‘ਦ ਖ਼ਾਲਸ ਬਿਊਰੋ (ਪੁਨੀਤ ਕੌਰ) : ਦੇਸ਼ ਦੀ ਸਰਬਉੱਚ ਅਦਾਲਤ ਸੁਪਰੀਮ ਕੋਰਟ ਦਾ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੱਕ ਵਿੱਚ ਫੈਸਲਾ ਆਉਣ ਤੋਂ ਬਾਅਦ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਖੁਸ਼ੀ ਦੀ ਲਹਿਰ ਹੈ। ਉੱਧਰ ਦੂਜੇ ਪਾਸੇ ਕਈ ਧਿਰਾਂ ਸੁਪਰੀਮ ਕੋਰਟ ਦੇ ਇਸ ਫੈਸਲੇ ਤੋਂ ਖੁਸ਼ ਨਹੀਂ ਹਨ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਦੀ ਮੀਟਿੰਗ ਸੱਦ ਲਈ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਕਾਨੂੰਨੀ ਟੀਮ ਦੇ ਨਾਲ ਅਗਲੇ ਐਕਸ਼ਨ ਲਈ ਗੱਲਬਾਤ ਕੀਤੀ ਜਾ ਰਹੀ ਹੈ। ਬਾਦਲ ਨੇ ਸਾਰੀ ਸਿੱਖ ਸੰਗਤ ਨੂੰ ਇਸ ਮਸਲੇ ਉੱਤੇ ਅੱਗੇ ਆਉਣ ਦੀ ਅਪੀਲ ਕੀਤੀ ਹੈ।

ਸੁਖਬੀਰ ਬਾਦਲ ਨੇ ਸੁਪਰੀਮ ਕੋਰਟ ਦੇ ਇਸ ਫੈਸਲੇ ਨਾਲ ਨਰਾਜ਼ਗੀ ਜ਼ਾਹਿਰ ਕਰਦਿਆਂ ਕਿਹਾ ਕਿ ਇਸ ਫੈਸਲੇ ਨਾਲ ਸਿੱਖ ਪੰਥ ਵਿੱਚ ਬਹੁਤ ਵੱਡਾ ਰੋਸ ਹੈ। ਉਹਨਾਂ ਨੇ ਇਸ ਫੈਸਲੇ ਨੂੰ ਸਿੱਖ ਕੌਮ ਦੇ ਨਾਲ ਵੱਡਾ ਧੱਕਾ ਕਰਾਰ ਦਿੱਤਾ ਹੈ। ਸੁਖਬੀਰ ਬਾਦਲ ਨੇ ਗੁਰੂ ਸਾਹਿਬ ਜੀ ਦੇ ਸਮੇਂ ਮਸੰਦਾਂ ਦਾ ਹਵਾਲਾ ਦਿੰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹੋਂਦ ਵਿੱਚ ਲਿਆਉਣ ਦਾ ਇਤਿਹਾਸ ਦੱਸਿਆ। ਸੁਖਬੀਰ ਬਾਦਲ ਨੇ ਪੰਜਾਬ ਸਰਕਾਰ ਵੱਲੋਂ ਸੁਪਰੀਮ ਕੋਰਟ ਵਿੱਚ SGPC ਖਿਲਾਫ਼ ਸਟੈਂਡ ਲੈਣ ਉੱਤੇ ਵੀ ਰੋਸ ਜ਼ਾਹਿਰ ਕਰਦਿਆਂ ਕਿਹਾ ਕਿ ਜੇ ਤੁਸੀਂ ਬਚਾਅ ਨਹੀਂ ਕਰਨਾ ਤਾਂ ਵਿਰੋਧ ਵੀ ਤਾਂ ਨਾ ਕਰੋ। ਬਾਦਲ ਨੇ ਮੁੱਖ ਮੰਤਰੀ ਮਾਨ ਉੱਤੇ ਸਿੱਖ ਕੌਮ ਦੀ ਪਿੱਠ ਉੱਤੇ ਛੁਰਾ ਮਾਰਨ ਦਾ ਬਿਆਨ ਦਿੱਤਾ।

 

ਸੁਖਬੀਰ ਬਾਦਲ ਨੇ ਕਿਹਾ ਕਿ ਅਦਾਲਤ ਵੱਲੋਂ ਪਾਰਲੀਮੈਂਟ ਐਕਟ ਨੂੰ ਤੋੜਨ ਉੱਤੇ ਮੈਨੂੰ ਬਹੁਤ ਹੈਰਾਨੀ ਹੋਈ ਹੈ। SGPC ਸਿੱਖ ਕੌਮ ਦੀ ਪਾਰਲੀਮੈਂਟ ਹੈ, ਜਿਸਨੂੰ ਤੋੜਨ ਦੀ ਲਗਾਤਾਰ ਕੋਸ਼ਿਸ਼ ਹੋ ਰਹੀ ਹੈ। ਬਾਦਲ ਨੇ ਕਿਹਾ ਕਿ ਇਹੋ ਜਿਹੀ ਸਾਜਿਸ਼ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਹੋਵੇਗੀ। ਬਾਦਲ ਨੇ ਕਿਹਾ ਕਿ 100 ਸਾਲ ਦੇ ਐਕਟ ਨੂੰ ਤੋੜਿਆ ਗਿਆ ਹੈ। ਅਦਾਲਤ ਦੇ ਇਸ ਫੈਸਲੇ ਦਾ ਹੁਣ ਇਹ ਮਤਲਬ ਹੈ ਕਿ ਸੂਬੇ ਜਿਹੜਾ ਮਰਜ਼ੀ ਫੈਸਲਾ ਕਰ ਸਕਦੇ ਹਨ।

ਸੁਖਬੀਰ ਬਾਦਲ ਨੇ HSGPC ਦੇ ਪ੍ਰਧਾਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਉੱਤੇ ਨਿਸ਼ਾਨਾ ਕਸਦਿਆਂ ਕਿਹਾ ਕਿ ਦਾਦੂਵਾਲ ਬੀਜੇਪੀ ਦੇ ਥੱਲੇ ਲੱਗਿਆ ਹੋਇਆ ਹੈ। ਦਾਦੂਵਾਲ ਨੂੰ ਸੁਖਬੀਰ ਬਾਦਲ ਨੇ ਏਜੰਸੀਆਂ ਦਾ ਬੰਦਾ / ਏਜੰਟ ਕਰਾਰ ਦਿੰਦਿਆਂ ਕਿਹਾ ਕਿ ਸਿੱਖ ਪੰਥ ਦੇ ਖਿਲਾਫ਼ ਦਾਦੂਵਾਲ ਨੇ ਸਭ ਤੋਂ ਵੱਡੀ ਸਾਜਿਸ਼ ਰਚੀ ਹੈ। ਇਹ ਸਿੱਖ ਕਮਿਊਨਿਟੀ ਦੀ ਪਾਰਟੀ ਨੂੰ ਵੰਡਣਾ ਚਾਹੁੰਦੇ ਹਨ।ਸੁਖਬੀਰ ਬਾਦਲ ਨੇ ਮੁੱਖ ਮੰਤਰੀ ਮਾਨ ਉੱਤੇ ਚੁਸਕੀ ਲੈਂਦਿਆਂ ਜਹਾਜ਼ ਵਾਲੀ ਘਟਨਾ ਦਾ ਜ਼ਿਕਰ ਕੀਤਾ। ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਮਾਨ ਨੇ ਪੰਜਾਬ ਦੀ ਬੇਇੱਜ਼ਤੀ ਕਰਵਾਈ ਹੈ। ਹਰ ਕੋਈ ਪੀਂਦਾ ਹੈ, ਇਸ ਉੱਤੇ ਮੈਂ ਕੋਈ ਟਿੱਪਣੀ ਨਹੀਂ ਕਰਾਂਗਾ ਪਰ ਕੋਈ ਸੰਵਿਧਾਨਿਕ ਪੋਸਟ ਉੱਤੇ ਹੋ ਕੇ ਇਹੋ ਜਿਹੀਆਂ ਹਰਕਤਾਂ ਕਰਦਾ ਹੈ, ਤਾਂ ਇਸ ਤੋਂ ਮਾੜੀ ਗੱਲ ਕੋਈ ਨਹੀਂ ਹੋ ਸਕਦੀ। ਮੇਰਾ ਪਹਿਲਾ ਰਿਐਕਸ਼ਨ ਹੀ ਸੀ ਕਿ ਇਹ ਨਹੀਂ ਹੋ ਸਕਦਾ। ਤਾਂ ਫਿਰ ਪਤਾ ਲਗਾਉਣ ਉੱਤੇ ਇਹ ਗੱਲ ਸੱਚ ਸਾਬਿਤ ਹੋਈ। ਸੁਖਬੀਰ ਬਾਦਲ ਨੇ ਮੁੱਖ ਮੰਤਰੀ ਮਾਨ ਦੇ ਸ਼ਰਾਬ ਪੀਣ ਦੇ ਹੋਰ ਵੀ ਕਈ ਕਿੱਸੇ ਸੁਣਾਏ।