International

ਅਮਰੀਕਾ ਦੇ ਇਸ ਸੂਬੇ ‘ਚ ਹੁਣ ਬੱਚਿਆਂ ਨੂੰ ਪੜਾਇਆ ਜਾਵੇਗਾ ਸਿੱਖ ਇਤਿਹਾਸ

ਅਮਰੀਕਾ :  ਵਰਜੀਨੀਆ ਹੁਣ ਅਮਰੀਕਾ ਦਾ 17ਵਾਂ ਸੂਬਾ ਬਣ ਗਿਆ ਹੈ,ਜਿਥੇ ਸਕੂਲਾਂ ‘ਚ ਸਿੱਖ ਇਤਿਹਾਸ ਪੜਾਇਆ ਜਾਵੇਗਾ। ਇਸਤੋਂ ਪਹਿਲਾਂ 16 ਅਮਰੀਕੀ ਸੂਬਿਆਂ ਨੇ ਸਿੱਖੀ, ਜਾਂ ਸਿੱਖ ਧਰਮ ਨੂੰ ਆਪਣੇ ਸਕੂਲੀ ਪਾਠਕ੍ਰਮ ਵਿੱਚ ਸ਼ਾਮਲ ਕੀਤਾ ਹੈ,ਜਿਸ ਵਿੱਚ ਉਤਾਹ ਅਤੇ ਮਿਸੀਸਿਪੀ ਦੇ ਨਾਲ ਨਾਲ ਹੋਰ ਵੀ ਕਈ ਸੂਬੇ ਹਨ,ਜਿਥੇ ਬੱਚਿਆਂ ਨੂੰ ਸਿੱਖ ਪਰੰਪਰਾਵਾਂ ਤੇ ਇਤਿਹਾਸ ਬਾਰੇ ਪੜਾਇਆ ਜਾਂਦਾ ਹੈ।

ਹੁਣ ਇਸ ਤੋਂ ਬਾਅਦ ਵਰਜੀਨੀਆ ਦੇ 10 ਲੱਖ ਤੋਂ ਵੱਧ ਵਿਦਿਆਰਥੀਆਂ ਨੂੰ ਸਿੱਖ ਭਾਈਚਾਰੇ ਬਾਰੇ ਜਾਣਨ ਦਾ ਮੌਕਾ ਮਿਲੇਗਾ।

ਸਿੱਖ ਕੁਲੀਸ਼ਨ, ਜੋ ਮਾਰਚ 2021 ਤੋਂ ਸਕੂਲਾਂ ਵਿੱਚ ਸਿੱਖ ਧਰਮ, ਸਿੱਖ ਇਤਿਹਾਸ ਅਤੇ ਪਰੰਪਰਾਵਾਂ ਬਾਰੇ ਜਾਣਕਾਰੀ ਸ਼ਾਮਲ ਕਰਨ ਲਈ ਕੰਮ ਕਰ ਰਹੀ ਹੈ, ਨੇ ਕਿਹਾ ਕਿ ਸਮਾਜਿਕ ਅਧਿਐਨ ਦੇ ਮਾਪਦੰਡ ਗੰਭੀਰ ਅਤੇ  ਦਸਤਾਵੇਜ਼ੀ ਖਾਮੀਆਂ ਦੇ ਨਾਲ ਆਉਂਦੇ ਹਨ, ਅਤੇ ਬਹੁਤ ਸਾਰੇ ਭਾਈਚਾਰਿਆਂ ਦੀ ਨੁਮਾਇੰਦਗੀ ਨਹੀਂ ਕੀਤੀ ਜਾਂਦੀ ਜਿਸ ਤਰਾਂ ਨਾਲ ਉਹ ਹੋਣੀ ਚਾਹੀਦੀ ਹੈ।

ਅਮਰੀਕਨ ਸੰਸਥਾ ਨੇ ਬਿਆਨ ਵਿੱਚ ਇਹ ਵੀ ਕਿਹਾ, “ਅਸੀਂ ਸਿਰਫ਼ ਸਿੱਖ ਭਾਈਚਾਰੇ ਲਈ ਹੀ ਨਹੀਂ, ਸਗੋਂ ਉਹਨਾਂ ਸਾਰੇ ਸਮੂਹਾਂ ਲਈ ਸੰਘਰਸ਼ ਜਾਰੀ ਰਖਾਂਗੇ ,ਜਿਨ੍ਹਾਂ ਦੇ ਇਤਿਹਾਸ ਨੂੰ ਸਹੀ ਢੰਗ ਨਾਲ ਪੜ੍ਹਾਇਆ ਜਾਣਾ ਚਾਹੀਦਾ ਹੈ।”

ਜ਼ਿਕਰਯੋਗ ਹੈ ਕਿ ਸਿੱਖ ਧਰਮ ਨੂੰ ਦੁਨੀਆ ਦਾ ਪੰਜਵਾਂ ਸਭ ਤੋਂ ਵੱਡਾ ਧਰਮ ਮੰਨਿਆ ਗਿਆ ਹੈ । ਅਮਰੀਕਾ ਇੱਕ ਅਜਿਹਾ ਮੁਲਕ ਹੈ ,ਜਿਸ ਵਿੱਚ ਸਿੱਖ ਭਾਈਚਾਰਾ ਵੱਡੀ ਗਿਣਤੀ ਵਿੱਚ ਵਸਦਾ ਹੈ।ਇਥੇ ਪੰਜਾਬ ਤੋਂ ਪ੍ਰਵਾਸ ਅੱਜ ਤੋਂ 100 ਸਾਲ ਪਹਿਲਾਂ ਹੀ ਸ਼ੁਰੂ ਹੋ ਗਿਆ ਸੀ।