India Punjab

ਚੜੂਨੀ 25 ਨਵੰਬਰ ਨੂੰ ਨਹੀਂ ਕਰਨਗੇ ਪੈਦਲ ਯਾਤਰਾ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਹਰਿਆਣਾ ਦੇ ਕਿਸਾਨ ਲੀਡਰ ਗੁਰਨਾਮ ਸਿੰਘ ਚੜੂਨੀ ਨੇ 25 ਨਵੰਬਰ ਦਾ ਦਿੱਲੀ ਕੂਚ ਦਾ ਪ੍ਰੋਗਰਾਨ ਵਾਪਸ ਲੈ ਲਿਆ ਹੈ। ਚੜੂਨੀ ਨੇ ਕਿਹਾ ਕਿ ਇਹ ਪ੍ਰੋਗਰਾਮ ਅਸੀਂ ਹਰਿਆਣਾ ਦੀ ਤਰਫ ਤੋਂ ਰੱਖਿਆ ਸੀ ਅਤੇ ਹੁਣ ਇਹ ਪ੍ਰੋਗਰਾਮ ਸਾਰੇ ਦੇਸ਼ ਦੇ ਕਿਸਾਨ ਰੱਖ ਰਹੇ ਹਨ। ਚੜੂਨੀ ਨੇ ਕਿਹਾ ਕਿ 25 ਨਵੰਬਰ ਨੂੰ ਅੰਬਾਲਾ ਤੋਂ ਦਿੱਲੀ ਤੱਕ ਦੀ ਪੈਦਲ ਯਾਤਰਾ ਦਾ ਪ੍ਰੋਗਰਾਮ ਕੀਤਾ ਸੀ ਅਤੇ ਉਸ ਤੋਂ ਬਾਅਦ ਕੁੱਝ ਲੋਕਾਂ ਨੇ 24 ਨਵੰਬਰ ਨੂੰ ਯਾਤਰਾ ਦਾ ਪ੍ਰੋਗਰਾਮ ਰੱਖ ਦਿੱਤਾ ਹੈ। ਕਈ ਲੋਕ ਸੋਸ਼ਲ ਮੀਡੀਆ ‘ਤੇ ਇੱਕ-ਦੂਜੇ ‘ਤੇ ਦੋਸ਼ ਲਾ ਰਹੇ ਹਨ। ਲੋਕਾਂ ਵਿੱਚ ਸ਼ੰਕਾ ਪੈਦਾ ਹੋ ਰਹੀ ਹੈ।

ਮੈਨੂੰ ਇਸ ਗੱਲ ਦਾ ਦੁੱਖ ਹੈ ਕਿ ਜਿਨ੍ਹਾਂ ਨੇਤਾਵਾਂ ‘ਤੇ ਭਰੋਸਾ ਕਰਕੇ 700 ਕਿਸਾਨਾਂ ਨੇ ਆਪਣੀਆਂ ਜਾਨਾਂ ਗਵਾ ਦਿੱਤੀਆਂ ਹਨ, ਹਜ਼ਾਰਾਂ ਲੋਕਾਂ ਨੇ ਆਪਣੇ ਉੱਪਰ ਮੁਕੱਦਮੇ ਦਰਜ ਕਰਵਾ ਲਏ, ਕਿੰਨੇ ਲੋਕਾਂ ਨੇ ਜੇਲ੍ਹਾਂ ਕੱਟੀਆਂ, ਜ਼ਿੰਦਗੀ ਦਾ ਇੱਕ ਸਾਲ ਸੜਕਾਂ ‘ਤੇ ਗੁਜ਼ਾਰ ਦਿੱਤਾ, ਉਹ ਲੋਕ ਕਿਸੇ ਆਦਮੀ ਨੂੰ ਨੀਚਾ ਦਿਖਾਉਣ ਲਈ ਇੰਨਾ ਵੱਡਾ ਝੂਠ ਬੋਲ ਸਕਦੇ ਹਨ, ਇੰਨਾ ਵੱਡਾ ਫਰੇਬ ਕਰ ਸਕਦੇ ਹਨ। ਚੜੂਨੀ ਨੇ ਕਿਹਾ ਕਿ ਹਰਿਆਣਾ ਦੀ SKM 8 ਮਹੀਨੇ ਪਹਿਲਾਂ ਬਣੀ ਸੀ ਅਤੇ ਉਸਦਾ ਪ੍ਰਧਾਨ ਮੈਨੂੰ ਬਣਾਇਆ ਗਿਆ ਹੈ। ਹੁਣ ਇੱਕ ਨਕਲੀ SKM ਹੋਰ ਬਣਾਈ ਗਈ ਹੈ। ਪੰਜਾਬ ਦੇ ਕੁੱਝ ਲੋਕਾਂ ਨੇ ਮੀਟਿੰਗ ਕਰਕੇ ਇਹ ਤੈਅ ਕੀਤਾ ਹੈ ਕਿ ਹਰਿਆਣਾ ਦੇ ਲੋਕਾਂ ਨੂੰ ਖਿਲਾਫ ਕੀਤਾ ਜਾਵੇ। ਸਾਡੇ ਕੁੱਝ ਲੋਕ ਉਨ੍ਹਾਂ ਦੀਆਂ ਗੱਲਾਂ ਵਿੱਚ ਆ ਗਏ ਅਤੇ ਇੱਕ ਨਕਲੀ ਐੱਸਕੇਐੱਮ ਖੜੀ ਕਰ ਦਿੱਤੀ ਗਈ।

ਪੰਜਾਬ ਦੇ ਲੋਕ ਸਾਨੂੰ ਪਸੰਦ ਕਰ ਰਹੇ ਹਨ, ਇਸ ਲਈ ਪੰਜਾਬ ਦੇ ਕੁੱਝ ਲੋਕਾਂ ਨੂੰ ਇਹ ਗੱਲ ਹਜ਼ਮ ਨਹੀਂ ਹੋ ਰਹੀ। ਚੜੂਨੀ ਨੇ ਕਿਹਾ ਕਿ ਅਸੀਂ ਇਸ ਅੰਦੋਲਨ ਨੂੰ ਕਿਸੇ ਵੀ ਕੀਮਤ ‘ਤੇ ਟੁੱਟਣ ਨਹੀਂ ਦੇਣਾ ਚਾਹੁੰਦੇ। ਚੜੂਨੀ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਕੋਈ ਵੀ ਵਿਅਕਤੀ ਕਿਸੇ ਵਿਰੁੱਧ ਗਲਤ ਨਾ ਬੋਲੇ। ਚੜੂਨੀ ਨੇ ਕਿਹਾ ਕਿ ਇਸ ਪਵਿੱਤਰ ਅੰਦੋਲਨ ਨੂੰ ਬਚਾਉਣ ਲਈ ਅਸੀਂ ਆਪਣਾ ਸਿਰ ਝੁਕਾ ਵੀ ਸਕਦੇ ਹਾਂ ਅਤੇ ਕਟਵਾ ਵੀ ਸਕਦੇ ਹਾਂ। ਚੜੂਨੀ ਨੇ ਕਿਹਾ ਕਿ ਸਾਡੇ ਜਿਸ ਵੀ ਸਹਿਯੋਗ ਦੀ ਲੋੜ ਹੋਵੇ, ਕ੍ਰਿਪਾ ਕਰਕੇ ਉਨ੍ਹਾਂ ਨੂੰ ਦੱਸਿਆ ਜਾਵੇ।