‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਬੰਦੀ ਸਿੰਘਾਂ ਦੀ ਰਿਹਾਈ ਲਈ ਸੱਦੇ ਗਏ ਇਕੱਠ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਚਾਰ ਅਹਿਮ ਮਤੇ ਪਾਸ ਕੀਤੇ ਹਨ। ਅਸੀਂ ਪਹਿਲਾਂ ਸ਼੍ਰੋਮਣੀ ਕਮੇਟੀ ਵੱਲੋਂ ਤਿਆਰ ਕੀਤੇ ਗਏ ਮਤਿਆਂ ਬਾਰੇ ਜਾਣਦੇ ਹਾਂ।

ਪਾਸ ਕੀਤੇ ਗਏ ਅਹਿਮ ਮਤੇ

  • ਸ਼੍ਰੋਮਣੀ ਕਮੇਟੀ ਇਸ ਮਸਲੇ ਉੱਤੇ ਆਉਣ ਵਾਲੇ ਦਿਨਾਂ ਵਿੱਚ ਸਮੁੱਚੇ ਤੌਰ ਉੱਤੇ ਰਿਟਾਇਰਡ ਸਿੱਖ ਜੱਜਾਂ, ਸਿੱਖ ਬੁੱਧੀਜੀਵੀ ਤੇ ਸਿੱਖ ਵਿਦਵਾਨ ਵਕੀਲਾਂ ਦੀ ਇੱਕ ਇਕੱਤਰਤਾ ਸੱਦੀ ਜਾਵੇਗੀ। ਉਨ੍ਹਾਂ ਕੋਲੋ ਰਾਇ ਲਈ ਜਾਵੇਗੀ ਕਿ ਅਸੀਂ ਇਸ ਮਾਮਲੇ ਵਿੱਚ ਹੋਰ ਕੀ ਕੰਮ ਕਰ ਸਕਦੇ ਹਾਂ।
  • 12 ਸਤੰਬਰ ਨੂੰ ਹਰੇਕ ਜ਼ਿਲ੍ਹਾ ਹੈਡਕੁਆਰਟਰ ਉੱਤੇ ਕਾਲੇ ਚੋਲੇ ਪਾ ਕੇ ਧਰਨੇ ਦਿੱਤੇ ਜਾਣਗੇ। ਸ਼੍ਰੋਮਣੀ ਕਮੇਟੀ ਦੇ ਸਾਰੇ ਮੈਂਬਰਾਂ, ਸਾਰਾ ਪ੍ਰਬੰਧ ਅਤੇ ਪੰਥ ਦਰਦੀਆਂ ਅਤੇ ਪੰਜਾਬ ਦੇ ਸਾਰੇ ਲੋਕਾਂ ਨੂੰ ਬੇਨਤੀ ਕੀਤੀ ਗਈ ਹੈ ਕਿ ਉਹ ਸਾਰੇ ਇਸ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ।
  • ਸ਼੍ਰੋਮਣੀ ਕਮੇਟੀ ਇੱਕ ਜਨਤਕ ਲਹਿਰ ਦੀ ਸ਼ੁਰੂਆਤ ਕਰਨ ਜਾ ਰਹੀ ਹੈ, ਜਿਸ ਵਿੱਚ ਪਿੰਡਾਂ ਅਤੇ ਸ਼ਹਿਰਾਂ ਦੇ ਸਾਰੇ ਇਤਿਹਾਸਕ ਸਥਾਨਾਂ ਉੱਤੇ ਲੋਕਾਂ ਤੋਂ ਸਹਿਯੋਗ ਮੰਗਿਆ ਜਾਵੇਗਾ। ਉਸਦਾ ਇੱਕ ਪ੍ਰਫੋਰਮਾ ਹੋਵੇਗਾ, ਜਿਸ ਵਿੱਚ ਵਿਅਕਤੀ ਆਪਣਾ ਨਾਂ, ਪਤਾ ਅਤੇ ਮੋਬਾਈਲ ਨੰਬਰ ਲਿਖ ਕੇ ਦੇਵੇਗਾ। ਉਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੇ ਸਾਰੇ ਮੈਂਬਰ ਇਕੱਠੇ ਹੋ ਕੇ ਪੰਜਾਬ ਦੀ ਬਰੂਹ ਉੱਤੇ ਬੈਠ ਕੇ ਧਰਨਾ ਦੇਣਗੇ ਅਤੇ ਰਾਜਪਾਲ ਨੂੰ ਮੈਮੋਰੰਡਮ ਦਿੱਤਾ ਜਾਵੇਗਾ।
  • ਧਾਮੀ ਨੇ ਕਿਹਾ ਕਿ ਸੁਪਰੀਮ ਕੋਰਟ ਵਿੱਚ ਇਕ ਨਵੀਂ ਪਟੀਸ਼ਨ ਦਾਇਰ ਹੋਈ ਹੈ ਕਿ ਸੂਬਿਆਂ ਮੁਤਾਬਕ ਮਿਨਿਓਰਿਟੀ ਕਮਿਊਨਿਟੀ ਦਾ ਸਟੇਟਸ ਗਿਣਿਆ ਜਾਵੇ। ਸ਼੍ਰੋਮਣੀ ਕਮੇਟੀ ਚਾਰ ਸੂਬਿਆਂ ਵਿੱਚ ਸਿੱਖਾਂ ਦੀ ਨੁਮਾਇੰਦਗੀ ਕਰਦੀ ਹੈ : ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ। ਧਾਮੀ ਨੇ ਕਿਹਾ ਕਿ ਅਸੀਂ ਸੈਂਟਰ ਤੋਂ ਮੰਗ ਕੀਤੀ ਹੈ ਕਿ ਜੇ ਘੱਟ ਗਿਣਤੀ ਦੇ ਹਿੱਤ ਸੁਰੱਖਿਅਤ ਨਾ ਰਹੇ ਤਾਂ ਫਿਰ ਇਹ ਮੁਲਕ ਦੀ ਸੁਰੱਖਿਆ ਲਈ ਬੜਾ ਵੱਡਾ ਖ਼ਤਰਾ ਪੈਦਾ ਹੋ ਜਾਵੇਗਾ। ਇਸਦੇ ਕਾਨੂੰਨੀ ਪੱਖ ਉੱਤੇ ਅਸੀਂ ਵਿਚਾਰ ਕਰ ਰਹੇ ਹਾਂ।

ਧਾਮੀ ਨੇ 11 ਮੈਂਬਰੀ ਕਮੇਟੀ ਬਾਰੇ ਬੋਲਦਿਆਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਦਿੱਤੇ ਨਿਰਦੇਸ਼ ਉੱਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਯਤਨ ਕਰਨ ਵਾਸਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਿਹਾ ਗਿਆ ਸੀ। ਉਸ ਦੇ ਸੰਦਰਭ ਵਿੱਚ ਹੀ ਇੱਕ ਮੀਟਿੰਗ ਵੀ ਸੱਦੀ ਗਈ ਸੀ ਅਤੇ ਇੱਕ ਕਮੇਟੀ ਵੀ ਬਣਾਈ ਗਈ ਸੀ ਜੋ ਕਿ ਕੁਝ ਕਾਰਨਾਂ ਕਰਕੇ ਸਹੀ ਚੱਲ ਨਹੀਂ ਸਕੀ। ਕਮੇਟੀ ਨੂੰ ਡੈੱਡਲਾਕ ਲੱਗਣ ਕਰਕੇ ਸ਼੍ਰੋਮਣੀ ਕਮੇਟੀ ਨੂੰ ਨਵਾਂ ਰਾਹ ਅਖਤਿਆਰ ਕਰਨਾ ਪਿਆ। ਇਸਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਦਾਅਵਾ ਕੀਤਾ ਕਿ 11 ਮੈਂਬਰੀ ਕਮੇਟੀ ਹਾਲੇ ਵੀ ਕੰਮ ਕਰ ਰਹੀ ਹੈ, ਜੋ ਛੱਡ ਕੇ ਚਲੇ ਗਏ ਹਨ, ਉਸਦਾ ਕੁਝ ਨਹੀਂ ਕਰ ਸਕਦੇ ਪਰ ਜੋ ਨਾਲ ਹਨ, ਉਹ ਸਾਥ ਦੇ ਰਹੇ ਹਨ।

ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ 20 ਮਈ 2022 ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਬੰਦੀ ਸਿੰਘਾਂ ਦੀ ਰਿਹਾਈ ਲਈ ਚਿੱਠੀ ਲਿਖੀ ਸੀ ਪਰ ਹਾਲੇ ਤੱਕ ਉਨ੍ਹਾਂ ਨੂੰ ਦੋ ਤਿੰਨ ਰਿਮਾਈਂਡਰ ਦੇਣ ਦੇ ਬਾਵਜੂਦ ਵੀ ਮੁਲਾਕਾਤ ਦੇ ਲਈ ਸਮਾਂ ਨਹੀਂ ਮਿਲਿਆ। ਉਸ ਤੋਂ ਬਾਅਦ 24 ਮਈ ਨੂੰ ਗ੍ਰਹਿ ਮੰਤਰੀ ਨੂੰ ਵੀ ਚਿੱਠੀ ਲਿਖੀ ਗਈ ਪਰ ਉੱਧਰੋਂ ਵੀ ਨਿਰਾਸ਼ਾ ਹੀ ਪੱਲੇ ਪਈ।

ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਲਿਸਟ ਨਾ ਪਹੁੰਚਣ ਵਾਲੇ ਬਿਆਨ ਦੀ ਨਿੰਦਾ ਕਰਦਿਆਂ ਧਾਮੀ ਨੇ ਕਿਹਾ ਕਿ ਅਸੀਂ ਪਹਿਲੇ ਦਿਨ ਤੋਂ ਜਦੋਂ ਤੋਂ ਬੰਦੀ ਸਿੰਘਾਂ ਦਾ ਮਸਲਾ ਚੁੱਕਿਆ, ਉਦੋਂ ਤੋਂ ਹੀ 22 ਬੰਦਿਆਂ ਦੀ ਲਿਸਟ ਜਾਰੀ ਕੀਤੀ ਸੀ, ਜਿਸ ਦੇ ਵਿੱਚ ਨੌਂ ਜਣੇ 18 ਸਾਲ ਤੋਂ 30 ਸਾਲ ਤੱਕ ਦੇ ਸਨ। ਬਾਕੀ ਉਨ੍ਹਾਂ ਵਿੱਚ ਕੋਈ 9 ਤੇ ਕੋਈ 13 ਸਾਲ ਦਾ ਸੀ।

ਧਾਮੀ ਨੇ ਗੁਜਰਾਤ ਵਿੱਚ ਬਿਲਕਿਸ ਬਾਨੋ ਬਲਾਤਕਾਰ ਮਾਮਲੇ ਵਿੱਚ ਦੋਸ਼ੀਆਂ ਦੀ ਰਿਹਾਈ ਦੀ ਨਿੰਦਾ ਵੀ ਕੀਤੀ। ਧਰਮ ਪਰਿਵਰਤਨ ਮਸਲੇ ਉੱਤੇ ਬੋਲਦਿਆਂ ਧਾਮੀ ਨੇ ਕਿਹਾ ਕਿ ਸਾਡੇ ਪ੍ਰਚਾਰਕ ਵਧੀਆ ਕੰਮ ਕਰ ਰਹੇ ਹਨ। ਸਾਡੀ ਬਦਕਿਸਮਤੀ ਹੈ ਕਿ ਗੱਲ ਥੋੜੀ ਹੁੰਦੀ ਹੈ ਪਰ ਉਸਨੂੰ ਉਭਾਰਿਆ (Highlight) ਜ਼ਿਆਦਾ ਜਾਂਦਾ ਹੈ। ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ ਅੰਮ੍ਰਿਤਸਰ ਵਿੱਚ ਦਫ਼ਤਰ ਖੋਲ੍ਹੇ ਜਾਣ ਉੱਤੇ ਉਨ੍ਹਾਂ ਨੇ ਕਿਹਾ ਕਿ ਉਹ ਸਿਆਸੀ ਰੋਟੀਆਂ ਸੇਕ ਰਹੇ ਹਨ। ਅਸੀਂ ਆਪਣਾ ਕੰਮ ਕਰ ਰਹੇ ਹਾਂ, ਫੋਟੋ ਲਾ ਕੇ ਕਿਸੇ ਹੋਰ ਨੂੰ ਕੰਮ ਕਰਕੇ ਦਿਖਾਉਣਾ ਸਹੀ ਨਹੀਂ।