ਚੰਡੀਗੜ੍ਹ : “ਅਕਾਲੀ ਦਲ ਦੇਸ਼ ਦੀ ਦੂਜੀ ਸਭ ਤੋਂ ਪੁਰਾਣੀ ਪਾਰਟੀ ਹੈ।ਇਸ ਤੋਂ ਪੁਰਾਣੀ ਸਿਰਫ ਕਾਂਗਰਸ ਹੈ।”ਇਹ ਵਿਚਾਰ ਸਨ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਜੋ ਕਿ ਅੱਜ ਚੰਡੀਗੜ੍ਹ ਵਿੱਚ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸੀ।

ਆਪਣੇ ਸੰਬੋਧਨ ਵਿੱਚ ਉਹਨਾਂ ਦਾਅਵਾ ਕੀਤਾ ਕਿ ਆਜ਼ਾਦੀ ਦੀ ਲੜਾਈ ਵਿੱਚ ਸਭ ਤੇਂ ਜਿਆਦਾ ਯੋਗਦਾਨ ਸ਼੍ਰੋਮਣੀ ਅਕਾਲੀ ਦਲ ਦਾ ਸੀ । ਇਸ ਪਾਰਟੀ ਨੇ ਹਮੇਸ਼ਾ ਦੇਸ਼ ਦੇ ਹਿੱਤਾਂ ਲਈ ਕੰਮ ਕੀਤੇ ਹਨ। ਐਮਰਜੈਂਸੀ ਦੌਰਾਨ ਵੀ ਅਕਾਲੀ ਦੱਲ ਦੇ ਹੀ ਵਰਕਰਾਂ ਨੇ ਮੋਹਰੀ ਤੌਰ ਤੇ ਸੇਵਾ ਨਿਭਾਈਆਂ।ਇਸ ਵੇਲੇ ਗ੍ਰਿਫਤਾਰ ਹੋਏ 1 ਲੱਖ ਵਿਅਕਤੀਆਂ ਚੋਂ 60 ਹਜਾਰ ਤੋਂ ਵੱਧ ਲੋਕ ਸ਼੍ਰੋਮਣੀ ਅਕਾਲੀ ਦੱਲ ਦੇ ਸੀ।ਖੇਤਰੀ ਪਾਰਟੀ ਹੋਣ ਕਰਕੇ ਪੰਜਾਬ ਦੇ ਲੋਕਾਂ ਦੇ ਜ਼ਿਆਦਾ ਨੇੜੇ ਇਹ ਪਾਰਟੀ ਹੈ।ਧਾਰਮਿਕ ਏਕਤਾ ਕਾਇਮ ਰੱਖਣਾ ਅਕਾਲੀ ਦਲ ਦਾ ਉਦੇਸ਼ ਹੈ ।ਪੰਜਾਬ ਵਿੱਚ ਅਮਨਸ਼ਾਂਤੀ ਬਣਾਏ ਰੱਖਣ ਲਈ ਪਾਰਟੀ ਹਮੇਸ਼ਾ ਯਤਨਸ਼ੀਲ ਹੈ।

ਉਹਨਾਂ ਅਨੰਦਪੁਰ ਸਾਹਿਬ ਮਤੇ ਦੀ ਗੱਲ ਕਰਦਿਆਂ ਕਿਹਾ ਕਿ ਇਸ ਵਿੱਚ ਸੂਬਿਆਂ ਨੂੰ ਵੱਧ ਅਧਿਕਾਰ ਦੇਣ ਦੀ ਗੱਲ ਹੋਈ ਸੀ ਤੇ ਇਸੇ ਗੱਲ ਨੂੰ ਲੈ ਕੇ ਅੱਜ ਵੀ ਕਈ ਪਾਰਟੀਆਂ ਗੱਲ ਕਰਦੀਆਂ ਹਨ।ਅਕਾਲੀ ਦੱਲ ਹਮੇਸ਼ਾ ਕੇਂਦਰ ਦੀ ਧੱਕੇਸ਼ਾਹੀ ਦੇ ਵਿਰੁਧ ਰਾਜਾਂ ਨੂੰ ਵੱਧ ਅਧਿਕਾਰ ਦੇਣ ਦੀ ਗੱਲ ਕਰਦਾ ਰਿਹਾ ਹੈ ਤੇ ਹਮੇਸ਼ਾ ਕਰਦਾ ਰਹੇਗਾ।

ਪੰਜਾਬ ਦੇ ਪਾਣੀਆਂ ਦੀ ਗੱਲ ਕਰਦਿਆਂ ਬਾਦਲ ਨੇ ਕਿਹਾ ਕਿ ਕਾਂਗਰਸ ਨੇ ਸੂਬੇ ਨਾਲ ਹਮੇਸ਼ਾ ਧੱਕਾ ਹੋਇਆ ਹੈ ਤੇ ਪੰਜਾਬ ਦੇ ਪਾਣੀਆਂ ਨੰ ਹੋਰਾਂ ਰਾਜਾਂ ਨੂੰ ਦਿੱਤਾ ਗਿਆ।ਉਹਨਾਂ ਇਹ ਵੀ ਦਾਅਵਾ ਕੀਤਾ ਕਿ ਐਸਵਾਈਐਲ ਦਾ ਨਿਰਮਾਣ ਰੋਕਣ ਲਈ ਅਕਾਲੀ ਦਲ ਨੇ ਲੜਾਈ ਲੜੀ ਹੈ।
ਆਪ ਤੇ ਵਰਦਿਆਂ ਉਹਨਾਂ ਕਿਹਾ ਕਿ ਇਸ ਦਾ ਕੰਟਰੋਲ ਦਿੱਲੀ ਤੋਂ ਚੱਲਦਾ ਹੈ ਤੇ ਇਸ ਤੋਂ ਇਲਾਵਾ ਕਾਂਗਰਸ ਤੇ ਭਾਜਪਾ ਵੀ ਇਹ ਜਿਹੀਆਂ ਹੀ ਪਾਰਟੀਆਂ ਹਨ ਪਰ ਸਿਰਫ ਸ਼੍ਰੋਮਣੀ ਅਕਾਲੀ ਦਲ ਹੀ ਪੰਜਾਬੀਆਂ ਦੀ ਆਪਣੀ ਪਾਰਟੀ ਹੈ ।

ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਵਿਚ ਜਦੋਂ-ਜਦੋਂ ਤੇ ਜਿੰਨਾ ਵੀ ਵਿਕਾਸ ਹੋਇਆ ਸ. ਪ੍ਰਕਾਸ਼ ਸਿੰਘ ਬਾਦਲ ਦੇ ਰਾਜ ਵਿਚ ਹੀ ਹੋਇਆ ਹੈ। ਜਿੰਨੇ ਏਅਰਪੋਰਟ,ਡੈਮ,ਨਹਿਰਾਂ ਤੇ ਥਰਮਲ ਪਲਾਂਟ ਬਣੇ ਆ,ਇਹ ਸਾਰੇ ਸ. ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਵੇਲੇ ਬਣੇ ਆ। ਉਨ੍ਹਾਂ ਕਿਹਾ ਕਿ ਹੁਣ ਦੇ ਸਮੇਂ ਵਿਚ ਪਾਰਟੀ ਦਾ ਝੂਠਾ ਪ੍ਰਚਾਰ ਕਰ ਕੇ ਇਸ ਸਮੇਂ ਪਾਰਟੀ ਨੂੰ ਬਦਨਾਮ ਕੀਤਾ ਗਿਆ ਹੈ,ਜਿਸ ਕਾਰਨ ਪਾਰਟੀ ਨੂੰ ਹਾਰ ਮਿਲੀ ਹੈ ।

ਸੁਖਬੀਰ ਸਿੰਘ ਬਾਦਲ,ਸ਼੍ਰੋਮਣੀ ਅਕਾਲੀ ਦਲ ਪ੍ਰਧਾਨ

ਬਾਦਲ ਨੇ ਇਹ ਵੀ ਦਾਅਵਾ ਕੀਤਾ ਕਿ ਇਸ ਵੇਲੇ ਸਭ ਤੋਂ ਵਧੀਆ ਵਰਕਰ ਸ਼੍ਰੋਮਣੀ ਅਕਾਲੀ ਦਲ ਕੋਲ ਹਨ ਪਰ ਇਹਨਾਂ ਨੰ ਹੋਰ ਤਾਕਤ ਦੇਣ ਲਈ ਇਹਨਾਂ ਨੂੰ ਮੁੜ ਸੰਗਠਿਤ ਕਰਨਾ ਪੈਣਾ ਹੈ।ਇਸ ਲਈ ਪਾਰਟੀ ਨੇ ਕਈ ਵਾਰ ਵਿਚਾਰ ਵੰਟਾਦਰੇ ਕਰਨ ਮਗਰੋਂ ਪਾਰਟੀ ਵਿੱਚ ਬਦਲਾਅ ਲਈ ਕੁੱਝ ਫੈਸਲੇ ਲਏ ਹਨ।

ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅਨੁਸ਼ਾਸਨ ਤੋਂ ਬਗੈਰ ਕੋਈ ਵੀ ਪਾਰਟੀ ਨਹੀਂ ਚੱਲਦੀ। ਪਾਰਟੀ ਦੇ ਅਨੁਸ਼ਾਸਨ ਲਈ ਮਲੂਕਾ ਜੀ ਦੀ ਅਗਵਾਈ ਵਿਚ ਡਿਸਪਲੇਨਰੀ ਬੋਰਡ ਬਣਾਇਆ ਗਿਆ ਹੈ। ਕਿਸੇ ਵੀ ਵਰਕਰ ਨੂੰ ਜੇਕਰ ਕੋਈ ਦਿੱਕਤ ਹੈ ਤਾਂ ਮੀਡੀਆ ਕੋਲ ਜਾਣ ਦੀ ਬਜਾਏ ਪਾਰਟੀ ਨਾਲ ਸੰਪਰਕ ਕੀਤਾ ਜਾਵੇ।

ਇਸ ਤੋਂ ਇਲਾਵਾ ਪਾਰਟੀ ਦਾ ਇੱਕ ਜਾਂਚ ਬੋਰਡ ਬਣਾਇਆ ਜਾਵੇਗਾ,ਜੋ ਹਰ ਹਲਕੇ ਲਈ ਸਭ ਤੋਂ ਢੁਕਵੇਂ ਉਮੀਦਵਾਰ ਨੂੰ ਚੁਣ ਕੇ ਉਸ ਦਾ ਨਾਮ ਅੱਗੇ ਭੇਜੇਗਾ।

ਪਾਰਟੀ ਵਿੱਚ ਇੱਕ ਪਰਿਵਾਰ,ਇੱਕ ਟਿਕਟ ਨਿਯਮ ਲਾਗੂ ਕੀਤਾ ਜਾਵੇਗਾ।

ਭਾਈਭਤੀਜਾ ਵਾਦ ਨੂੰ ਕਿਸੇ ਵੀ ਚੋਣ ਵਿੱਚ ਮਹੱਤਵ ਨਹੀਂ ਦਿੱਤਾ ਜਾਵੇਗਾ।

ਸਾਬਤ ਸੂਰਤ ਸਿੱਖਾਂ ਨੂੰ ਪਾਰਟੀ ਵਿੱਚ ਮਹੱਤਵ ਦਿੱਤਾ ਜਾਵੇਗਾ।

ਬੀਸੀ ਭਾਈਚਾਰੇ ਨੂੰ ਅੱਗੇ ਲਿਆਂਦਾ ਜਾਵੇਗਾ।

ਜਿਲ੍ਹਾ ਪ੍ਰਧਾਨ ਚੋਣਾਂ ਨਹੀਂ ਲੜੇਗਾ,ਜੇ ਲੜਨਾ ਹੈ ਤਾਂ ਅਸਤੀਫਾ ਦੇਵੇਗਾ।

ਪੰਜਾਬ ਦੀਆਂ 117 ਸੀਟਾਂ ਵਿਚੋਂ 50 ਫੀਸਦੀ ਸੀਟਾਂ 50 ਸਾਲ ਤੋਂ ਘੱਟ ਉਮਰ ਦੇ ਨੌਜਵਾਨਾਂ ਤੇ ਬੀਬੀਆਂ ਲਈ ਰਾਖਵੀਆਂ ਹੋਣਗੀਆਂ।

ਕੌਰ ਕਮੇਟੀ ਵਿੱਚ ਨੌਜਵਾਨਾਂ ਤੇ ਔਰਤਾਂ ਨੂੰ ਪਹਿਲ ਦਿੱਤੀ ਜਾਵੇਗੀ।

ਯੂਥ ਅਕਾਲੀ ਦਲ ਦੇ ਮੈਂਬਰ ਸਿਰਫ 35 ਸਾਲ ਤੋਂ ਥੱਲੇ ਵਾਲਾ ਹੀ ਬਣੇਗਾ।

ਅਕਾਲੀ ਦਲ ਦੀਆਂ ਵਿਦਿਆਰਥੀ ਜਥੇਬੰਦੀਆਂ ਨੂੰ ਸੁਰਜੀਤ ਕੀਤਾ ਜਾਵੇਗਾ ਤੇ ਇਸ ਵਿੱਚ ਸਿਰਫ ਵਿਦਿਆਰਥੀ ਹੀ ਹੋਣਗੇ।

117 ਚੋਣ ਹਲਕਿਆਂ ਵਿੱਚ ਹਰੇਕ ਵਿੱਚ ਚੋਣ ਆਬਜ਼ਰਵਰ ਦੀ ਨਿਯੁਕਤੀ ਹੋਵੇਗੀ।

ਪਾਰਟੀ ਦਾ ਸਲਾਹਕਾਰ ਬੋਰਡ ਬਣਾਇਆ ਜਾਵੇਗਾ,ਜਿਸ ਦਾ ਐਲਾਨ ਜਲਦੀ ਹੋਵੇਗਾ।

ਸੁਖਬੀਰ ਸਿੰਘ ਬਾਦਲ, ਪ੍ਰਧਾਨ ਸ਼੍ਰੋਮਣੀ ਅਕਾਲੀ ਦਲ

ਸੁਖਬੀਰ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਇਕ ਪੰਥਕ ਪਾਰਟੀ ਹੈ ਤੇ ਇਹ ਕਿਸੇ ਦੀ ਜਾਇਦਾਦ ਨਹੀਂ ਹੈ। ਇਹ ਪਾਰਟੀ ਲੋਕਾਂ ਦੀ ਤੇ ਪੰਥ ਦੀ ਹੈ। ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਜਿਹੜਾ ਵੀ ਹੋਵੇਗਾ ਉਹ ਵੱਧ ਤੋਂ ਵੱਧ ਦੋ ਵਾਰ ਲਗਾਤਾਰ ਚੋਣ ਲੜ ਸਕਦਾ ਹੈ ਤਾਂ ਜੋ ਹੋਰਾਂ ਨੂੰ ਵੀ ਮੌਕਾ ਮਿਲ ਸਕੇ।

ਸੁਖਬੀਰ ਸਿੰਘ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਵਿਚ ਕੀਤੇ ਜਾਣ ਵਾਲੇ ਨਵੇਂ ਬਦਲਾਅ ਬਾਰੇ ਮੀਡੀਆ ਨੂੰ ਦੱਸਿਆ ਤੇ ਉਨ੍ਹਾਂ ਨੇ ਪਾਰਟੀ ਵਿਚ ਵਰਕਰਾਂ ਨੂੰ ਵੀ ਹਦਾਇਤਾਂ ਦਿੱਤੀਆਂ ਕਿ ਜੇਕਰ ਕਿਸੇ ਵਰਕਰ ਜਾਂ ਆਗੂ ਨੂੰ ਕਿਸੇ ਕਿਸਮ ਦੀ ਕੋਈ ਦਿੱਕਤ ਹੈ ਤਾਂ ਉਹ ਪਾਰਟੀ ਪ੍ਰਧਾਨ ਨੂੰ ਮਿਲੇ।

ਸੁਖਬੀਰ ਬਾਦਲ ਨੇ ਐਲਾਨ ਕੀਤਾ ਸੀ ਕਿ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਜਿਹੜਾ ਵੀ ਹੋਵੇਗਾ ਉਹ ਵੱਧ ਤੋਂ ਵੱਧ ਦੋ ਵਾਰ ਲਗਾਤਾਰ ਚੋਣ ਲੜ ਸਕਦਾ ਹੈ ਤਾਂ ਜੋ ਹੋਰਾਂ ਨੂੰ ਵੀ ਮੌਕਾ ਮਿਲ ਸਕੇ ਪਰ ਇਸ ਸਬੰਧ ਵਿੱਚ ਸੁਖਬੀਰ ਸਿੰਘ ਬਾਦਲ ਨੂੰ ਸਵਾਲ ਕੀਤਾ ਗਿਆ ਕਿ ਕੀ ਉਹ ਹੁਣ ਅੱਗੇ ਚੋਣਾਂ ਲੜਨਗੇ ਤਾਂ ਉਹਨਾਂ ਗੱਲ ਹਾਸੇ ਵਿੱਚ ਪਾ ਦਿੱਤੀ ਤੇ ਸਵਾਲ ਨੂੰ ਵਿੱਚੇ ਛੱਡ ਕੇ ਤੁਰਦੇ ਬਣੇ।