‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸਿੱਖ ਧਰਮ ਉੱਤੇ ਜਾਣੇ ਅਨਜਾਣੇ ਹਮਲੇ ਜਾਰੀ ਹਨ। ਕਦੇ ਗੁਰੂ ਸਾਹਿਬਾਨ (Guru Sahiban) ਜੀ ਦੀਆਂ ਤਸਵੀਰਾਂ, ਥੈਲਿਆਂ ਉੱਤੇ ਛਾਪੀਆਂ ਜਾਂਦੀਆਂ ਹਨ ਅਤੇ ਕਦੇ ਉਨ੍ਹਾਂ ਦੇ ਐਨੀਮੇਟਿਡ ਚਿੱਤਰ ਬਣਾ ਕੇ ਵੀਡੀਓ ਬਣਾਈਆਂ ਜਾਂਦੀਆਂ ਹਨ। ਹੁਣ ਜੋ ਇੱਕ ਹੋਰ ਨਵੀਂ ਵੀਡੀਓ ਵਾਇਰਲ ਹੋ ਰਹੀ ਹੈ, ਉਸ ਬਾਰੇ ਤੁਸੀਂ ਕਦੇ ਸੋਚਿਆ ਵੀ ਨਹੀਂ ਹੋਣਾ। ਇਹ ਵੀਡੀਓ ਵੇਖ ਕੇ ਤੁਹਾਡੇ ਹਿਰਦੇ ਵਲੂੰਧਰੇ ਜਾਣਗੇ।

ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਖੂਬ ਵਾਇਰਲ ਹੋ ਰਹੀ ਹੈ ਜਿਸ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਬੇਹੁਰਮਤੀ ਕੀਤੀ ਗਈ ਹੈ। ਜਾਣਕਾਰੀ ਮੁਤਾਬਕ ਇਹ ਘਟਨਾ ਨਾਨਕਸਰ ਠਾਠ ਨੇੜੇ ਜਗਰਾਉ ਦੇ ਮੁੱਖ ਡੇਰੇ ਦੀ ਦੱਸੀ ਜਾ ਰਹੀ ਹੈ, ਜਿੱਥੇ ਬਿਨਾਂ ਚੌਰ ਸਾਹਿਬ ਤੋਂ ਅਤੇ ਗੱਡੀਆਂ ਦੀ ਪਿਛਲੀ ਸੀਟ ਉੱਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਰੱਖ ਕੇ ਲਿਜਾਏ ਜਾ ਰਹੇ ਸਨ ਪਰ ਮੌਕੇ ਉੱਤੇ ਪਹੁੰਚੇ ਸਤਿਕਾਰ ਕਮੇਟੀ ਵਾਲਿਆਂ ਨੇ ਅਜਿਹੀ ਮਰਿਆਦਾ ਦੀ ਉਲੰਘਣਾ ਕਰਨ ਵਾਲਿਆਂ ਨੂੰ ਰੋਕ ਲਿਆ।

ਹਾਲਾਂਕਿ, ‘ਦ ਖ਼ਾਲਸ ਟੀਵੀ ਅਧਿਕਾਰਤ ਤੌਰ ਉੱਤੇ ਇਸਦੀ ਪੁਸ਼ਟੀ ਨਹੀਂ ਕਰਦਾ ਹੈ।

ਪਰ ਵਾਇਰਲ ਵੀਡੀਓ ਵਿੱਚ ਤੁਸੀਂ ਸਾਫ਼ ਸਾਫ਼ ਵੇਖ ਸਕਦੇ ਹੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵੱਡੀ ਗਿਣਤੀ ਵਿੱਚ ਸਰੂਪ ਮਰਿਆਦਾ ਦੀ ਉਲੰਘਣਾ ਕਰਦੇ ਹੋਏ ਬਿਨਾਂ ਚੌਰ ਸਾਹਿਬ ਲਿਜਾਏ ਜਾ ਰਹੇ ਹਨ। ਅਲਗਰਜ਼ੀ ਦੀ ਹੱਦ ਇੱਥੇ ਹੀ ਬਸ ਨਹੀਂ ਹੋਈ, ਜਿਨ੍ਹਾਂ ਗੱਡੀਆਂ ਵਿੱਚ ਗੁਰੂ ਸਾਹਿਬ ਜੀ ਦੇ ਪਾਵਨ ਸਰੂਪ ਰੱਖੇ ਗਏ, ਉਨ੍ਹਾਂ ਦੀ ਸਫ਼ਾਈ ਤਾਂ ਦੂਰ, ਗੱਡੀ ਵਿੱਚ ਪਏ ਜੁੱਤਿਆਂ ਨੂੰ ਵੀ ਬਾਹਰ ਨਹੀਂ ਕੱਢਿਆ ਗਿਆ ਸੀ ਸਗੋਂ ਉਨ੍ਹਾਂ ਉੱਪਰ ਹੀ ਗੁਰੂ ਸਾਹਿਬ ਜੀ ਦੇ ਪਾਵਨ ਸਰੂਪ ਨੂੰ ਸੁਭਾਇਮਾਨ ਕੀਤਾ ਗਿਆ ਸੀ।


ਹੈਰਾਨੀ ਦੀ ਹੱਦ ਤਾਂ ਉਦੋਂ ਹੋਈ ਜਦੋਂ ਗੁਰੂ ਸਾਹਿਬ ਜੀ ਦੇ ਸਰੂਪ ਨੂੰ ਗੱਡੀ ਦੀ ਸੀਟ ਉੱਤੇ ਬਿਨਾਂ ਕਿਸੇ ਮਰਿਆਦਾ ਦੇ ਰੱਖਿਆ ਗਿਆ, ਨਾ ਕੋਈ ਚੌਰ ਸਾਹਿਬ ਅਤੇ ਨਾ ਹੀ ਕੋਈ ਪੀੜਾ ਸਾਹਿਬ। ਗੁਰੂ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਗਿਣਤੀ ਤਾਂ ਇੱਕ ਤੋਂ ਜ਼ਿਆਦਾ ਸੀ ਪਰ ਚੌਰ ਸਾਹਿਬ ਸਿਰਫ਼ ਦੋ ਵਿਅਕਤੀਆਂ ਕੋਲ ਹੀ ਸੀ। ਜਦੋਂ ਸਤਿਕਾਰ ਕਮੇਟੀ ਵਾਲਿਆਂ ਨੇ ਗੱਡੀਆਂ ਖੁੱਲ੍ਹਵਾਈਆਂ ਤਾਂ ਵਿੱਚੋਂ ਜੋੜੇ ਨਿਕਲੇ। ਸਤਿਕਾਰ ਕਮੇਟੀ ਵੱਲੋਂ ਪੂਰੀ ਘਟਨਾ ਦੀ ਵੀਡੀਓਗ੍ਰਾਫੀ ਵੀ ਕੀਤੀ ਗਈ ਹੈ।