Murugha Math : ਨਾਬਾਲਗ ਲੜਕੀਆਂ ਦਾ ਜਿਨਸੀ ਸ਼ੋਸ਼ਣ ਕਰਨ ਦੇ ਦੋਸ਼ ‘ਚ ਗ੍ਰਿਫਤਾਰ ਕੀਤੇ ਗਏ ਸ਼ਿਵਮੂਰਤੀ ਮੁਰੂਘਾ ਸ਼ਰਨਾਰੂ (Shivamurthy Murugha Sharanaru) ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਸ਼ਿਵਮੂਰਤੀ ਮੁਰਗ ਸ਼ਰਨਾਰੂ ਨੂੰ ਛਾਤੀ ਵਿੱਚ ਦਰਦ ਅਤੇ ਸਾਹ ਲੈਣ ਵਿੱਚ ਤਕਲੀਫ਼ ਦੀ ਸ਼ਿਕਾਇਤ ਤੋਂ ਬਾਅਦ ਕਰਨਾਟਕ ਦੇ ਚਿਤਰਦੁਰਗਾ ਜ਼ਿਲ੍ਹੇ ਦੇ ਇੱਕ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਦੱਸ ਦੇਈਏ ਕਿ ਹਾਈ ਸਕੂਲ ਦੀਆਂ ਵਿਦਿਆਰਥਣਾਂ ਦਾ ਜਿਨਸੀ ਸ਼ੋਸ਼ਣ ਕਰਨ ਦੇ ਦੋਸ਼ ‘ਚ ਮੁਰੂਘਾ ਮੱਠ ਦੇ ਮੁੱਖ ਪੁਜਾਰੀ ਸ਼ਿਵਮੂਰਤੀ ਮੁਰੂਘਾ ਸ਼ਰਨਾਰੂ ਨੂੰ ਗ੍ਰਿਫ਼ਤਾਰ ਕਰਕੇ 14 ਦਿਨਾਂ ਦੀ ਨਿਆਂਇਕ ਹਿਰਾਸਤ ‘ਚ ਭੇਜ ਦਿੱਤਾ ਗਿਆ ਪਰ ਉਥੇ ਉਸ ਨੂੰ ਸਿਹਤ ਸਬੰਧੀ ਕਥਿਤ ਮੁਸ਼ਕਲਾਂ ਤੋਂ ਬਾਅਦ ਹਸਪਤਾਲ ’ਚ ਭਰਤੀ ਕਰਵਾ ਦਿੱਤਾ ਗਿਆ ਹੈ।
ਜਾਣਕਾਰੀ ਮੁਤਾਬਕ ਵੀਰਵਾਰ ਰਾਤ ਸ਼ਿਵਮੂਰਤੀ ਮੁਰਗ ਸ਼ਰਨਾਰੂ ਦੀ ਗ੍ਰਿਫਤਾਰੀ ਤੋਂ ਬਾਅਦ ਉਸ ਨੇ ਛਾਤੀ ‘ਚ ਦਰਦ ਹੋਣ ਦੀ ਗੱਲ ਕਹੀ ਅਤੇ ਇਹ ਵੀ ਕਿਹਾ ਕਿ ਉਸ ਨੂੰ ਸਾਹ ਲੈਣ ‘ਚ ਤਕਲੀਫ ਹੋ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਸ਼ਿਵਮੂਰਤੀ ਮੁਰਗ ਸ਼ਰਨਾਰੂ ਐਮਰਜੈਂਸੀ ਵਾਰਡ ਵਿੱਚ ਹਨ ਅਤੇ ਡਾਕਟਰਾਂ ਦੀ ਟੀਮ ਈਕੋ ਟੈਸਟ ਅਤੇ ਛਾਤੀ ਦਾ ਸਕੈਨ ਕਰਨ ਲਈ ਉਸ ਦਾ ਈਸੀਜੀ ਕਰਨ ਵਿੱਚ ਰੁੱਝੀ ਹੋਈ ਹੈ।

ਜ਼ਿਕਰਯੋਗ ਹੈ ਕਿ ਪੁਲੀਸ ਨੇ ਪੁੱਛ-ਪੜਤਾਲ ਤੋਂ ਬਾਅਦ ਉਸ ਨੂੰ ਹਿਰਾਸਤ ‘ਚ ਲੈ ਲਿਆ। ਸੂਬੇ ਦੇ ਲਿੰਗਾਇਤ ਭਾਈਚਾਰੇ ਦੇ ਸਭ ਤੋਂ ਵੱਕਾਰੀ ਅਤੇ ਪ੍ਰਭਾਵਸ਼ਾਲੀ ਮੱਠਾਂ ਵਿੱਚੋਂ ਇੱਕ ਇਸ ਮੱਠ ਦੇ ਮੁਖੀ ਤੋਂ ਪੁਲੀਸ ਦੇ ਡਿਪਟੀ ਸੁਪਰਡੈਂਟ ਅਨਿਲ ਕੁਮਾਰ ਨੇ ਕਿਸੇ ਅਣਦੱਸੀ ਥਾਂ ‘ਤੇ ਪੁੱਛ ਪੜਤਾਲ ਕੀਤੀ। ਇਸ ਤੋਂ ਬਾਅਦ ਉਸ ਦਾ ਮੈਡੀਕਲ ਕਰਵਾਇਆ ਗਿਆ ਤੇ ਜੇਲ੍ਹ ਭੇਜ ਦਿੱਤਾ।

ਇਹ ਹੈ ਸਾਰਾ ਮਾਮਲਾ

ਸ਼ਿਵਮੂਰਤੀ ਮੁਰਗ ਸ਼ਰਨਾਰੂ ਨੂੰ ਨਾਬਾਲਗ ਲੜਕੀਆਂ ਦਾ ਜਿਨਸੀ ਸ਼ੋਸ਼ਣ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। ਪੁਜਾਰੀ ਖ਼ਿਲਾਫ਼ ਪੋਕਸੋ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ। ਦਰਜ ਕਰਵਾਈ ਗਈ ਐਫਆਈਆਰ ਮੁਤਾਬਕ ਸ਼ਿਵਮੂਰਤੀ ਮੁਰਗ ਸ਼ਰਨਾਰੂ ਨੇ ਦੋ ਸਾਲ ਤੋਂ ਵੱਧ ਸਮੇਂ ਤੱਕ ਨਾਬਾਲਗ ਲੜਕੀਆਂ ਦਾ ਜਿਨਸੀ ਸ਼ੋਸ਼ਣ ਕੀਤਾ।
ਸ਼ਿਵਮੂਰਤੀ ਮੁਰਗ ਸ਼ਰਨਾਰੂ ਦੀ ਗ੍ਰਿਫਤਾਰੀ ਮੈਸੂਰ ਅਤੇ ਚਿਤਰਦੁਰਗਾ ਵਿੱਚ ਸਮਾਜਿਕ ਸੰਗਠਨਾਂ ਦੇ ਵੱਡੇ ਵਿਰੋਧ ਤੋਂ ਬਾਅਦ ਹੋਈ ਹੈ। ਸ਼ਿਵਮੂਰਤੀ ਮੁਰਗ ਨੂੰ ਮੈਜਿਸਟ੍ਰੇਟ ਦੀ ਅਦਾਲਤ ‘ਚ ਪੇਸ਼ ਕੀਤਾ ਗਿਆ ਜਿੱਥੋਂ ਉਸ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ‘ਚ ਭੇਜ ਦਿੱਤਾ ਗਿਆ।