ਚੰਡੀਗੜ੍ਹ : ਸਿੱਧੂ ਮੂਸੇਵਾਲਾ ਦੇ ਮਾਪਿਆਂ ਨੇ ਪੰਜਾਬ ਵਿਧਾਨ ਸਭਾ ਅੱਗੇ ਲਾਇਆ ਧਰਨਾ ਖਤਮ ਕਰ ਦਿੱਤਾ ਹੈ। ਸਰਕਾਰ ਵੱਲੋਂ ਦਿੱਤੇ ਭਰੋਸੇ ਤੋਂ ਬਾਅਦ ਧਰਨਾ ਖਤਮ ਕੀਤਾ ਗਿਆ ਹੈ। ਕੈਬਨਿਟ ਮੰਤਰੀ ਕੁਲਦੀਪ ਧਾਲੀਵਾਲ ਨਾਲ ਮੀਟਿੰਗ ਮਗਰੋਂ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਤੇ ਮਾਤਾ ਚਰਨ ਕੌਰ ਨੇ ਅੱਜ ਪੰਜਾਬ ਵਿਧਾਨ ਸਭਾ ਦੇ ਮੂਹਰੇ ਤੋਂ ਆਪਣਾ ਧਰਨਾ ਖਤਮ ਕਰ ਦਿੱਤਾ ਹੈ। ਮੰਤਰੀ ਧਾਲੀਵਾਲ ਨੇ ਉਹਨਾਂ ਨੂੰ ਭਰੋਸਾ ਦੁਆਇਆ ਹੈ ਕਿ 20 ਮਾਰਚ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨਾਲ ਉਹਨਾਂ ਦੀ ਮੀਟਿੰਗ ਕਰਵਾਈ ਜਾਵੇਗੀ।
ਉਨ੍ਹਾਂ ਆਖਿਆ ਕਿ ਸਰਕਾਰ ਪੂਰੀ ਵਾਹ ਲਾ ਰਹੀ ਹੈ। ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ। ਜ਼ਿਆਦਾਤਰ ਦੋਸ਼ੀਆਂ ਨੂੰ ਫੜ ਲਿਆ ਗਿਆ ਹੈ, ਜੋ ਵਿਦੇਸ਼ਾਂ ਵਿਚ ਬੈਠੇ ਹਨ, ਉਨ੍ਹਾਂ ਨੂੰ ਇਥੇ ਲਿਉਣ ਲਈ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ।
ਦੱਸ ਦਈਏ ਕਿ ਅੱਜ ਸਵੇਰੇ ਸਿੱਧੂ ਮੂਸੇਵਾਲਾ ਦੇ ਮਾਪੇ ਅੱਜ ਸਵੇਰੇ ਪੰਜਾਬ ਵਿਧਾਨ ਸਭਾ ਅੱਗੇ ਧਰਨੇ ਉਤੇ ਬੈਠ ਗਏ ਸਨ। ਇਸ ਮੌਕੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਸੀ ਕਿ ਮੈਂ ਇਥੇ ਮਜ਼ਬੂਰੀ ਕਾਰਨ ਆਇਆ ਹਾਂ। ਪਿਛਲੇ ਲੰਬੇ ਸਮੇਂ ਤੋਂ ਮੈਂ ਪੁਲਿਸ ਵੱਲ ਇਨਸਾਫ ਲਈ ਵੇਖ ਰਿਹਾ ਸੀ। ਪਰ ਕੋਈ ਇਨਸਾਫ ਨਹੀਂ ਮਿਲ ਰਿਹਾ। ਸਭ ਕੁਝ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਵਿਧਾਨ ਸਭਾ ਦੇ ਬਾਹਰ ਧਰਨੇ ‘ਤੇ ਬੈਠੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ , ਜਾਣੋ ਵਜ੍ਹਾ
ਕੋਈ ਜਾਂਚ ਨਹੀਂ ਕੀਤੀ ਜਾ ਰਹੀ। ਸਾਡੀ ਸਰਕਾਰ ਕੋਈ ਗੱਲ ਨਹੀਂ ਸੁਣ ਰਹੀ। ਹਾਲੇ ਤੱਕ ਕੁਝ ਨਹੀਂ ਹੋਇਆ ਹੈ। ਜੇਲ੍ਹ ਅੰਦਰ ਸਬੂਤ ਨਸ਼ਟ ਕੀਤੇ ਜਾ ਹਨ। ਇਸ ਕੇਸ ਵਿਚ ਗ੍ਰਿਫਤਾਰ ਮੁਲਜ਼ਮਾਂ ਨੂੰ ਮਾਰਿਆ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਸੀ ਕਿ ਅਸੀਂ ਸਮਰਕਾਰ ਦੀ ਸਕਿਓਰਿਟੀ ਤੋਂ ਵੀ ਅੱਕ ਗਏ ਹਨ, ਜਦੋਂ ਮਰਜ਼ੀ ਵਾਪਸ ਲੈ ਲਵੋ। ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ। ਅਸਲੀ ਕਾਤਲਾਂ ਨੂੰ ਗ੍ਰਿਫਤਾਰ ਕਰਨ ਤੋਂ ਟਾਲਾ ਵੱਟਿਆ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਅਜੇ ਚਲਾਨ ਵੀ ਪੇਸ਼ ਨਹੀਂ ਕੀਤਾ ਗਿਆ। ਜਦੋਂ ਕੋਈ ਸਿਆਸੀ ਆਗੂ ਮਾਰਿਆ ਜਾਂਦਾ ਹੈ ਤਾਂ ਹਰ ਕੋਈ ਫੜਿਆ ਜਾਂਦਾ ਹੈ ਪਰ ਮੇਰਾ ਬੇਟਾ ਮਾਰਿਆ ਗਿਆ, ਸਿਰਫ ਗੋਲੀ ਚਲਾਉਣ ਵਾਲਿਆਂ ਨੂੰ ਹੀ ਫੜਿਆ ਗਿਆ ਹੈ। ਸਾਜ਼ਿਸ਼ ਰਚਣ ਵਾਲਿਆਂ ਨੂੰ ਨਹੀਂ ਫੜਿਆ ਗਿਆ। ਇਸ ਦੌਰਾਨ ਬਲਕੌਰ ਸਿੰਘ ਨੇ ਕਿਹਾ ਸੀ ਕਿ ਜਦੋਂ ਤੱਕ ਵਿਧਾਨ ਸਭਾ ਚੱਲਦੀ ਰਹੇਗੀ, ਮੈਂ ਹਰ ਰੋਜ਼ ਰੋਸ ਪ੍ਰਦਰਸ਼ਨ ‘ਤੇ ਬੈਠਾਂਗਾ। ਉਨ੍ਹਾਂ ਕਿਹਾ ਕਿ 11 ਮਹੀਨੇ ਹੋ ਗਏ ਹਨ, ਅੱਜ ਤੱਕ ਸਿੱਧੂ ਕਤਲ ਕੇਸ ਦਾ ਚਲਾਨ ਪੇਸ਼ ਨਹੀਂ ਹੋਇਆ।
ਉਨ੍ਹਾਂ ਕਿਹਾ ਕਿ ਸਾਡੀ ਮੰਗ ਹੈ ਕਿ ਜਿਹੜੇ ਸਾਜ਼ਿਸ਼ਘਾੜੇ ਹਨ, ਉਨ੍ਹਾਂ ਖਿਲਾਫ ਬਣਦੀ ਕਰਵਾਈ ਕੀਤੀ ਜਾਵੇ। ਅਸੀਂ ਉਨ੍ਹਾਂ ਦੇ ਨਾਮ ਵੀ ਦੇ ਚੁੱਕੇ ਹਾਂ। ਜਿਹੜੇ ਸ਼ੂਟਰ ਹਨ, ਉਨ੍ਹਾਂ ਨੂੰ ਗੋਲੀ ਦੇ ਬਦਲੇ ਗੋਲੀ ਮਾਰੀ ਜਾਵੇ।
ਉਨ੍ਹਾਂ ਕਿਹਾ ਕਿ ਅਸੀਂ ਸਰਕਾਰ ਦੀ ਸਕਿਓਰਿਟੀ ਤੋਂ ਵੀ ਅੱਕ ਗਏ ਹਨ, ਜਦੋਂ ਮਰਜ਼ੀ ਵਾਪਸ ਲੈ ਲਵੋ। ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ। ਅਸਲੀ ਕਾਤਲਾਂ ਨੂੰ ਗ੍ਰਿਫਤਾਰ ਕਰਨ ਤੋਂ ਟਾਲਾ ਵੱਟਿਆ ਜਾ ਰਿਹਾ ਹੈ।