਸ ਤਰ੍ਹਾਂ ਨਾਲ 28 ਮਈ ਨੂੰ ਪਹਿਲਵਾਨਾਂ ਦੇ ਪ੍ਰਦਰਸ਼ਨ ਦੌਰਾਨ ਉਨ੍ਹਾਂ ਨਾਲ ਵਤੀਰਾ ਕੀਤਾ ਗਿਆ ਹੈ ਉਸ ਦਾ ਉਹ ਸਖਤ ਸ਼ਬਦਾਂ ਵਿੱਚ ਵਿਰੋਧ ਕਰਦੇ ਹਨ । ਜਥੇਬੰਦੀ ਨੇ ਖਿਡਾਰੀਆਂ ਖਿਲਾਫ ਦਰਜ ਹੋਈ FIR ਨੂੰ ਵੀ ਸ਼ਰਮਨਾਕ ਦੱਸਿਆ ਹੈ ।
ਸੰਯੁਕਤ ਕਿਸਾਨ ਮੋਰਚਾ ਨੇ ਕਿਹਾ ਮੋਦੀ ਸਰਕਾਰ ਨੇ ਜਿਸ ਤਰ੍ਹਾਂ ਨਾਲ ਧਰਨੇ ‘ਤੇ ਬੈਠੀਆਂ ਮਹਿਲਾ ਪਹਿਲਵਾਨਾਂ ਦੇ ਸਰੀਰਕ ਸ਼ੋਸ਼ਣ ਦੇ ਇਲਜ਼ਾਮਾਂ ਨੂੰ ਨਜ਼ਰ ਅੰਦਾਜ਼ ਕੀਤਾ ਹੈ ਅਤੇ ਉਨ੍ਹਾਂ ਖਿਲਾਫ ਐਕਸ਼ਨ ਲਿਆ ਹੈ ਉਹ ਸਰਕਾਰ ਦੇ ਮਹਿਲਾ ਵਿਰੋਧੀ ਏਜੰਡੇ ਨੂੰ ਉਜਾਗਰ ਕਰਦਾ ਹੈ। ਮੋਰਚੇ ਨੇ ਸੁਪਰੀਮ ਕੋਰਟ ਦੇ ਰਾਕੇਸ਼ ਵੈਸ਼ਨਵ ਕੇਸ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਸ਼ਾਂਤੀ ਨਾਲ ਪ੍ਰਦਰਸ਼ਨ ਕਰਨਾ ਨਾਗਰਿਕਾਂ ਦਾ ਲੋਕਤਾਂਤਰਿਕ ਅਧਿਕਾਰ ਹੈ ।