India Punjab Sports

ਨੈਸ਼ਨਲ ਵੇਟਲਿਫਟਿੰਗ ਚੈਂਪੀਅਨਸ਼ਿਪ ‘ਚ PU ਦੀ ਖਿਡਾਰਨ ਦਾ ਕਮਾਲ , ਜਿੱਤਿਆ ਸੋਨ ਤਗਮਾ

A player from Punjabi University won the gold medal in Tamil Nadu

 ਤਾਮਿਲਨਾਡੂ : ਪੰਜਾਬੀ ਯੂਨੀਵਰਸਿਟੀ ਦੀ ਖਿਡਾਰਨ ਹਰਜਿੰਦਰ ਕੌਰ ਨੇ ਤਾਮਿਲਨਾਡੂ ਵਿੱਚ ਚੱਲ ਰਹੀ ਨੈਸ਼ਨਲ ਵੇਟਲਿਫਟਿੰਗ ਚੈਂਪੀਅਨਸ਼ਿਪ ( national weightlifting championship )  ਵਿੱਚ ਪੰਜਾਬ ਦੀ ਨੁਮਾਇੰਦਗੀ ਕੀਤੀ ਅਤੇ ਔਰਤਾਂ ਦੇ 71 ਕਿਲੋ ਭਾਰ ਵਰਗ ਵਿੱਚ ਸੋਨ ਤਗ਼ਮਾ ਜਿੱਤਿਆ। ਕੁਲ 214 ਕਿਲੋਗ੍ਰਾਮ ਭਾਰ ਚੁੱਕ ਕੇ ਤਮਗਾ ਜਿੱਤਣ ਦੇ ਨਾਲ-ਨਾਲ ਉਸ ਨੇ ਕਲੀਨ ਐਂਡ ਜਰਕ ‘ਚ 123 ਕਿਲੋਗ੍ਰਾਮ ਚੁੱਕ ਕੇ ਨਵਾਂ ਰਾਸ਼ਟਰੀ ਰਿਕਾਰਡ ਵੀ ਬਣਾਇਆ। ਇਸ ਵਿੱਚ ਹਰਜਿੰਦਰ ਕੌਰ ਨੇ ਮਿਜ਼ੋਰਮ ਦੀ ਖਿਡਾਰਨ ਦਾ ਰਿਕਾਰਡ ਤੋੜ ਦਿੱਤਾ ਹੈ। ਤਮਗਾ ਜਿੱਤਣ ਅਤੇ ਰਿਕਾਰਡ ਬਣਾਉਣ ਤੋਂ ਬਾਅਦ ਹਰਜਿੰਦਰ ਕੌਰ ਨੇ ਦੱਸਿਆ ਕਿ ਰਾਸ਼ਟਰਮੰਡਲ ਖੇਡਾਂ ਤੋਂ ਬਾਅਦ ਘੱਟ ਪ੍ਰੈਕਟਿਸ ਹੋਈ ਸੀ ਪਰ ਨੈਸ਼ਨਲਜ਼ ਦੀ ਤਿਆਰੀ ਪੀ.ਯੂ ਵਿੱਚ ਕੀਤੀ ਗਈ ਸੀ ਪਰ ਹੁਣ ਅਗਲੇ ਟੂਰਨਾਮੈਂਟ ਲਈ ਉਹ ਐਨਆਈਐਸ ਪਟਿਆਲਾ ਵਿੱਚ ਟ੍ਰੇਨਿੰਗ ਕਰੇਗੀ।

2022 ਦੀਆਂ ਬਰਮਿੰਘਮ ਕੌਮਨਵੈਲਥ ਖੇਡਾਂ ਵਿੱਚ ਕਾਂਸੀ ਦਾ ਤਗ਼ਮਾ ਜੇਤੂ ਹਰਜਿੰਦਰ ਕੌਰ ਨੂੰ ਵਧਾਈ ਦਿੰਦਿਆਂ ਸੂਬੇ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਵੱਲੋਂ ਆਪਣੇ ਟਵਿੱਟਰ ਹੈਂਡਲ ਰਾਹੀਂ ਲਿਖਿਆ ਕਿ ‘ਸਾਡੇ ਪੰਜਾਬ ਦੀ ਮਾਣਮੱਤੀ ਧੀ ਹਰਜਿੰਦਰ ਕੌਰ ਨੇ ਅੱਜ ਨੈਸ਼ਨਲ ਵੇਟਲਿਫ਼ਟਿੰਗ ਚੈਂਪੀਅਨਸਿ਼ਪ ਦੇ 71 ਕਿਲੋ ਵਰਗ ਵਿੱਚ ਕੁੱਲ 214 ਕਿਲੋ ਭਾਰ ਚੁੱਕ ਕੇ ਸੋਨੇ ਦਾ ਤਮਗ਼ਾ ਜਿੱਤਿਆ। ਹਰਜਿੰਦਰ ਨੇ 123 ਕਿਲੋ ਕਲੀਨ ਜਰਕ ਭਾਰ ਚੁੱਕ ਕੇ ਨਵਾਂ ਨੈਸ਼ਨਲ ਰਿਕਾਰਡ ਵੀ ਬਣਾਇਆ। ਸਾਡੀ ਹੋਣਹਾਰ ਵੇਟਲਿਫ਼ਟਰ ਨੂੰ ਇਸ ਪ੍ਰਾਪਤੀ ਲਈ ਬਹੁਤ-ਬਹੁਤ ਮੁਬਾਰਕਾਂ’।

ਪੰਜਾਬੀ ਯੂਨੀਵਰਸਿਟੀ ਤੋਂ ਹਰਜਿੰਦਰ ਕੌਰ ਦੇ ਕੋਚ ਪਰਮਜੀਤ ਸ਼ਰਮਾ ਨੇ ਇਸ ਪ੍ਰਾਪਤੀ ਉੱਤੇ ਖੁਸ਼ੀ ਜ਼ਾਹਿਰ ਕਰਦਿਆਂ ਆਪਣੀ ਇਸ ਖਿਡਾਰਨ ਉੱਤੇ ਮਾਣ ਪ੍ਰਗਟ ਕੀਤਾ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਵੀ ਹਰਜਿੰਦਰ ਕੌਰ ਤੋਂ ਬਹੁਤ ਉਮੀਦਾਂ ਹਨ।

ਵਾਈਸ ਚਾਂਸਲਰ ਪ੍ਰੋ. ਅਰਵਿੰਦ ਵੱਲੋਂ ਇਸ ਪ੍ਰਾਪਤੀ ਉੱਤੇ ਹਰਜਿੰਦਰ ਕੌਰ, ਉਸਦੇ ਕੋਚ ਅਤੇ ਖੇਡ ਵਿਭਾਗ ਨੂੰ ਵਧਾਈ ਦਿੰਦਿਆਂ ਕਿਹਾ ਕਿ ਲੜਕੀਆਂ ਵੱਲੋਂ ਕੀਤੀਆਂ ਜਾਂਦੀਆਂ ਪ੍ਰਾਪਤੀਆਂ ਦੀ ਖੁਸ਼ੀ ਪੰਜਾਬੀ ਯੂਨੀਵਰਸਿਟੀ ਲਈ ਹੋਰ ਵੀ ਵਧੇਰੇ ਹੁੰਦੀ ਹੈ ਕਿਉਂਕਿ ਲੜਕੀਆਂ ਦੀ ਉਚੇਰੀ ਸਿੱਖਿਆ ਅਤੇ ਖੇਡਾਂ  ਜਿਹੇ ਖੇਤਰਾਂ ਵਿੱਚ ਤਰੱਕੀ ਲਈ ਯੂਨੀਵਰਸਿਟੀ ਵਿਸ਼ੇੇਸ਼ ਤੌਰ ਉੱਤੇ ਪ੍ਰਤੀਬੱਧ ਹੈ। ਉਨ੍ਹਾਂ ਕਿਹਾ ਕਿ ਹਰਜਿੰਦਰ ਕੌਰ ਦੀ ਇਹ ਪ੍ਰਾਪਤੀ ਹੋਰਨਾਂ ਲੜਕੀਆਂ ਲਈ ਵੀ ਪ੍ਰੇਰਣਦਾਇਕ ਸਿੱਧ ਹੋਵੇਗੀ ਜਿਸ ਨਾਲ਼ ਪੰਜਾਬੀ ਯੂਨੀਵਰਸਿਟੀ ਨੂੰ ਆਪਣੇ ਇਨ੍ਹਾਂ ਮੰਤਵਾਂ ਦੀ ਪੂਰਤੀ ਵਿੱਚ ਮਦਦ ਮਿਲੇਗੀ।

ਨਾਭਾ ਨੇੜਲੇ ਪਿੰਡ ਮੈਹਸ ਦੀ ਵਸਨੀਕ ਹਰਜਿੰਦਰ ਕੌਰ ਦੇ ਭਰਾ ਪ੍ਰਿਤਪਾਲ ਸਿੰਘ ਨੇ ਕਿਹਾ ਕਿ ਸਾਨੂੰ ਮਾਣ ਹੈ ਕਿ ਹਰਜਿੰਦਰ ਕੌਰ ਆਪਣੀ ਮਿਹਨਤ ਸਦਕਾ ਬੁਲੰਦੀਆਂ ਨੂੰ ਛੋਹ ਰਹੀ ਹੈ। ਉਨ੍ਹਾਂ ਕਿਹਾ ਕਿ ਹਰਜਿੰਦਰ ਕੌਰ ਦੀਆਂ ਇਹ ਪ੍ਰਾਪਤੀਆਂ ਉਨ੍ਹਾਂ ਦੇ ਪਰਿਵਾਰ ਦੀ ਵਿੱਤੀ ਮਦਦ ਵਿੱਚ ਵੀ ਸਹਾਈ ਹੋ ਰਹੀਆਂ ਹਨ।

ਜਿ਼ਕਰਯੋਗ ਹੈ ਕਿ ਬਰਮਿੰਘਮ ਕੌਮਨਵੈਲਥ ਖੇਡਾਂ ਵਿੱਚੋਂ ਕਾਂਸੀ ਦਾ ਤਗ਼ਮਾ ਜਿੱਤਣ ਸਮੇਂ ਹਰਜਿੰਦਰ ਕੌਰ ਨੂੰ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਪੰਜਾਬੀ ਯੂਨੀਵਰਸਿਟੀ ਪਹੁੰਚ ਕੇ ਸਨਮਾਨਿਤ ਕੀਤਾ ਗਿਆ ਸੀ। ਸੰਧਵਾਂ ਵੱਲੋਂ ਆਪਣੇ ਅਖਤਿਆਰੀ ਫੰਡ ਵਿੱਚੋਂ ਹਰਜਿੰਦਰ ਕੌਰ ਨੂੰ ਪੰਜ ਲੱਖ ਰੁਪਏ ਦੀ ਵਿਸ਼ੇਸ਼ ਰਾਸ਼ੀ ਵੀ ਪ੍ਰਦਾਨ ਕੀਤੀ ਗਈ ਸੀ।