Punjab

ਵਿਧਾਨ ਸਭਾ ਦੇ ਬਾਹਰ ਧਰਨੇ ‘ਤੇ ਬੈਠੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ , ਜਾਣੋ ਵਜ੍ਹਾ

Parents of Sidhu Moosewala sitting on dharna outside the Vidhan Sabha know the reason

ਚੰਡੀਗੜ੍ਹ : ਮਰਹੂਮ ਗਾਇਕ ਸਿੱਧੂ ਮੂਸੇਵਾਲਾ ( Sidhu Moose wala ) ਦੇ ਪਿਤਾ ਬਲਕੌਰ ਸਿੰਘ ( Balkaur Singh ) ਤੇ ਉਹਨਾਂ ਦੀ ਮਾਤਾ ਚਰਨ ਕੌਰ ( Charan Kaur )ਅੱਜ ਪੰਜਾਬ ਵਿਧਾਨ ਸਭਾ ( Punjab Vidhan Sabha ) ਦੇ ਬਾਹਰ ਧਰਨੇ ’ਤੇ ਬੈਠ ਗਏ। ਉਹ ਆਪਣੇ ਪੁੱਤਰ ਦੇ ਕਤਲ ਲਈ ਇਨਸਾਫ ਮੰਗ ਰਹੇ ਹਨ। ਉਹਨਾਂ ਦੇ ਨਾਲ ਵਿਰੋਧੀ ਧਿਰ ਨੇਤਾ ਪ੍ਰਤਾਪ ਸਿੰਘ ਬਾਜਵਾ ਵੀ ਬੈਠੇ ਹਨ। ਦੱਸ ਦੇਈਏ ਕਿ ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦਾ ਅੱਜ ਤੀਜਾ ਦਿਨ ਹੈ ਅਤੇ ਬੀਤੇ ਦਿਨ ਕਾਫੀ ਹੰਗਾਮਾ ਦੇਖਣ ਨੂੰ ਮਿਲਿਆ।

ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਮਜ਼ਬੂਰੀ ਕਰਕੇ ਉਨ੍ਹਾਂ ਨੂੰ ਧਰਨੇ ’ਤੇ ਬੈਠਣਾ ਪੈ ਰਿਹਾ ਹੈ। ਪਿਛਲੇ 10 ਮਹੀਨਿਆਂ ਤੋਂ ਉਨ੍ਹਾਂ ਵੱਲੋਂ ਲਗਾਤਾਰ ਇਨਸਾਫ ਦੀ ਗੁਹਾਰ ਲਗਾਈ ਜਾ ਰਹੀ ਹੈ। ਉਨ੍ਹਾਂ ਨੂੰ ਅਜੇ ਤੱਕ ਇਨਸਾਫ ਮਿਲਣ ਦੀ ਉਮੀਦ ਨਹੀਂ ਦਿਖ ਰਹੀ ਹੈ। ਪੰਜਾਬ ਸਰਕਾਰ ਵੱਲੋਂ ਉਨ੍ਹਾਂ ਦੀ ਗੱਲ ਨਹੀਂ ਸੁਣੀ ਜਾ ਰਹੀ ਹੈ। ਮੂਸੇਵਾਲੇ ਦੇ ਮਾਪਿਆਂ ਵੱਲੋਂ ਮਾਮਲੇ ’ਚ ਸ਼ਾਮਲ ਮਾਸਟਰਮਾਇੰਡ ’ਤੇ ਕਾਰਵਾਈ ਕਰਨ ਦੀ ਮੰਗ ਕੀਤੀ ਜਾ ਰਹੀ ਹੈ।

ਬਲਕੌਰ ਸਿੰਘ ਨੇ ਆਖਿਆ ਕਿ ਮੈਂ ਇਥੇ ਮਜ਼ਬੂਰੀ ਕਾਰਨ ਆਇਆ ਹਾਂ। ਪਿਛਲੇ ਲੰਬੇ ਸਮੇਂ ਤੋਂ ਮੈਂ ਪੁਲਿਸ ਵੱਲ ਇਨਸਾਫ ਲਈ ਵੇਖ ਰਿਹਾ ਸੀ। ਪਰ ਕੋਈ ਇਨਸਾਫ ਨਹੀਂ ਮਿਲ ਰਿਹਾ। ਸਭ ਕੁਝ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਕੋਈ ਜਾਂਚ ਨਹੀਂ ਕੀਤੀ ਜਾ ਰਹੀ। ਸਾਡੀ ਸਰਕਾਰ ਕੋਈ ਗੱਲ ਨਹੀਂ ਸੁਣ ਰਹੀ। ਹਾਲੇ ਤੱਕ ਕੁਝ ਨਹੀਂ ਹੋਇਆ ਹੈ। ਜੇਲ੍ਹ ਅੰਦਰ ਸਬੂਤ ਨਸ਼ਟ ਕੀਤੇ ਜਾ ਹਨ। ਇਸ ਕੇਸ ਵਿਚ ਗ੍ਰਿਫਤਾਰ ਮੁਲਜ਼ਮਾਂ ਨੂੰ ਮਾਰਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਸੀਂ ਸਮਰਕਾਰ ਦੀ ਸਕਿਓਰਿਟੀ ਤੋਂ ਵੀ ਅੱਕ ਗਏ ਹਨ, ਜਦੋਂ ਮਰਜ਼ੀ ਵਾਪਸ ਲੈ ਲਵੋ। ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ। ਅਸਲੀ ਕਾਤਲਾਂ ਨੂੰ ਗ੍ਰਿਫਤਾਰ ਕਰਨ ਤੋਂ ਟਾਲਾ ਵੱਟਿਆ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਅਜੇ ਚਲਾਨ ਵੀ ਪੇਸ਼ ਨਹੀਂ ਕੀਤਾ ਗਿਆ। ਜਦੋਂ ਕੋਈ ਸਿਆਸੀ ਆਗੂ ਮਾਰਿਆ ਜਾਂਦਾ ਹੈ ਤਾਂ ਹਰ ਕੋਈ ਫੜਿਆ ਜਾਂਦਾ ਹੈ ਪਰ ਮੇਰਾ ਬੇਟਾ ਮਾਰਿਆ ਗਿਆ, ਸਿਰਫ ਗੋਲੀ ਚਲਾਉਣ ਵਾਲਿਆਂ ਨੂੰ ਹੀ ਫੜਿਆ ਗਿਆ ਹੈ। ਸਾਜ਼ਿਸ਼ ਰਚਣ ਵਾਲਿਆਂ ਨੂੰ ਨਹੀਂ ਫੜਿਆ ਗਿਆ। ਇਸ ਦੌਰਾਨ ਬਲਕੌਰ ਸਿੰਘ ਨੇ ਕਿਹਾ ਕਿ ਜਦੋਂ ਤੱਕ ਵਿਧਾਨ ਸਭਾ ਚੱਲਦੀ ਰਹੇਗੀ, ਮੈਂ ਹਰ ਰੋਜ਼ ਰੋਸ ਪ੍ਰਦਰਸ਼ਨ ‘ਤੇ ਬੈਠਾਂਗਾ। ਉਨ੍ਹਾਂ ਕਿਹਾ ਕਿ 11 ਮਹੀਨੇ ਹੋ ਗਏ ਹਨ, ਅੱਜ ਤੱਕ ਸਿੱਧੂ ਕਤਲ ਕੇਸ ਦਾ ਚਲਾਨ ਪੇਸ਼ ਨਹੀਂ ਹੋਇਆ। ਅਸੀਂ ਇੱਕ ਆਜ਼ਾਦ ਦੇਸ਼ ਵਿੱਚ ਰਹਿੰਦੇ ਹਾਂ ਤੇ ਸਾਡੇ ਨਾਲ ਕੀ ਹੋ ਰਿਹਾ ਹੈ। ਸਾਨੂੰ ਲਗਾਤਾਰ ਧਮਕੀਆਂ ਮਿਲ ਰਹੀਆਂ ਹਨ ਕਿ ਸਾਨੂੰ 25 ਅਪ੍ਰੈਲ ਤੋਂ ਪਹਿਲਾਂ ਜਾਨੋਂ ਮਾਰ ਦਿੱਤਾ ਜਾਏਗਾ।

ਬੀਤੇ ਦਿਨ ਵਿਧਾਨ ਸਭਾ ਦੀ ਕਾਰਵਾਈ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਅਤੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਵਿਚਾਲੇ ਤਿੱਖੀ ਬਹਿਸ ਦੇਖਣ ਨੂੰ ਮਿਲੀ। ਦੋਹਾਂ ਵਿਚਾਲੇ ਭ੍ਰਿਸ਼ਟਾਚਾਰ ਨੂੰ ਲੈ ਕੇ ਬਹਿਸ ਹੋਈ। ਇਸ ਬਹਿਸ ਤੋਂ ਬਾਅਦ ਜਿੱਥੇ ਵਿਧਾਨ ਸਭਾ ਦੀ ਕਾਰਵਾਈ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ, ਉੱਥੇ ਹੀ ਦੂਜੇ ਪਾਸੇ ਕਾਂਗਰਸੀ ਵਿਧਾਇਕਾਂ ਨੇ ਕਾਰਵਾਈ ਦਾ ਬਾਇਕਾਟ ਕਰ ਦਿੱਤਾ ਸੀ।