Punjab

ਸਿੱਧੂ ਨੇ ਮੁੜ ਡਰੱ ਗ ਕੇਸਾਂ ਦਾ ਚੁੱਕਿਆ ਮੁੱਦਾ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਅੱਜ ਫਿਰ ਇੱਕ ਤੋਂ ਬਾਅਦ ਇੱਕ ਟਵੀਟ ਕਰਕੇ ਡਰੱਗ ਕੇਸਾਂ ਅਤੇ ਐੱਸਟੀਐਫ ਦੀ ਰਿਪੋਰਟ ਜਨਤਕ ਕਰਨ ਨੂੰ ਲੈ ਕੇ ਟਵੀਟ ਕੀਤੇ ਹਨ। ਸਿੱਧੂ ਨੇ ਕਿਹਾ ਕਿ :

2017 ਵਿੱਚ ਪੰਜਾਬ ਦੇ ਲੋਕਾਂ ਨਾਲ ਵਾਅਦਾ ਕੀਤਾ ਗਿਆ ਸੀ ਕਿ ਅਸੀਂ 4 ਹਫ਼ਤਿਆਂ ਵਿੱਚ ਨਸ਼ਿਆਂ ਦਾ ਲੱਕ ਭੰਨ ਦਿਆਂਗੇ ਪਰ ਰਾਸ਼ਟਰੀ ਅਪਰਾਧ ਰਿਕਾਰਡ ਬਿਊਰੋ ਦੀਆਂ 2017 ਤੋਂ 2020 ਦੀਆਂ ਰਿਪੋਰਟਾਂ ਅਨੁਸਾਰ ਪਿਛਲੇ ਸਮੇਂ ਤੋਂ ਪੰਜਾਬ ਨਾਰਕੋਟਿਕ ਡਰਗਸ ਅਤੇ ਸਾਈਕੋਟ੍ਰਾਪਿਕ ਸਬਸਟੈਂਸ (NDPS) ਨਾਲ ਜੁੜੇ ਅਪਰਾਧਾਂ ਦੀ ਦਰ ਵਿੱਚ ਲਗਾਤਾਰ 4 ਸਾਲਾਂ ਤੋਂ ਪਹਿਲੇ ਸਥਾਨ ਉੱਤੇ ਬਰਕਰਾਰ ਹੈ।

ਨਸ਼ਿਆਂ ਵਿਰੁੱਧ ਝੂਠੀ ਜੰਗ ਛੇੜ ਕੇ ਅਕਾਲੀਆਂ ਦੀ ਨਸ਼ਾ ਵਪਾਰ ਦੀ ਵਿਰਾਸਤ ਨੂੰ ਅੱਗੇ ਵਧਾਉਣ ਦਾ ਦੋਸ਼ ਸਾਡੇ ਉੱਪਰ ਲੱਗਿਆ। ਮਾਣਯੋਗ ਪੰਜਾਬ ਅਤੇ ਹਰਿਆਣਾ ਉੱਚ ਅਦਾਲਤ ਦੀਆਂ ਟਿੱਪਣੀਆਂ ਇਸਦੀਆਂ ਗਵਾਹ ਹਨ, CRM (M) ਨੰਬਰ 20630/2021 ਵਿੱਚ ਉੱਚ ਅਦਾਲਤ ਨੇ ਕਿਹਾ ਕਿ “ਨਸ਼ਾ ਸਪਲਾਇਰ ਸਜ਼ਾ ਤੋਂ ਬਚਣ ਲਈ ਸਿਆਸੀ ਸਰਪ੍ਰਸਤੀ ਦਾ ਆਸਰਾ ਮਾਣਦੇ ਹਨ, ਜਦਕਿ ਛੋਟੇ-ਮੋਟੇ ਕਰਿੰਦੇ ਫੜੇ ਜਾਂਦੇ ਹਨ।”

ਇਸ ਤੋਂ ਇਲਾਵਾ, 12 ਲੱਖ ਟਰਾਮਾਡੋਲ ਗੋਲੀਆਂ (CRM-M-28183-2019) ਦੀ ਰਿਕਵਰੀ ਦੇ ਮਾਮਲੇ ਵਿੱਚ, ਮਾਨਯੋਗ ਉੱਚ ਅਦਾਲਤ ਨੇ ਜਾਂਚ ਸੀ.ਬੀ.ਆਈ ਨੂੰ ਸੌਂਪਦਿਆਂ ਟਿੱਪਣੀ ਕੀਤੀ ਕਿ “ਪੰਜਾਬ ਸੂਬੇ ਨੂੰ ਚਲਾਉਣ ਵਾਲੇ ਹੀ ਜਾਨਣ ਕਿ ਉਹ ਨਸ਼ਾ ਅਪਰਾਧੀਆਂ ਨੂੰ ਜਾਣ-ਬੁੱਝ ਕੇ ਕਿਉਂ ਬਚਾ ਰਹੇ ਹਨ”।

ਮਾਨਯੋਗ ਹਾਈਕੋਰਟ ਨੇ ਨਸ਼ਿਆਂ ‘ਤੇ ਐਸ.ਟੀ.ਐਫ. ਦੀ ਰਿਪੋਰਟ ਦੀ ਇੱਕ ਕਾਪੀ ਸਰਕਾਰ ਨੂੰ ਦਿੱਤੀ ਪਰ ਅਸੀਂ ਕਾਨੂੰਨ ਅਨੁਸਾਰ ਕਾਰਵਾਈ ਕਰਨ ਦੀ ਬਜਾਏ ਫਰਵਰੀ, 2018 ਤੋਂ ਉਸ ਰਿਪੋਰਟ ਨੂੰ ਦੱਬੀ ਬੈਠੇ ਹਾਂ। ਇੱਥੋਂ ਤੱਕ ਕਿ ਅਸੀਂ ਇਸ ਬਹੁ-ਕਰੋੜੀ ਡਰੱਗ ਕੇਸ ਦੇ ਹੋਰ ਦੋਸ਼ੀਆਂ ਦੀ ਹਵਾਲਗੀ ਕਰਨ ‘ਚ ਵੀ ਅਸਫ਼ਲ ਰਹੇ ਹਾਂ। ਵੱਡੇ ਮਗਰਮੱਛਾਂ ਨੂੰ ਫੜ ਕੇ ਸਜ਼ਾ ਦੇਣਾ ਹੀ ਇੱਕੋ ਇੱਕ ਹੱਲ ਹੈ।
ਕਾਨੂੰਨ ਅਨੁਸਾਰ ਸਰਕਾਰ ਕੋਲ ਐਸ.ਟੀ.ਐਫ. ਦੀ ਰਿਪੋਰਟ ਦੇ ਆਧਾਰ ‘ਤੇ ਅੱਗੇ ਵਧਣ ਦੇ ਸਾਰੇ ਅਧਿਕਾਰ ਹਨ। ਇਸ ਲਈ ਇਸ ਰਿਪੋਰਟ ਨੂੰ ਤੁਰੰਤ ਜਨਤਕ ਕੀਤਾ ਜਾਵੇ, ਇਸਦੇ ਆਧਾਰ ‘ਤੇ ਐੱਫ.ਆਈ.ਆਰ. ਦਰਜ ਕੀਤੀ ਜਾਵੇ ਅਤੇ ਪੰਜਾਬ ‘ਚ ਨਸ਼ੇ ਦਾ ਆਤੰਕ ਫੈਲਾਉਣ ਲਈ ਜ਼ਿੰਮੇਵਾਰ ਵੱਡੇ ਮਗਰਮੱਛਾਂ ਨੂੰ ਫੜਨ ਲਈ ਸਮਾਂਬੱਧ ਜਾਂਚ ਸ਼ੁਰੂ ਕੀਤੀ ਜਾਵੇ।