Punjab

ਚੋਣ ਕਮਿਸ਼ਨ ਤੋਂ ਨਰਾਜ਼ ਹੋਇਆ ਸ਼੍ਰੋਮਣੀ ਅਕਾਲੀ ਦਲ !

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਬੰਦੀ ਸਿੰਘਾਂ ਦੀ ਰਿਹਾਈ ਦੇ ਮੁੱਦੇ ‘ਤੇ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਭੈਣ ਬੀਬਾ ਕਮਲਦੀਪ ਕੌਰ ਵੱਲੋਂ ਲੋਕ ਸਭਾ ਜ਼ਿਮਨੀ ਚੋਣ ਲਈ ਪ੍ਰਚਾਰ ਵਾਸਤੇ ਬਣਾਏ ਪੋਸਟਰ ‘ਤੇ ਚੋਣ ਕਮਿਸ਼ਨ ਵੱਲੋਂ ਇਤਰਾਜ਼ ਜਤਾਏ ਜਾਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਡਾ.ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਚੋਣਾਂ ਲਈ ਇਲੈੱਕਸ਼ਨ ਮਟੀਰੀਅਲ ਸਬੰਧੀ ਲਿਖਤੀ ਬੇਨਤੀ ਚੀਫ਼ ਇਲੈੱਕਟੋਰਲ ਅਫ਼ਸਰ ਚੰਡੀਗੜ੍ਹ ਨੂੰ ਛੇ ਜੂਨ ਨੂੰ ਭੇਜੀ ਸੀ। ਚੀਮਾ ਨੇ ਕਿਹਾ ਕਿ ਅਸੀਂ ਆਪਣਾ ਚੋਣ ਮਟੀਰੀਅਲ ਸਭ ਦੀਆਂ ਭਾਵਨਾਵਾਂ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤਾ ਹੈ ਪਰ ਫਿਰ ਵੀ ਚੋਣ ਕਮਿਸ਼ਨ ਵੱਲੋਂ ਇਸ ਉੱਤੇ ਜੋ ਇਤਰਾਜ਼ ਚੁੱਕਿਆ ਹੈ, ਉਸ ਨਾਲ ਸਾਨੂੰ ਕਾਫ਼ੀ ਨਿਰਾਸ਼ਾ ਹੋਈ ਹੈ।

ਚੀਮਾ ਨੇ ਆਪਣੀ ਪਾਰਟੀ ਦੇ ਗੁਣਗਾਣ ਕਰਦਿਆਂ ਕਿਹਾ ਕਿ ਅਕਾਲੀ ਦਲ 101 ਸਾਲ ਪੁਰਾਣੀ ਪਾਰਟੀ ਹੈ ਜਿਸਦਾ ਦੇਸ਼ ਦੀ ਆਜ਼ਾਦੀ ਵਿੱਚ ਵੱਡਾ ਇਤਿਹਾਸਕ ਰੋਲ ਹੈ। ਅਕਾਲੀ ਦਲ ਨੇ ਸਭ ਤੋਂ ਵੱਧ ਗ੍ਰਿਫਤਾਰੀਆਂ ਦਿੱਤੀਆਂ ਹਨ। ਚੀਮਾ ਨੇ ਚੋਣ ਕਮਿਸ਼ਨ ਨੂੰ ਨਹੋਰਾ ਮਾਰਦਿਆਂ ਕਿਹਾ ਕਿ ਜੇ ਸਾਡੀ ਆਵਾਜ਼ ਨੂੰ ਦਬਾਇਆ ਜਾ ਰਿਹਾ ਹੈ ਤਾਂ ਆਜ਼ਾਦੀ ਕਿਵੇਂ ਸਥਾਪਿਤ ਹੋਵੇਗੀ, ਫਿਰ ਚੋਣਾਂ ਕਾਹਦੀਆਂ ਹੋਈਆਂ। ਚੀਮਾ ਨੇ ਕਮਿਸ਼ਨ ਨੂੰ ਆਪਣੇ ਇਤਰਾਜ਼ ਉੱਤੇ ਦੁਬਾਰਾ ਸੋਚਣ ਦੀ ਅਪੀਲ ਕੀਤੀ ਹੈ ਅਤੇ ਆਪਣੇ ਚੋਣ ਮਟੀਰੀਅਲ ਬਾਰੇ ਇਜ਼ਾਜਤ ਦਿਉਗੇ। ਚੀਮਾ ਨੇ ਕੇਂਦਰ ਸਰਕਾਰ ਨੂੰ ਭਾਈ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਨੂੰ ਮੁਆਫ਼ ਕਰਨ ਦੀ ਅਪੀਲ ਕੀਤੀ ਹੈ।

ਅਕਾਲੀ ਦਲ ਵੱਲੋਂ ਜਾਰੀ ਕੀਤੇ ਗਏ ਪੋਸਟਰ ਵਿੱਚ ਹਲਕਾ ਸੰਗਰੂਰ ਦੇ ਲੋਕਾਂ ਨੂੰ ਬੰਦੀ ਸਿੰਘਾਂ ਦੀ ਰਿਹਾਈ ਲਈ ਅਪੀਲ ਕੀਤੀ ਗਈ ਸੀ। ਪੋਸਟਰ ਵਿੱਚ ਲਿਖਿਆ ਗਿਆ ਹੈ ਕਿ 25 ਸਾਲ, 30 ਸਾਲ, 32 ਸਾਲ ਤੋਂ ਜੇਲ੍ਹ ਵਿੱਚ ਬੰਦ ਮੇਰੇ ਬੰਦੀ ਸਿੰਘਾਂ ਨੂੰ ਰਿਹਾਅ ਕਰਵਾਉ, ਮੇਰੇ ਵੀਰ ਜ਼ਿੰਦਾ ਸ਼ਹੀਦ ਭਾਈ ਰਾਜੋਆਣਾ ਦੇ ਗਲੇ ਵਿੱਚੋਂ ਫਾਂਸੀ ਦਾ ਫੰਦਾ ਲੁਹਾਉ। ਸ਼੍ਰੋਮਣੀ ਅਕਾਲੀ ਦਲ, ਬਸਪਾ ਅਤੇ ਸਮੂਹ ਪੰਥਕ ਜਥੇਬੰਦੀਆਂ ਵੱਲੋਂ ਹਲਕਾ ਸੰਗਰੂਰ ਤੋਂ ਸਾਂਝੇ ਉਮੀਦਵਾਰ ਭੈਣ ਕਮਲਦੀਪ ਕੌਰ ਰਾਜੋਆਣਾ ਨੂੰ ਆਪਣਾ ਕੀਮਤੀ ਵੋਟ ਪਾ ਕੇ ਕਾਮਯਾਬ ਕਰੋ।