Punjab

ਸਰੀਰ ਨੂੰ ਫੀਤਾ ਫੀਤਾ ਕਰਕੇ ਕੁਰਬਾਨੀ ਦੀ ਮਿਸਾਲ ਬਣੇ ਭਾਈ ਦਿਲਾਵਰ ਸਿੰਘ

bhai dilawar singh

ਦ ਖ਼ਾਲਸ ਬਿਊਰੋ : ਦੁਨੀਆ ਵਿੱਚ ਹਮੇਸ਼ਾ ਇਹੀ ਵਰਤਾਰਾ ਰਿਹਾ ਹੈ ਕਿ ਆਪਣੇ ਹੱਕ ਸੱਚ ਖਾਤਰ ਲੜਨ ਵਾਲੇ ਬਾਗੀ ਲੋਕ ਬਹੁਤਿਆਂ ਲਈ ਤਾਂ ਯੋਧੇ ਹੁੰਦੇ ਹਨ ਪਰ ਕਈਆਂ ਲਈ ਅੱਤਵਾਦੀ ਵੀ ਹੁੰਦੇ ਹਨ। ਅਜਿਹਾ ਹੀ ਇੱਕ ਨਾਮ ਹੈ ਭਾਈ ਦਿਲਾਵਰ ਸਿੰਘ ਦਾ, ਜਿਨ੍ਹਾਂ ਨੂੰ ਸਿੱਖ ਕੌਮ ਸ਼ਹੀਦ ਮੰਨਦੀ ਹੈ ਪਰ ਹਾਕਮ ਅੱਤਵਾਦੀ ਤੇ ਦੁਸ਼ਮਣ ਮੰਨਦਾ ਹੈ। ਅੱਜ ਤੋਂ 27 ਸਾਲ ਪਹਿਲਾਂ ਸਰੀਰ ਨੂੰ ਫੀਤਾ ਫੀਤਾ ਕਰਕੇ ਸਿੱਖ ਕੌਮ ਲਈ ਕੁਰਬਾਨੀ ਦੀ ਮਿਸਾਲ ਬਣੇ ਭਾਈ ਦਿਲਾਵਰ ਸਿੰਘ ਦੀ ਹੀ ਗੱਲ ਕਰਾਂਗੇ।

ਅੱਜ ਤੋਂ 27 ਸਾਲ ਪਹਿਲਾਂ 31 ਅਗਸਤ 1995 ਦੀ ਢਲਦੀ ਸ਼ਾਮ ਨੂੰ ਸਿਵਲ ਸਕੱਤਰੇਤ ਮੂਹਰੇ ਹੋਏ ਇੱਕ ਬੰਬ ਧਮਾਕੇ ਵਿੱਚ ਉਸ ਵੇਲੇ ਦੇ ਮੁੱਖ ਮੰਤਰੀ ਬੇਅੰਤ ਸਿੰਘ ਦੇ ਚੀਥੜੇ ਉਡਣ ਦੇ ਖ਼ਬਰ ਜੰਗਲ ਦੀ ਅੱਗ ਵਾਂਗ ਫੈਲ ਗਈ। ਪੰਜਾਬ ਪੁਲਿਸ ਦੇ ਸਿਪਾਹੀ ਦਿਲਾਵਰ ਸਿੰਘ(bhai dilawar singh)  ਨੂੰ ਸਿੱਖ ਨੌਜਵਾਨੀ ਦੇ ਘਾਣ ਦਾ ਬਦਲਾ ਲੈਣ ਲਈ ਸਰੀਰ ਨੂੰ ਫੀਤਾ ਫੀਤਾ ਕਰਕੇ ਅਦੁੱਤੀ ਕੁਰਬਾਨੀ ਦੀ ਮਿਸਾਲ ਕਾਇਮ ਕੀਤੀ। ਉਹਦੇ ਲਈ ਪ੍ਰੇਰਨਾ ਦਾ ਸਰੋਤ ਬਣੇ ਭਾਈ ਬਲਵੰਤ ਸਿੰਘ ਰਾਜੋਆਣਾ। ਇੱਕ ਹੋਰ ਪੁਲਿਸ ਮੁਲਾਜ਼ਮ ਲਖਵਿੰਦਰ ਸਿੰਘ ਨੇ ਵੀ ਸਾਥ ਦਿੱਤਾ। ਉਂਝ ਭਾਈ ਜਗਤਾਰ ਸਿੰਘ ਹਵਾਰਾ ਦੀ ਭੂਮਿਕਾ ਅਹਿਮ ਰਹੀ। ਭਾਈ ਗੁਰਮੀਤ ਸਿੰਘ, ਸ਼ਮਸ਼ੇਰ ਸਿੰਘ, ਪਰਮਜੀਤ ਸਿੰਘ ਭਿਉਰਾ ਅਤੇ ਜਗਤਾਰ ਸਿੰਘ ਤਾਰਾ ਅਰੰਭੇ ਕਾਰਜ ਤੋਂ ਇੱਕ ਕਦਮ ਵੀ ਪਿੱਛੇ ਨਾ ਹਟੇ।

ਸ਼ਹੀਦ ਭਾਈ ਦਿਲਾਵਰ ਸਿੰਘ

ਕਹਿੰਦੇ ਨੇ ਜਿਹੜੀਆਂ ਕੌਮਾਂ ਆਪਣੇ ਸ਼ਹੀਦਾਂ ਨੂੰ ਭੁੱਲ ਜਾਂਦੀਆਂ ਨੇ ਉਨ੍ਹਾਂ ਦਾ ਆਪਣਾ ਖੁਰਾ ਖੋਜ ਮਿੱਟ ਜਾਂਦੈ। ਸ਼ਾਇਦ ਇਸੇ ਧਾਰਨਾ ਨੂੰ ਯਾਦ ਕਰਦਿਆਂ ਸਿੱਖ ਕੌਮ ਨੇ ਬੇਅੰਤ ਹੱਤਿਆ ਕਾਂਡ ‘ਚ ਸ਼ਾਮਲ ਸੱਤ ਜਣਿਆ ਜਦੀ ਕੁਰਬਾਨੀ ਦਾ ਮੁੱਲ ਪਾਉਣਾ ਸ਼ੁਰੂ ਕਰ ਦਿੱਤਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 14 ਜੂਨ 2022 ਨੂੰ ਭਾਈ ਦਿਲਾਵਰ ਸਿੰਘ ਦੀ ਤਸਵੀਰ ਸਿੱਖ ਅਜਾਇਬ ਘਰ ਵਿੱਚ ਲਾ ਦਿੱਤੀ ਗਈ ਹੈ. ਇਸ ਤੋਂ ਪਹਿਲਾਂ ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਇਨਾਂ ਨੂੰ ਕੌਮੀ ਸ਼ਹੀਦ ਦਾ ਦਰਜਾ ਦੇ ਦਿੱਤਾ ਗਿਆ ਹੈ।

ਦੇਸ ਦੀ ਸਾਬਕਾ ਪ੍ਰਧਾਨ ਮੰਤਰੀ ਮਰਹੂਮ ਇੰਦਰਾ ਗਾਂਧੀ ਜਿਹਨੇ ਸ਼੍ਰੀ ਅਕਾਲ ਤਖ਼ਤ ਸਾਹਿਬ ‘ਤੇ ਟੈਂਕ ਚੜਾਉਣ ਦੇ ਹੁਕਮ ਦਾਗੇ ਸਨ ਤੋਂ ਵੀ ਦੋ ਸਿੱਖ ਨੌਜਵਾਨਾ ਭਾਈ ਸਤਵੰਤ ਸਿੰਘ ਅਤੇ ਭਾਈ ਬੇਅੰਤ ਸਿੰਘ ਨੇ ਆਪਣੀ ਜਾਨ ਹਥੇਲੀ ‘ਤੇ ਰੱਖ ਕੇ ਬਦਲਾ ਲਿਆ ਸੀ। ਕੁਰਬਾਨੀ ਉਨ੍ਹਾਂ ਦੀ ਵੀ ਘੱਟ ਨਹੀਂ ਸੀ ਪਰ ਦੁੱਖ ਦੀ ਗੱਲ ਇਹ ਕਿ ਸਿੱਖ ਕੌਮ ਦੇ ਚੇਤਿਆਂ ਵਿੱਚੋਂ ਚਾਹੇ ਉਹ ਵਿਸਰੇ ਤਾਂ ਨਹੀਂ ਪਰ ਫਿਕੇ ਜਰੂਰ ਪੈ ਗਏ ਹਨ।

ਗੱਲ ਭਾਈ ਦਿਲਾਵਰ ਸਿੰਘ ਦੀ ਕਰੀਏ ਤਾਂ 31 ਅਗਸਤ 1995 ਨੂੰ ਭਾਈ ਬਲਵੰਤ ਸਿੰਘ ਰਾਜੋਆਣਾ ਨਾਲ ਇੱਕੋ ਗੱਡੀ ਵਿੱਚ ਬੈਠ ਕੇ ਉਹ ਮੁਹਾਲੀ ਤੋਂ ਸਿਵਲ ਸਕੱਤਰੇਤ ਪੁੱਜੇ। ਇੰਜਨੀਅਰ ਭਾਈ ਗੁਰਮੀਤ ਸਿੰਘ ਦੇ ਮੁਹਾਲੀ ਸਥਿਤ ਘਰ ਵਿੱਚ ਵਿਸਫੋਟਕ ਸਮਗਰੀ ਵਾਲੀ ਪੇਟੀ ਆਪਣੇ ਲੱਕ ਦੁਆਲੇ ਲਪੇਟ ਲਈ ਸੀ। ਇਸ ਤੋਂ ਪਹਿਲੀ ਰਾਤ ਸਾਰੇ ਜਣੇ ਉਸੇ ਘਰ ਅੰਦਰ ਆਟੇ ਵਿੱਚ ਆਰਡੀਐਕਸ ਗੁੰਨ ਕੇ ਪੇਟੀ ਤਿਆਰ ਕਰਦੇ ਰਹੇ। ਦਫ਼ਤਰ ਦੀ ਕੰਮ ਮੁਕਾ ਕੇ ਜਦੋਂ ਮੁੱਖ ਮੰਤਰੀ ਬੇਅੰਤ ਸਿੰਘ ਆਪਣੀ ਕਾਰ ਵਿੱਚ ਬੈਠਣ ਲਈ ਲਿਫਟ ਤੋਂ ਬਾਹਰ ਆਏ ਤਾਂ ਪੁਲਿਸ ਵਰਦੀ ‘ਚ ਸਜੇ ਦਿਲਾਵਰ ਸਿੰਘ ਉਨ੍ਹਾਂ ਦੇ ਪੈਰ ਛੂਹਣ ਲਈ ਅੱਗੇ ਵਧੇ। ਭਾਈ ਰਾਜੋਆਣਾ ਜਿੰਨਾ ਦੇ ਹੱਥ ਮਨੁੱਖੀ ਬੰਬ ਦਾ ਰਿਮੋਟ ਸੀ , ਦਾ ਘੋੜਾ ਦੱਬ ਦਿੱਤਾ। ਭਾਈ ਦਿਲਾਵਰ ਸਿੰਘ ਫੀਤਾ ਫੀਤਾ ਹੋ ਗਏ ਅਤੇ ਬੇਅੰਤ ਸਿੰਘ ਦੇ ਚੀਥੜੇ ਉੱਡ ਗਏ। ਉਨ੍ਹਾਂ ਦੇ ਨਾਲ ਵਿਧਾਇਕ ਬਲਦੇਵ ਸਿੰਘ ਪੱਕਾ ਕਲਾਂ ਸਮੇਤ 16 ਹੋਰ ਦੀ ਜਾਨ ਜਾਂਦੀ ਰਹੀ ਸੀ।