ਬਿਊਰੋ ਰਿਪੋਰਟ : ਸਿੰਧੀ ਸਮਾਜ ਦੀ ਸ੍ਰੀ ਗੁਰੂ ਨਾਨਕ ਦੇਵ ਜੀ ਵਿੱਚ ਬਹੁਤ ਆਸਥਾ ਹੈ । ਉਨ੍ਹਾਂ ਦੇ ਧਾਰਮਿਕ ਥਾਵਾਂ ‘ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ । ਪਰ ਇੰਦੌਰ ਵਿੱਚ ਇਸ ਨੂੰ ਲੈਕੇ ਵਿਵਾਦ ਖੜਾ ਹੋ ਗਿਆ ਹੈ । ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਮੁੱਖ ਸੇਵਾਦਾਰ ਦਵਿੰਦਰ ਸਿੰਘ ਖਾਲਸਾ ਵੱਲੋਂ ਸਿੰਧੀਆਂ ਦੇ ਧਾਰਮਿਕ ਥਾਵਾਂ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਨੂੰ ਚੁਕਵਾਇਆ ਜਾ ਰਿਹਾ ਹੈ । ਸਤਿਕਾਰ ਕਮੇਟੀ ਦਾ ਤਰਕ ਹੈ ਕਿ ਸਿੰਧੀ ਸਮਾਜ ਵੱਲੋਂ ਸ੍ਰੀ ਗੁਰੂ ਗੰਥ ਸਾਹਿਬ ਦੀ ਮਰਿਆਦਾ ਦਾ ਪਾਲਨ ਨਹੀਂ ਹੁੰਦਾ ਹੈ ਅਤੇ ਉਨ੍ਹਾਂ ਵੱਲੋਂ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਪਾਖੰਡ ਕੀਤੇ ਜਾਂਦੇ ਹਨ । ਸਤਿਕਾਰ ਕਮੇਟੀ ਦੇ ਇਸ ਫੈਸਲੇ ਤੋਂ ਬਾਅਦ ਸਿੰਧੀ ਸਮਾਨ ਨੇ ਆਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਨੂੰ ਗੁਰੂ ਘਰਾਂ ਨੂੰ ਸੌਂਪ ਦਿੱਤਾ ਹੈ । ਪਰ ਨਾਲ ਹੀ ਉਨ੍ਹਾਂ ਨੇ ਕਿਹਾ ਹੈ ਕਿ ਉਹ ਸਨਾਤਮ ਮਤ ਵਿੱਚ ਜਾਣਗੇ । ਸਿੰਧੀ ਸਮਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਨੂੰ ਜਮਾਂ ਕਰਵਾਉਣ ਵੇਲੇ ਕਾਫੀ ਭਾਵੁਕ ਨਜ਼ਰ ਆਇਆ । ਉਨ੍ਹਾਂ ਨੇ ਕਿਹਾ ਸਾਡੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਪੂਰੀ ਆਸਥਾ ਹੈ ਪਰ ਸਾਨੂੰ ਮਜ਼ਬੂਰ ਕੀਤਾ ਜਾ ਰਿਹਾ ਹੈ। ਉਧਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਸਤਿਕਾਰ ਕਮੇਟੀ ਵੱਲੋਂ ਚੁੱਕੇ ਗਏ ਕਦਮ ਦੇ ਪਿੱਛੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਹੱਥ ਦੱਸਿਆ ਹੈ ।
ਮਨਜੀਤ ਸਿੰਘ ਜੀਕੇ ਨੇ ਚੁੱਕੇ ਸਵਾਲ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਦਿੱਲੀ ਕਮੇਟੀ ‘ਤੇ ਸਵਾਲ ਚੁੱਕ ਦੇ ਹੋਏ ਕਿਹਾ ਕਿ ਇੰਦੌਰ ਵਿੱਚ ਸਤਿਕਾਰ ਕਮੇਟੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਚੁੱਕਣ ਦੇ ਲਈ ਦਿੱਲੀ ਕਮੇਟੀ ਦੇ ਹੁਕਮਾਂ ਦਾ ਹਵਾਲਾ ਦਿੱਤਾ ਸੀ । ਜੀਕੇ ਨੇ ਕਿਹਾ ਇਹ ਬਹੁਤ ਮੰਦਭਾਗਾ ਹੈ। ਸਿੰਧੀ ਸਮਾਜ ਦਾ ਸ਼ੁਰੂ ਤੋਂ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਹੀ ਵਿਸ਼ਵਾਸ ਰਿਹਾ ਹੈ ਜੇਕਰ ਮਰਿਆਦਾ ਨੂੰ ਲੈਕੇ ਕੋਈ ਵੀ ਪਰੇਸ਼ਾਨੀ ਸੀ ਤਾਂ ਸਿੰਧੀ ਸਮਾਜ ਨੂੰ ਇਸ ਸਮਝਾਇਆ ਜਾ ਸਕਦਾ ਸੀ। ਉਨ੍ਹਾਂ ਨਾਲ ਗੱਲ ਕੀਤੀ ਜਾ ਸਕਦੀ ਸੀ ਪਰ ਇਸ ਤਰ੍ਹਾਂ ਸਿੰਧੀ ਸਮਾਜ ਦੇ ਵਿਸ਼ਵਾਸ ਨੂੰ ਤੋੜਨਾ ਠੀਕ ਨਹੀਂ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਨੇ ਵੀ ਨੋਟਿਸ ਲਿਆ ਹੈ ਅਤੇ ਦਿੱਲੀ ਕਮੇਟੀ ਨੂੰ ਵੀ ਇਸ ਦੀ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ । ਜੀਕੇ ਨੇ ਦੱਸਿਆ ਕਿ ਇੰਦੌਰ ਦੇ ਇਮਲੀ ਸਾਹਿਬ ਗੁਰਦੁਆਰੇ ਦੇ ਪ੍ਰਧਾਨ ਮਨਜੀਤ ਸਿੰਘ ਭਾਟਿਆ ਨੇ ਇਸ ਮਾਮਲੇ ਵਿੱਚ ਸਿੰਧੀ ਸਮਾਜ ਨਾਲ ਗੱਲ ਕੀਤੀ ਹੈ ਅਤੇ ਉਨ੍ਹਾਂ ਨੂੰ ਮਰਿਆਦਾ ਸਿਖਾਉਣ ਵਿੱਚ ਪੂਰੀ ਮਦਦ ਕਰਨ ਦਾ ਭਰੋਸਾ ਦਿੱਤਾ ਹੈ । ਉਧਰ ਸਿੰਧੀ ਸਮਾਜ ਦੇ ਫੈਸਲੇ ਤੋਂ ਬਾਅਦ ਕੁਝ ਹਿੰਦੂ ਜਥੇਬੰਦੀਆਂ ਵੱਲੋਂ ਵੀ ਸਿੰਧੂ ਸਮਾਜ਼ ਨੂੰ ਪੇਸ਼ਕਸ਼ ਕੀਤੀ ਗਈ ਹੈ ।
ਹਿੰਦੂ ਜਥੇਬੰਦੀਆਂ ਦੀ ਸਿੰਧੀ ਸਮਾਜ ਨੂੰ ਪੇਸ਼ਕਸ਼
ਇੰਦੌਰ ਦੇ ਹਿੰਦੂ ਸਮਾਜ ਵੱਲੋਂ ਸਿੰਧੀ ਸਮਾਜ ਨੂੰ ਕਿਹਾ ਗਿਆ ਹੈ ਕਿ ਉਹ ਆਪਣੀਆਂ ਧਾਰਮਿਕ ਥਾਵਾਂ ‘ਤੇ ਰਮਾਇਣ ਅਤੇ ਭਗਵਤ ਗੀਤਾ ਰੱਖ ਸਕਦੇ ਹਨ ਉਨ੍ਹਾਂ ਨੂੰ ਕੋਈ ਪਰੇਸ਼ਾਨੀ ਨਹੀਂ ਹੈ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਸਿੰਧੀ ਸਮਾਜ ਆਪਣੇ ਹਿਸਾਬ ਦੇ ਨਾਲ ਧਰਮ ਦਾ ਪਾਲਨ ਵੀ ਕਰ ਸਕਦਾ ਹੈ । ਸਿੰਧੀ ਸਮਾਜ ਜਨਮ ਤੋਂ ਲੈਕੇ ਮੌਤ ਤੱਕ ਦੇ ਸਸਕਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੁਖ ਰੱਖ ਦੇ ਹੋਏ ਕਰਦਾ ਹੈ। ਵਿਆਹ ਦੇ ਸਮਾਗਮ ਵੀ ਲਾਵਾ-ਫੇਰਿਆ ਨਾਲ ਹੁੰਦੇ ਹਨ । ਸ੍ਰੀ ਗੁਰੂ ਗ੍ਰੰਥ ਸਾਹਿਬ ਸਾਂਝੀ ਵਾਲਤਾ ਦਾ ਸੁਨੇਹਾ ਦਿੰਦਾ ਹੈ। ਗੁਰੂ ਸਾਹਿਬਾਨਾਂ ਦੇ ਨਾਲ ਹਿੰਦੂ ਅਤੇ ਮੁਸਲਮਾਨ ਭਾਈਚਾਰੇ ਨਾਲ ਜੁੜੇ ਅਜਿਹੇ ਲੋਕਾਂ ਦੀ ਬਾਣੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਥਾਂ ਦਿੱਤੀ ਗਈ ਗਈ ਜੋ ਗੁਰੂ ਸਾਹਿਬ ਦੇ ਉਪਦੇਸ਼ਾਂ ‘ਤੇ ਖਰੇ ਉਤਰ ਦੇ ਹਨ । ਅਜਿਹੇ ਵਿੱਚ ਇਸ ਮਸਲੇ ਨੂੰ ਅਰਾਮ ਨਾਲ ਵੀ ਸੁਲਝਾਇਆ ਜਾ ਸਕਦਾ ਸੀ।