ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਹਨ। ਕਿਸਾਨਾਂ ਦੇ ਅੰਦੋਲਨ ਨੂੰ ਅੱਜ ਲਗਪਗ 50 ਦਿਨ ਹੋ ਗਏ ਹਨ। ਜਿਸ ਦੇ ਚੱਲਦਿਆਂ ਕਿਸਾਨ ਹਰਿਆਣਾ ਅਤੇ ਪੰਜਾਬ ਦੇ ਬਾਰਡਰ ਸ਼ੰਭੂ ਅਤੇ ਖਨੌਰੀ ਬਾਰਡਰ ‘ਤੇ ਡਟੇ ਹੋਏ ਹਨ। ਉੱਥੇ ਹੀ ਹਰਿਆਣਾ ਪੁਲਿਸ ਦੇ ਤਸ਼ੱਦਦ ਦੌਰਾਨ ਨੌਜਵਾਨ ਸੁਭਕਰਨ ਸਿੰਘ ਦੀ ਮੌਤ ਹੋ ਗਈ ਸੀ।
ਜਿਸ ਤੋਂ ਬਾਅਦ ਕਿਸਾਨ ਜਥੇਬੰਦੀਆਂ ਦੁਆਰਾ ਦੋਵਾਂ ਰਾਜਾਂ ਵਿੱਚ ਉਸਦੀ ਕਲਸ਼ ਯਾਤਰਾ ਕੱਢੀ ਜਾ ਰਹੀ ਹੈ। ਇਸ ਦੇ ਚੱਲਦਿਆਂ ਅੱਜ 2 ਅਪ੍ਰੈਲ ਨੂੰ ਸ਼ੁਭਕਰਨ ਦੀ ਕਲਸ਼ ਯਾਤਰਾ ਕੇਰਲਾ, ਤਾਮਿਲਨਾਡੂ ਸਮੇਤ ਹੋਰ ਕਈ ਰਾਜਾਂ ਲਈ ਰਵਾਨਾ ਹੋਈ ਹੈ। ਇਸ ਦੀ ਜਾਣਕਾਰੀ ਦਿੰਦਿਆਂ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਅੱਜ ਸ਼ੰਭੂ ਮੋਰਚੇ ਵੱਲੋਂ ਸ਼ਹੀਦ ਸ਼ੁਭਕਰਨ ਸਿੰਘ ਦੀ ਅਸ਼ਟਮੀ ਕਲਸ਼ ਯਾਤਰਾ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕੇਰਲਾ, ਤਾਮਿਲਨਾਡੂ, ਪਾਂਡੀਚੇਰੀ ਲਈ 3 ਕਲਸ਼ ਰਵਾਨਾ ਕੀਤੇ ਗਏ, ਜਿਸ ਵਿੱਚ ਅਸ਼ਟਮੀ ਕਲਸ਼ ਯਾਤਰਾ ਚੰਡੀਗੜ੍ਹ ਤੋਂ ਦਿੱਲੀ ਹਵਾਈ ਅੱਡੇ ਰਾਹੀਂ ਦੱਖਣੀ ਲਈ ਰਵਾਨਾ ਹੋਵੇਗੀ।
ਉਨ੍ਹਾਂ ਨੇ ਕਿਹਾ ਕਿ ਵਿਸ਼ਵ ਵਪਾਰ ਸੰਸਥਾ ਦੀ ਨੀਤੀ ਦੇ ਦਬਾਅ ਹੇਠ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਮੰਡੀ ਬੋਰਡ ਐਕਟ 1961 ਵਿੱਚ ਸੋਧ ਕਰਕੇ ਪੰਜਾਬ ਦੀਆਂ 26 ਮਾਰਕੀਟ ਕਮੇਟੀਆਂ ਨੂੰ ਹੋਰ ਵਿਭਾਗਾਂ ਵਿੱਚ ਰਲੇਵਾਂ ਕਰਕੇ ਗੁਦਾਮਾਂ ਨੂੰ ਬੰਦ ਕਰ ਦਿੱਤਾ ਹੈ। ਮੈਨੇਜਮੈਂਟ ਪ੍ਰਾਈਵੇਟ ਕੰਪਨੀਆਂ ਨੂੰ ਸੌਂਪ ਦਿੱਤੀ ਹੈ।
ਦੱਸ ਦਈਏ ਬੀਤੇ ਦਿਨੀਂ ਹਰਿਆਣਾ ਦੇ ਅੰਬਾਲਾ ਦੇ ਹੱਡਾ ਮੰਡੀ ਵਿੱਚ ਅੱਜ ਨੌਜਵਾਨ ਕਿਸਾਨ ਸ਼ੁਭਕਰਨ ਦੀ ਯਾਦ ਵਿੱਚ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ ਸੀ। ਜਿਸ ਵਿੱਚ ਵੱਖ-ਵੱਖ ਕਿਸਾਨ ਜਥੇਬੰਦੀਆਂ ਅਤੇ ਹਜ਼ਾਰਾਂ ਕਿਸਾਨਾਂ ਅਤੇ ਬੀਬੀਆਂ ਨੇ ਵੱਡੀ ਗਿਣਤੀ ਵਿੱਚ ਸ਼ਿਰਕਤ ਕੀਤੀ ਸੀ। ਇਸ ਮੌਕੇ ਕਿਸਾਨ ਜਥੇਬੰਦੀਆਂ ਵੱਲੋਂ ਕਿਸਾਨੀ ਅੰਦੋਲਨ ਦੌਰਾਨ ਸ਼ਹੀਦ ਹੋਏ ਸ਼ੁਭਕਰਨ ਸਿੰਘ ਨੂੰ ਸ਼ਰਧਾਂਜਲੀ ਦਿੱਤੀ ਗਈ।