Punjab

ਸ਼੍ਰੋਮਣੀ ਅਕਾਲੀ ਦਲ ਨੇ ਕੀਤੀ ਬੀਬੀ ਜਗੀਰ ਕੌਰ ‘ਤੇ ਕਾਰਵਾਈ, ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾਇਆ

Shiromani Akali Dal's action

ਚੰਡੀਗੜ : ਸ਼੍ਰੋਮਣੀ ਅਕਾਲੀ ਦਲ ਦੀ ਅਨੁਸ਼ਾਨਕ ਕਮੇਟੀ ਨੇ ਕੀਤੀ ਬੀਬੀ ਜਗੀਰ ਕੌਰ ‘ਤੇ ਕਾਰਵਾਈ ਕਰਦਿਆਂ ਵੱਡਾ ਫੈਸਲਾ ਲੈ ਲਿਆ ਹੈ। ਉਹਨਾਂ ਨੂੰ ਪਾਰਟੀ ਤੋਂ ਬਾਹਰ ਕਰ ਦਿੱਤਾ ਗਿਆ ਹੈ ਤੇ ਉਹਨਾਂ ਦੀ ਮੁੱਢਲੀ ਮੈਂਬਰਸ਼ਿਪ ਵੀ ਖ਼ਤਮ ਕਰ ਦਿੱਤੀ ਗਈ ਹੈ। ਇਥੋਂ ਤੱਕ ਕਿ ਅਕਾਲੀ ਦਲ ਵਰਕਰਾਂ ਨੂੰ ਵੀ ਨਿਰਦੇਸ਼ ਦਿਤੇ ਗਏ ਹਨ ਕਿ ਬੀਬੀ ਜਗੀਰ ਕੌਰ ਨਾਲ ਕੋਈ ਵੀ ਸੰਪਰਕ ਨਾ ਰਖਿਆ ਜਾਵੇ।

ਪਾਰਟੀ ਆਗੂ ਸਿਕੰਦਰ ਸਿੰਘ ਮਲੂਕਾ ਨੇ ਚੰਡੀਗੜ ਵਿੱਖੇ ਪਾਰਟੀ ਦੇ ਦਫਤਰ ਤੋਂ ਕੀਤੀ ਗਈ ਇੱਕ ਪ੍ਰੈਸ ਕਾਨਫਰੰਸ ਵਿੱਚ ਪਾਰਟੀ ਦੇ ਇਸ ਫੈਸਲੇ ਦਾ ਐਲਾਨ ਕੀਤਾ ਹੈ। ਉਹਨਾਂ ਕਿਹਾ ਕੀ ਬੀਬੀ ਜਗੀਰ ਕੌਰ ਨੂੰ ਅੱਜ 12 ਵਜੇ ਦਾ ਸਮਾਂ ਦਿੱਤਾ ਗਿਆ ਸੀ ,ਪਾਰਟੀ ਦਫਤਰ ਵਿੱਚ ਪੇਸ਼ ਹੋ ਕੇ ਆਪਣਾ ਪੱਖ ਰੱਖਣ ਲਈ ਪਰ ਉਹ ਨੀਯਤ ਸਮੇਂ ਤੇ ਨਹੀਂ ਪਹੁੰਚੇ।

ਉਹਨਾਂ ਨਾਲ ਸੰਪਰਕ ਵੀ ਕੀਤਾ ਗਿਆ ਪਰ ਉਹਨਾਂ ਨੇ ਕੋਈ ਗੱਲ ਨਹੀਂ ਕੀਤੀ। ਬਾਰ ਬਾਰ ਫੋਨ ਕਰਨ ਤੋਂ ਬਾਅਦ ਬੀਬੀ ਜਗੀਰ ਕੌਰ ਦੇ ਪੀਏ ਨੇ ਫੋਨ ਤੇ ਹੀ ਆਉਣ ਤੋਂ ਜਵਾਬ ਦੇ ਦਿੱਤਾ,ਜਿਸ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ।

ਸ਼੍ਰੋਮਣੀ ਅਕਾਲੀ ਦਲ ਦੀ ਅਨੁਸ਼ਾਨਕ ਕਮੇਟੀ ਨੇ ਇਸ ਤੋਂ ਪਹਿਲਾਂ ਵੀ ਬੀਬੀ ਜਗੀਰ ਕੌਰ ਨੂੰ ਪਾਰਟੀ ਦਫਤਰ ਵਿੱਚ ਹਾਜ਼ਰ ਹੋ ਕੇ ਆਪਣਾ ਪੱਖ ਰੱਖਣ ਲਈ ਵਾਰ ਵਾਰ ਸਮਾਂ ਦਿੱਤਾ ਸੀ ਪਰ ਬੀਬੀ ਜਗੀਰ ਕੌਰ ਨੇ ਤਿਖੇ ਤੇਵਰ ਦਿਖਾਉਂਦੇ ਹੋਏ ਹਰ ਵਾਰ ਮਨਾ ਕਰ ਦਿੱਤਾ।

ਕੱਲ ਹੋਈ ਪ੍ਰੈਸ ਕਾਨਫਰੰਸ ਵਿੱਚ ਬੀਬੀ ਨੇ ਮੀਡੀਆ ਦੇ ਸਾਹਮਣੇ ਆਪਣਾ ਚੋਣ ਮੈਨਿਫੈਸਟੋ ਪੇਸ਼ ਕੀਤਾ ਸੀ ਤੇ ਦਾਅਵਾ ਕੀਤਾ ਸੀ ਕਿ ਉਹਨਾਂ ਨੂੰ ਪਾਰਟੀ ਵਿੱਚੋਂ ਕੋਈ ਨੀ ਕੱਢ ਸਕਦਾ। ਉਹਨਾਂ ਸ਼੍ਰੋਮਣੀ ਅਕਾਲੀ ਦਲ ਤੋਂ ਬਗ਼ਾਵਤ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ 9 ਨਵੰਬਰ ਨੂੰ ਹੋਣ ਵਾਲੀ ਪ੍ਰਧਾਨਗੀ ਦੀ ਚੋਣ ਲੜਨ ਦਾ ਐਲਾਨ ਕਰ ਦਿੱਤਾ ਸੀ।

ਇਸੇ ਦੌਰਾਨ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਸੁਖਦੇਵ ਸਿੰਘ ਢੀਂਡਸਾ ਨੇ ਬੀਬੀ ਜਗੀਰ ਕੌਰ ਨੂੰ ਹਮਾਇਤ ਦੇਣ ਦਾ ਐਲਾਨ ਕਰ ਦਿੱਤਾ ਸੀ।

ਬੀਬੀ ਜਗੀਰ ਕੌਰ ਦੀਆਂ ਇਹਨਾਂ ਕਾਰਵਾਈਆਂ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੀ ਅਨੁਸ਼ਾਸਨਕ ਕਮੇਟੀ ਨੇ ਕਾਰਵਾਈ ਕਰਦਿਆਂ ਕਈ ਵਾਰ ਉਹਨਾਂ ਨੂੰ ਪਾਰਟੀ ਦੇ ਦਫਤਰ ਬੁਲਾਇਆ ਸੀ ਤੇ ਪੱਖ ਰੱਖਣ ਨੂੰ ਕਿਹਾ ਸੀ ਪਰ ਬੀਬੀ ਵਲੋਂ ਕੋਈ ਹੁੰਗਾਰਾ ਨਾ ਮਿਲਣ ਤੇ ਆਖਰਕਾਰ ਇਹ ਕਾਰਵਾਈ ਅਮਲ ਵਿੱਚ ਲਿਆਂਦੀ ਗਈ।